ਜਾਗਰਣ ਬਿਊਰੋ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅਰਥਚਾਰੇ ਦੀ ਬਿਹਤਰੀ ਦੇ ਸੱਤ ਲੱਛਣ ਗਿਣਾਏ ਜਾਣ ਦੇ ਅਗਲੇ ਹੀ ਦਿਨ ਸਰਕਾਰ ਦੀ ਚਿੰਤਾ ਵਧਾਉਣ ਵਾਲੀਆਂ ਦੋ ਖ਼ਬਰਾਂ ਆਈਆਂ ਹਨ। ਇਨ੍ਹਾਂ 'ਚ ਪਹਿਲੀ ਖ਼ਬਰ ਪ੍ਰਚੂਨ ਮਹਿੰਗਾਈ ਦਰ ਦੇ ਸਾਢੇ ਪੰਜ ਸਾਲਾਂ ਦੇ ਸਿਖਰਲੇ ਪੱਧਰ 'ਤੇ ਪਹੁੰਚਣ ਦੀ ਹੈ, ਜਦੋਂਕਿ ਦੂਸਰੀ ਸਨਅਤੀ ਉਤਪਾਦਨ 'ਚ ਗਿਰਾਵਟ ਸਬੰਧੀ ਹੈ। ਇਕ ਪਾਸੇ ਜਨਵਰੀ 'ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 7.59 ਫ਼ੀਸਦੀ 'ਤੇ ਪਹੁੰਚ ਗਈ ਹੈ, ਉੱਥੇ ਦੂਸਰੇ ਪਾਸੇ ਦਸੰਬਰ 'ਚ ਸਨਅਤੀ ਉਤਪਾਦਨ ਸੂਚਕਅੰਕ 0.3 ਫ਼ੀਸਦੀ ਘੱਟ ਕੇ ਹੇਠਾਂ ਆ ਗਿਆ ਹੈ।

ਜਨਵਰੀ 2020 'ਚ ਪ੍ਰਚੂਨ ਮਹਿੰਗਾਈ ਦਰ ਦੇ ਸਾਢੇ ਪੰਜ ਸਾਲਾਂ ਦੇ ਸਿਖਰਲੇ ਪੱਧਰ 'ਤੇ ਪਹੁੰਚਣ ਦਾ ਕਾਰਨ ਮੁੱਖ ਤੌਰ 'ਤੇ ਸਬਜ਼ੀਆਂ, ਦਾਲਾਂ ਤੇ ਉੱਚ ਪ੍ਰੋਟੀਨ ਯੁਕਤ ਮਾਸ ਤੇ ਮੱਛੀ ਦੀਆਂ ਕੀਮਤਾਂ 'ਚ ਵਾਧਾ ਹੋਣਾ ਹੈ। ਜਨਵਰੀ 'ਚ ਉਪਭੋਗਤਾ ਮੁੱਲ ਸੂਚਕਅੰਕ ਅਧਾਰਿਤ ਮਹਿੰਗਾਈ ਦਰ ਵੱਧ ਕੇ 7.59 ਫ਼ੀਸਦੀ 'ਤੇ ਪਹੁੰਚ ਗਈ। ਇਸ ਤੋਂ ਇਕ ਮਹੀਨਾ ਪਹਿਲਾਂ ਦਸੰਬਰ, 2019 'ਚ ਇਹ 7.35 ਫ਼ੀਸਦੀ ਸੀ, ਜਦੋਂ ਕਿ ਇਕ ਸਾਲ ਪਹਿਲਾਂ ਜਨਵਰੀ, 2019 'ਚ ਪ੍ਰਚੂਨ ਮਹਿੰਗਾਈ ਦਰ ਦਾ ਅੰਕੜਾ ਸਿਰਫ 1.97 ਫ਼ੀਸਦੀ ਸੀ। ਇਸ ਤੋਂ ਪਹਿਲਾਂ ਪ੍ਰਚੂਨ ਮਹਿੰਗਾਈ ਦਾ ਅੰਕੜਾ ਮਈ 2014 'ਚ 8.33 ਫ਼ੀਸਦੀ ਦੇ ਸਿਖਰਲੇ ਪੱਧਰ 'ਤੇ ਸੀ।

ਕੌਮੀ ਅੰਕੜਾ ਸੰਗਠਨ (ਐੱਨਐੱਸਓ) ਮੁਤਾਬਕ ਪ੍ਰਚੂਨ ਵਸਤਾਂ 'ਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਇਸ ਸਾਲ ਜਨਵਰੀ 'ਚ 13.63 ਫ਼ੀਸਦੀ ਰਹੀ ਹੈ, ਜੋ ਕਿ ਦਸੰਬਰ 2019 'ਚ ਰਹੀ 14.19 ਫਞੀਸਦੀ ਦਰ ਤੋਂ ਥੋੜੀ ਘੱਟ ਹੈ, ਜਦੋਂ ਕਿ ਸਾਲ ਪਹਿਲਾਂ ਜਨਵਰੀ 2019 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਮਨਫ਼ੀ 2.24 ਫ਼ੀਸਦੀ 'ਤੇ ਸੀ। ਭਾਵ ਉਸ ਸਮੇਂ ਖਾਣ-ਪੀਣ ਦੀਆਂ ਕੁਝ ਚੀਜ਼ਾਂ ਸਸਤੀਆਂ ਹੋ ਗਈਆਂ ਸਨ।

ਇਸ ਸਾਲ ਜਨਵਰੀ 'ਚ ਸਬਜ਼ੀਆਂ ਦੀ ਕੀਮਤਾਂ ਪਿਛਲੇ ਜਨਵਰੀ ਮਹੀਨੇ ਦੇ ਮੁਕਾਬਲੇ 50.19 ਫ਼ੀਸਦੀ, ਜਦੋਂਕਿ ਦਾਲਾਂ ਤੇ ਇਸ ਨਾਲ ਬਣਨ ਵਾਲੇ ਉਤਪਾਦਾਂ ਦੀ 16.17 ਫ਼ੀਸਦੀ ਵਧ ਗਈਆਂ। ਇਸੇ ਤਰ੍ਹਾਂ ਮਾਸ-ਮੱਛੀ ਦੀ ਕੀਮਤ 10.50 ਫ਼ੀਸਦੀ ਤੇ ਆਂਡਿਆਂ ਦੀ ਕੀਮਤ 10.41 ਫ਼ੀਸਦੀ ਵਧ ਗਈ। ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼੍ਰੇਣੀ ਦੇ ਉਤਪਾਦਾਂ 'ਚ ਵੀ ਇਕ ਸਾਲ 'ਚ 11.79 ਫ਼ੀਸਦੀ ਦਾ ਵਾਧਾ ਹੋਇਆ ਹੈ।

ਸਨਅਤੀ ਉਤਪਾਦਨ ਘਟਿਆ

ਸਨਅਤੀ ਉਤਪਾਦਨ ਮੋਰਚੇ 'ਤੇ ਵੀ ਸਰਕਾਰ ਲਈ ਬੁਰੀ ਖ਼ਬਰ ਹੈ। ਅਗਸਤ ਤੋਂ ਲੈ ਕੇ ਅਕਤੂਬਰ ਤਕ ਲਗਾਤਾਰ ਗਿਰਾਵਟ ਤੋਂ ਬਾਅਦ ਦਸੰਬਰ 2019 'ਚ ਵੀ ਸਨਅਤੀ ਉਤਪਾਦਨ ਸੂਚਕਅੰਕ (ਆਈਆਈਪੀ) 0.3 ਫ਼ੀਸਦੀ, ਸਤੰਬਰ 'ਚ ਮਨਫੀ 4.6 ਫ਼ੀਸਦੀ ਤੇ ਅਕਤੂਬਰ 'ਚ ਮਨਫੀ 4 ਫ਼ੀਸਦੀ ਦਰਜ ਕੀਤਾ ਗਿਆ ਸੀ। ਇਨ੍ਹਾਂ ਗਿਰਾਵਟਾਂ ਨੂੰ ਮਿਲਾ ਕੇ ਅਪ੍ਰੈਲ-ਦਸੰਬਰ ਦੀ ਮਿਆਦ 'ਚ ਆਈਆਈਪੀ ਦੀ ਕੁੱਲ ਦਰ ਸਿਰਫ 0.5 ਫ਼ੀਸਦੀ ਰਹੀ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਨਅਤੀ ਉਤਪਾਦਨ ਦੇ ਮੋਰਚੇ 'ਤੇ ਹਾਲੇ ਵੀ ਉਤਸ਼ਾਹਜਨਕ ਹਾਲਾਤ ਪੈਦਾ ਨਹੀਂ ਹੋ ਸਕੇ।

ਇਸ ਤੋਂ ਪਹਿਲਾਂ ਦਸੰਬਰ 2018 'ਚ ਆਈਆਈਪੀ 2.5 ਫ਼ੀਸਦੀ ਸੀ, ਜਿੱਥੇ ਦਸੰਬਰ 2018 'ਚ ਮੈਨੂਫੈਕਚਰਿੰਗ ਖੇਤਰ ਦੀ ਉਤਪਾਦਨ ਦਰ 2.9 ਫ਼ੀਸਦੀ ਸੀ। ਬਿਜਲੀ ਉਤਪਾਦਨ ਦੀ ਦਰ ਨੂੰ ਸਨਅਤੀ ਉਤਪਾਦਨ ਦਾ ਬੈਰੋਮੀਟਰ ਮੰਨਿਆ ਜਾਂਦਾ ਹੈ ਪਰ ਉੱਥੇ ਵੀ ਦਸੰਬਰ 2018 ਦੇ 4.5 ਫ਼ੀਸਦੀ ਦੇ ਮੁਕਾਬਲੇ ਦਸੰਬਰ 2019 'ਚ ਸਿਰਫ 0.1 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਬ੍ਰਿਕਵਰਕ ਰੇਟਿੰਗਸ ਦੇ ਆਰਥਿਕ ਸਲਾਹਕਾਰ ਡਾ. ਗੋਵਿੰਦ ਰਾਓ ਮੁਤਾਬਕ ਆਉਣ ਵਾਲੇ ਮਹੀਨਿਆਂ 'ਚ ਖੁਰਾਕ ਵਸਤਾਂ ਦੀ ਮਹਿੰਗਾਈ ਦਰ 'ਚ ਤਾਂ ਕੁਝ ਗਿਰਾਵਟ ਆਉਣ ਦੀ ਸੰਭਾਵਨਾ ਹੈ ਪਰ ਕੁੱਲ ਮਹਿੰਗਾਈ ਦਰ 'ਚ ਵਾਧਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਰਵਿਸ ਆਈਟਮਾਂ ਦੇ ਹਾਲੇ ਹੋਰ ਮਹਿੰਗੇ ਹੋਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਸਨਅਤੀ ਮੋਰਚੇ 'ਤੇ ਮੈਨੂਫੈਕਚਰਿੰਗ ਦੇ 23 ਉਤਪਾਦ ਸਮੂਹਾਂ ਵਿਚੋਂ 16 ਸਮੂਹਾਂ 'ਚ ਨਾਂਹਪੱਖੀ ਵਾਧਾ ਵੀ ਪਰੇਸ਼ਾਨ ਕਰਨ ਵਾਲਾ ਹੈ। ਅਜਿਹੇ 'ਚ ਚਾਲੂ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ ਕੁਝ ਸੁਧਾਰ ਦੀ ਮਹਿਜ ਉਮੀਦ ਹੀ ਕੀਤੀ ਜਾ ਸਕਦੀ ਹੈ।

Posted By: Susheel Khanna