ਜੇਐੱਨਐੱਨ, ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਇਕ ਰੁਪਏ ਦੇ ਨਵੇਂ ਨੋਟ ਦੀ ਛਪਾਈ ਨਾਲ ਜੁੜਿਆ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਗਜਟ ਨੋਟੀਫਿਕੇਸ਼ਨ 'ਚ ਇਕ ਰੁਪਏ ਦੇ ਨਵੇਂ ਨੋਟ ਦੇ ਰੰਗ, ਮਾਪਦੰਡ ਵਜ਼ਨ ਤੇ ਡਿਜ਼ਾਈਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਅੰਗਰੇਜ਼ੀ ਅਖ਼ਬਾਰ 'ਫਾਇਨਾਂਸ਼ੀਅਲ ਐਕਸਪ੍ਰੈੱਸ' ਦੀ ਇਕ ਰਿਪੋਰਟ ਮੁਤਾਬਿਕ ਨਵਾਂ ਨੋਟ 9.7 x 6.3 ਸੈਮੀ ਦੇ ਰਿਕਟੈਂਗੂਲਰ ਸਾਈਜ਼ ਦਾ ਹੋਵੇਗਾ। ਇਸ ਨਵੇਂ ਨੋਟ 'ਤੇ 'ਗਵਰਨਮੈਂਟ ਆਫ ਇੰਡੀਆ' ਤੋਂ ਉੱਪਰ 'ਭਾਰਤ ਸਰਕਾਰ' ਅੰਕਿਤ ਹੋਵੇਗਾ।

ਆਓ ਵਿਸਤਾਰ ਨਾਲ ਜਾਣਦੇ ਹਾਂ ਇਸ ਨੋਟ ਦੇ ਫੀਚਰਜ਼ ਬਾਰੇ :

  • ਇਸ ਨੋਟ 'ਤੇ ਵਿੱਤ ਸਕੱਤਰ ਅਤਨੂ ਚੱਕਰਵਰਤੀ ਦੇ ਦੋ ਭਾਸ਼ਾਵਾਂ 'ਚ ਹਸਤਾਖ਼ਰ ਹੋਣਗੇ।
  • ਨਵੇਂ ਨੋਟ 'ਤੇ ਕਈ ਤਰ੍ਹਾਂ ਦੇ ਵਾਟਰਮਾਰਕ ਹੋਣਗੇ। ਇਸੇ ਲੜੀ 'ਚ ਅਸ਼ੋਕ ਸਤੰਭ ਤਾਂ ਹੋਵੇਗਾ ਹੀ ਪਰ ਇਸ ਦੇ ਨਾਲ 'ਸਤਯਮੇਵ ਜਯਤੇ' ਅੰਕਿਤ ਨਹੀਂ ਹੋਵੇਗਾ। ਨੋਟ ਦੇ ਸੈਂਟਰ 'ਚ '1' ਲੁਕਿਆ ਰਹੇਗਾ। ਇਸੇ ਤਰ੍ਹਾਂ ਸੱਜੇ ਪਾਸੇ ਵਰਟੀਕਲ ਸਟਾਈਲ 'ਚ 'ਭਾਰਤ' ਲਿਖਿਆ ਹੋਵੇਗਾ। ਇਹ ਵੀ ਲੁਕਿਆ ਹੋਇਆ ਹੋਵੇਗਾ।
  • ਨੋਟ 'ਤੇ ਇਕ ਰੁਪਏ ਦੇ ਨਵੇਂ ਸਿੱਕੇ ਦੀ ਰੈਪਲਿਕਾ ਵੀ ਹੋਵੇਗੀ।
  • ਨਵੇਂ ਨੋਟ ਦਾ ਰੰਗ ਮੁੱਖ ਰੁਪਏ 'ਚ ਗੁਲਾਬੀ ਤੇ ਹਰਾ ਹੋਵੇਗਾ।

ਭਾਰਤ ਸਰਕਾਰ ਜਾਰੀ ਕਰਦੀ ਹੈ ਇਕ ਰੁਪਏ ਦਾ ਨੋਟ

ਇਕ ਰੁਪਏ ਦੇ ਨੋਟ ਦੀ ਕਹਾਣੀ ਬਹੁਤ ਵੱਖਰੀ ਹੈ। ਇਹ ਅੱਜ ਦੇ ਸਮੇਂ 'ਚ ਨੋਟ ਦੇ ਰੂਪ 'ਚ ਸਭ ਤੋਂ ਛੋਟੀ ਮੁਦਰਾ ਹੈ। ਇਸ ਨੂੰ ਆਰਬੀਆਈ ਨਹੀਂ ਬਲਕਿ ਭਾਰਤ ਸਰਕਾਰ ਜਾਰੀ ਕਰਦੀ ਹੈ। ਇਹੀ ਵਜ੍ਹਾ ਹੈ ਕਿ ਇਕ ਰੁਪਏ ਦੇ ਨੋਟ 'ਤੇ ਰਿਜ਼ਰਵ ਬੈਂਕ ਦੇ ਗਵਰਨਰ ਦੇ ਹਸਤਾਖ਼ਰ ਨਹੀਂ ਹੁੰਦੇ ਹਨ। ਇਕ ਰੁਪਏ ਦੇ ਨੋਟ 'ਤੇ ਦੇਸ਼ ਦੇ ਵਿੱਤ ਸਕੱਤਰ ਦੇ ਹਸਤਾਖ਼ਰ ਹੁੰਦੇ ਹਨ।

ਨਵੰਬਰ, 1917 'ਚ ਆਇਆ ਸੀ ਇਕ ਰੁਪਏ ਦਾ ਪਹਿਲਾ ਨੋਟ

ਇਕ ਰੁਪਏ ਦੇ ਪਹਿਲੇ ਨੋਟ ਦੀ ਛਪਾਈ 30 ਨਵੰਬਰ, 1917 ਨੂੰ ਹੋਈ ਸੀ। ਉਸ ਨੋਟ 'ਤੇ ਕਿੰਗ ਜਾਰਜ ਪੰਚਮ ਦੀ ਫੋਟੋ ਹੁੰਦੀ ਸੀ। ਰਿਜ਼ਰਵ ਬੈਂਕ ਆਫ ਇੰਡੀਆ ਦੀ ਵੈੱਬਸਾਈਟ ਮੁਤਾਬਿਕ 1927 'ਚ ਇਕ ਰੁਪਏ ਦੇ ਨੋਟ ਦੀ ਛਪਾਈ ਬੰਦ ਹੋ ਗਈ ਸੀ ਜਿਸ ਨੂੰ 1940 'ਚ ਮੁੜ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ 1994 'ਚ ਇਕ ਰੁਪਏ ਦੇ ਨੋਟ ਦੀ ਛਪਾਈ ਮੁੜ ਬੰਦ ਕਰ ਦਿੱਤੀ ਗਈ। ਇਸ ਦੀ ਸ਼ੁਰੂਆਤ ਇਕ ਵਾਰ ਫਿਰ 2015 'ਚ ਹੋਈ।

Posted By: Seema Anand