ਜੇਐੱਨਐੱਨ, ਨਵੀਂ ਦਿੱਲੀ : 1 June 2020 ਤੋਂ ਆਮ ਜਨਤਾ ਦੇ ਜੀਵਨ 'ਚ ਕਾਫ਼ੀ ਬਦਲਾਅ ਆਉਣ ਵਾਲੇ ਹਨ। ਇਹ ਬਦਲਾਅ ਰੇਲ, ਰਾਸ਼ਨ ਕਾਰਡ, ਹਵਾਈ ਯਾਤਰਾ, ਬੱਸ ਯਾਤਰਾ ਆਦਿ ਬਾਰੇ ਹਨ। ਰੋਜ਼ਮਰਾ ਦੇ ਜੀਵਨ ਨਾਲ ਜੁੜੀਆਂ ਚੀਜ਼ਾਂ ਦੇ ਭਾਅ ਵੀ ਬਦਲ ਸਕਦੇ ਹਨ। ਸਭ ਤੋਂ ਵੱਡਾ ਬਦਲਾਅ ਤਾਂ ਦੇਸ਼ਵਿਆਪੀ ਲਾਕਡਾਊਨ ਸਬੰਧੀ ਹੋਵੇਗਾ। ਮੌਜੂਦਾ ਲਾਕਡਾਊਨ 31 ਮਈ ਨੂੰ ਖ਼ਤਮ ਹੋ ਰਿਹਾ ਹੈ। ਇਸ ਤੋਂ ਬਾਅਦ ਜੇਕਰ ਸਰਕਾਰ ਇਸ ਦੀ ਮਿਆਦ ਵਧਾਉਂਦੀ ਹੈ ਤਾਂ ਲਾਕਡਾਊਨ ਦਾ 5ਵਾਂ ਪੜਾਅ ਸ਼ੁਰੂ ਹੋ ਜਾਵੇਗਾ। 1 ਜੂਨ ਤੋਂ ਦੇਸ਼ ਵਿਚ ਜਨਤਕ ਆਵਾਜਾਈ ਵੀ ਕਾਫ਼ੀ ਹੱਦ ਤਕ ਸ਼ੁਰੂ ਹੋਣ ਜਾ ਰਹੀ ਹੈ। ਪੂਰੇ ਦੇਸ਼ ਵਿਚ ਸੌ ਟ੍ਰੇਨਾਂ ਵੀ ਸ਼ੁਰੂ ਹੋਣ ਵਾਲੀਆਂ ਹਨ। ਇਸ ਦੇ ਲਈ ਇਕ ਹਫ਼ਤਾ ਪਹਿਲਾਂ ਤੋਂ IRCTC ਦੀ ਵੈੱਬਸਾਈਟ 'ਤੇ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਸੀ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਖੇਤਰਾਂ 'ਚ ਵੀ ਪਹਿਲੀ ਤਾਰੀਕ ਤੋਂ ਨਿਯਮ ਬਦਲਣ ਵਾਲੇ ਹਨ। ਜਾਣੋ ਇਨ੍ਹਾਂ ਦਾ ਤੁਹਾਡੇ ਜੀਵਨ 'ਤੇ ਕੀ ਅਸਰ ਪਵੇਗਾ।

ਇਕ ਜੂਨ ਤੋਂ ਮਿਲ ਸਕੇਗਾ ਈ-ਸੰਜੀਵਨੀ ਓਪੀਡੀ ਦਾ ਲਾਭ

ਪੰਜਾਬ 'ਚ ਸਿਹਤ ਵਿਭਾਗ ਹੁਣ ਈ-ਸੰਜੀਵਨੀ ਯੋਜਨਾ ਨਾਲ ਹੁਣ ਬਿਮਾਰੀਆਂ ਤੋਂ ਇਲਾਵਾ ਜੱਚਾ-ਬੱਚਾ ਸਿਹਤ ਸੰਭਾਲ ਸੇਵਾਵਾਂ (ਐੱਮਸੀਐੱਚ) ਨੂੰ ਯਕੀਨੀ ਬਣਾਉਣ ਲਈ ਇਕ ਜੂਨ ਤੋਂ ਗਾਇਨਾਕੋਲੌਜਿਸਟ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਗਰਭਵਤੀ ਔਰਤਾਂ ਦੇ ਪ੍ਰਬੰਧਨ ਲਈ ਇਹ ਸੇਵਾਵਾਂ ਕਾਫੀ ਮਦਦਗਾਰ ਸਾਹਿਬ ਹੋਣਗੀਆਂ। ਇਹ ਗਾਇਨਾਕੋਲੌਜੀ ਸੇਵਾਵਾਂ ਮਾਹਿਰ ਡਾਕਟਰਾਂ ਵੱਲੋਂ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 8 ਵਜੇ ਸਵੇਰੇ ਸਾਢੇ 9 ਵਜੇ ਤਕ ਉਪਲਬਧ ਹੋਣਗੀਆਂ।

ਇਕ ਦੇਸ਼ ਇਕ ਰਾਸ਼ਨ ਕਾਰਡ ਦੀ ਸਹੂਲਤ

ਦੇਸ਼ 'ਚ ਕੋਰੋਨਾ ਸੰਕਟ ਦੌਰਾਨ 1 ਜੂਨ 2020 ਤੋਂ ਰਾਸ਼ਨ ਕਾਰਡ ਪੋਰਟੇਬਿਲਿਟੀ ਸੇਵਾ 'ਇਕ ਦੇਸ਼ ਇਕ ਰਾਸ਼ਨ ਕਾਰਡ' ਸ਼ੁਰੂ ਹੋ ਜਾਵੇਗਾ। 20 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਇਸ ਉਤਸ਼ਾਹੀ ਯੋਜਨਾ ਦੀ ਸ਼ੁਰੂਆਤ ਹੋਵੇਗੀ। ਕੋਰੋਨਾ ਕਾਰਨ ਪੈਦਾ ਹੋਏ ਇਸ ਮੁਸ਼ਕਲ ਦੌਰ 'ਚ ਦੇਸ਼ ਦੇ ਕਰੋੜਾਂ ਗਰੀਬਾਂ ਲਈ ਇਹ ਯੋਜਨਾ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ। ਰਾਸ਼ਨ ਕਾਰਡ ਲਈ ਦੇਸ਼ ਦਾ ਕੋਈ ਵੀ ਨਾਗਰਿਕ ਆਨਲਾਈਨ ਅਪਲਾਈ ਕਰ ਸਕਦਾ ਹੈ।

ਗੋਏਅਰ ਕਰੇਗੀ ਫਲਾਈਟਾਂ ਦੀ ਸ਼ੁਰੂਆਤ

ਏਅਰਲਾਈਨ ਗੋਏਅਰ 1 ਜੂਨ ਤੋਂ ਆਪਣੀਆਂ ਘਰੇਲੂ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੂੰ ਸਰਕਾਰੀ ਨਿਰਦੇਸ਼ਾਂ ਤੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਬੀਤੇ ਦਿਨੀਂ ਸਿਵਲ ਏਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ 25 ਮਈ ਤੋਂ ਦੇਸ਼ ਭਰ 'ਚ ਘਰੇਲੂ ਯਾਤਰੀ ਉਡਾਣਾਂ ਸ਼ੁਰੂ ਹੋ ਜਾਣਗੀਆਂ ਪਰ ਇਸ ਲਈ ਯਾਤਰੀਆਂ ਤੇ ਏਅਰਲਾਈਨਜ਼ ਸਾਰਿਆਂ ਨੂੰ ਖ਼ਾਸ ਨਿਯਮਾਂ ਦੀ ਪਾਲਣਾਂ ਕਰਨੀ ਪਵੇਗੀ।

1 ਜੂਨ ਤੋਂ 200 ਟਰੇਨਾਂ ਚੱਲਣਗੀਆਂ

ਰੇਲਵੇ ਨੂੰ 1 ਜੂਨ ਤੋਂ 200 ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ 100 ਟਰੇਨਾਂ ਹਨ ਪਰ ਆਉਣ-ਜਾਣ ਦੇ ਰੂਟ ਨੂੰ ਮਿਲਾ ਕੇ ਇਹ 200 ਹੋ ਜਾਣਗੀਆਂ। ਹਾਲ ਹੀ 'ਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ ਸੀ। ਇਨ੍ਹਾਂ ਟਰੇਨਾਂ ਦੀ ਬੁਕਿੰਗ ਵੀ ਐਲਾਨ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਗਈ ਸੀ। ਹਾਲਾਂਕਿ ਜ਼ਿਆਦਾਤਰ ਟਰੇਨਾਂ 'ਚ ਵੇਟਿੰਗ ਲਿਸਟ ਹੈ।

1 ਜੂਨ ਤੋਂ ਚੱਲਣਗੀਆਂ ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ

ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ 1 ਜੂਨ ਤੋਂ ਸ਼ੁਰੂ ਹੋ ਸਕਦੀਆਂ ਹਨ। ਬੱਸਾਂ 'ਚ ਬੈਠਣ ਤੋਂ ਪਹਿਲਾਂ ਯਾਤਰੀਆਂ ਦਾ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ। ਬੱਸ 'ਚ ਕੰਡਕਟਰ ਲਈ ਸੀਟ ਦੇ ਸਾਹਮਣੇ ਸੈਨੇਟਾਈਜ਼ਰ ਦੀ ਬੋਤਲ ਰੱਖਣੀ ਜ਼ਰੂਰੀ ਹੋਵੇਗੀ। ਹਾਲਾਂਕਿ, ਇਹਤਿਆਤ ਦੇ ਤੌਰ 'ਤੇ ਬੱਸ 'ਚ ਸਮਰੱਥਾ ਦੇ ਅੱਧੇ ਹੀ ਯਾਤਰੀ ਸਫ਼ਰ ਕਰ ਸਕਣਗੇ।

1 ਜੂਨ ਨੂੰ ਹੋ ਸਕਦੀ ਹੈ ਮੌਨਸੂਨ ਦੀ ਆਮਦ

ਪਹਿਲੀ ਜੂਨ ਤੋਂ ਮੌਨਸੂਨ ਕੇਰਲ ਦੇ ਤੱਟਾਂ ਜ਼ਰੀਏ ਦੇਸ਼ ਵਿਚ ਪ੍ਰਵੇਸ਼ ਕਰ ਸਕਦਾ ਹੈ। ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ ਇਸ ਵਾਰ ਮੌਨਸੂਨ ਦੇ ਆਗਮਨ ਦਾ ਸਮਾਂ ਕੁਝ ਅੱਗੇ-ਪਿੱਛੇ ਹੋ ਰਿਹਾ ਹੈ ਪਰ ਬਾਰਿਸ਼ ਇਸ ਸਾਲ ਸਾਧਾਰਨ ਰਹੇਗੀ। ਕੇਰਲ 'ਚ ਮੌਨਸੂਨ 1 ਜੂਨ ਤਕ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (Indian Meterological Department) ਨੇ ਹਾਲ ਹੀ 'ਚ ਕਿਹਾ ਹੈ ਦੇਸ਼ ਵਿਚ 1 ਜੂਨ ਤਕ ਦੱਖਣੀ-ਪੱਛਮੀ ਮੌਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਲਈ ਸਥਿਤੀਆਂ ਢੁਕਵੀਂ ਬਣੀਆਂ ਹੋਈਆਂ ਹਨ। ਵੀਰਵਾਰ ਤਕ ਦੱਖਣੀ-ਪੱਛਮੀ ਮੌਨਸੂਨ ਮਾਲਦੀਵ ਕੋਮੋਰੀਨ ਇਲਾਕੇ ਤੇ ਬੰਗਾਲ ਦੀ ਖਾੜੀ ਦੇ ਕੁਝ ਇਲਾਕਿਆਂ 'ਚ ਪਹੁੰਚਣ ਦੀ ਸੰਭਾਵਨਾ ਹੈ।

ਪੈਟਰੋਲ ਹੋ ਸਕਦਾ ਹੈ ਮਹਿੰਗਾ

ਜੂਨ 'ਚ ਪੈਟਰੋਲ ਦੇ ਭਾਅ ਵਧ ਸਕਦੇ ਹਨ। ਲਾਕਡਾਊਨ 4 ਵਿਚ ਜਿਹੜੀ ਛੋਟ ਦਿੱਤੀ ਗਈ ਹੈ, ਉਸ ਅਨੁਸਾਰ ਕੁਝ ਸੂਬਿਆਂ ਨੇ ਜਨਤਕ ਤੇ ਨਿੱਜੀ ਟਰਾਂਸਪੋਰਟ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਈਧਣ ਦੀ ਮੰਗ ਵਧ ਗਈ ਹੈ। ਬੀਤੀ ਅਪ੍ਰੈਲ 'ਚ ਲਾਕਡਾਊਨ ਤਹਿਤ ਦੇਸ਼ ਭਰ 'ਚ ਜਨਤਕ ਤੇ ਨਿੱਜੀ ਟਰਾਂਸਪੋਰਟ ਬੰਦ ਕਰ ਰਿਹਾ ਸੀ, ਇਸ ਲਈ ਪੈਟਰੋਲ ਤੇ ਡੀਜ਼ਲ ਦੀ ਮੰਗ 'ਚ ਭਾਰੀ ਕਮੀ ਆ ਗਈ ਸੀ। ਇਸ ਤੋਂ ਬਾਅਦ ਕੁਝ ਸੂਬਿਆਂ ਨੇ ਵੈਟ ਵਧਾ ਕੇ ਈਧਣ ਮਹਿੰਗਾ ਕਰ ਦਿੱਤਾ। ਨਤੀਜੇ ਵਜੋਂ ਪਹਿਲੀ ਜੂਨ ਤੋਂ ਕੁਝ ਜ਼ਿਲ੍ਹਿਆਂ 'ਚ ਪੈਟਰੋਲ ਮਹਿੰਗਾ ਹੋ ਸਕਦਾ ਹੈ।

1 ਜੂਨ ਤੋਂ ਇਨਕਮ ਟੈਕਸ ਦਾ ਇਹ ਫਾਰਮ ਹੋਵੇਗਾ ਲਾਗੂ

ਆਮਦਨ ਕਰ ਸਬੰਧੀ 1 ਜੂਨ ਤੋਂ ਇਕ ਨਿਯਮ 'ਚ ਬਦਲਾਅ ਹੋ ਰਿਹਾ ਹੈ। ਇਸ ਅਨੁਸਾਰ 26AS ਫਾਰਮ ਨਵਾਂ ਫਾਰਮ ਲਾਗੂ ਹੋਵੇਗਾ, ਜਿਹੜਾ ਆਈਟੀਆਰ ਲਈ ਲੋੜੀਂਦਾ ਦਸਤਾਵੇਜ਼ ਹੈ। ਇਸ ਨੂੰ ਸਾਲਾਨਾ ਸਟੇਟਮੈਂਟ ਵੀ ਮੰਨਿਆ ਜਾਂਦਾ ਹੈ। ਆਮਦਨ ਕਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੋਂ ਇਸ ਫਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਫਾਰਮ ਦੀ ਮਦਦ ਨਾਲ ਤੁਸੀਂ ਟੈਕਸ 'ਚ ਹੋਈ ਕਟੌਤੀ ਦਾ ਜ਼ਿਕਰ ਕਰ ਸਕਦੇ ਹੋ।

1 ਜੂਨ ਤੋਂ ਇਸ ਸੂਬੇ 'ਚ ਮੰਦਰ, ਮਸਜਿਦ ਤੇ ਧਾਰਮਿਕ ਸਥਾਨ ਖੁੱਲ੍ਹਣਗੇ

ਕਰਨਾਟਕ ਸਰਕਾਰ ਨੇ 1 ਜੂਨ ਤੋਂ ਸੂਬੇ ਦੇ ਸਾਰੇ ਮੰਦਰਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਨਾਲ ਹੀ ਮਸਜਿਦ ਤੇ ਚਰਚਾਂ ਦੇ ਵੀ 1 ਜੂਨ ਤੋਂ ਖੁੱਲ੍ਹਣ ਦੀ ਪੂਰੀ ਉਮੀਦ ਹੈ। ਇਸ ਬਾਰੇ ਕਰਨਾਟਕ ਮੁਜ਼ਰਾਈ ਮੰਤਰੀ ਕੋਟਾ ਸ਼੍ਰੀਨਿਵਾਸ ਪੁਜਾਰੀ ਨੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸਰਕਾਰ ਨੇ ਸਾਰੇ ਮੰਦਰਾਂ ਨੂੰ 1 ਜੂਨ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ ਜਿਹੜਾ ਕਿ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੈ। ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਵੇਗੀ। ਨਾਲ ਹੀ ਸਰਕਾਰ ਵੱਲੋਂ ਸਰੀਰਕ ਦੂਰੀ ਤੇ ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਾਲਾਂਕਿ, ਧਾਰਮਿਕ ਸਮਾਗਮਾਂ ਤੇ ਮੇਲਿਆਂ 'ਤੇ ਪਾਬੰਦੀ ਜਾਰੀ ਰਹੇਗੀ।

Posted By: Amita Verma