ਜੇਐੱਨਐੱਨ, ਨਵੀਂ ਦਿੱਲੀ : ਮੌਜੂਦਾ ਦੌਰ 'ਚ ਰੋਜ਼ਾਨਾ ਬੈਂਕ ਦੇ ਨਾਂ ਤੋਂ ਫਰਜ਼ੀ ਕਾਲ ਜਾਂ ਮੈਸੇਜ ਜ਼ਰੀਏ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਾਲਸਾਜ਼ ਬੈਂਕ ਦਾ ਨਾਂ ਲੈ ਕੇ ਕਾਲ ਜਾਂ ਮੈਸੇਜ ਕਰ ਕੇ ਬੈਂਕ ਖਾਤੇ ਨਾਲ ਜੁੜੀ ਗੁਪਤ ਜਾਣਕਾਰੀ ਮੰਗਦੇ ਹਨ ਤੇ ਫਰਜ਼ੀਵਾੜੇ ਨੂੰ ਅੰਜਾਮ ਦਿੰਦੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਗਾਹਕਾਂ ਦੀ ਸੁਰੱਖਿਆ ਲਈ ਵਿਚ-ਵਿਚਾਲੇ ਧੋਖਾਧੜੀ ਤੋਂ ਬਚਣ ਲਈ ਸੁਰੱਖਿਆ ਟਿਪਸ ਸ਼ੇਅਰ ਕਰਦਾ ਰਹਿੰਦਾ ਹੈ। RBI ਨੇ ਹਾਲ ਹੀ 'ਚ ਮੋਬਾਈਲ ਨੰਬਰਾਂ ਦੀ ਵਰਤੋਂ ਕਰ ਕੇ ਨਵੀਂ ਧੋਖਾਧੜੀ ਬਾਰੇ ਚਿਤਾਵਨੀ ਜਾਰੀ ਕੀਤੀ ਸੀ। ਨੋਟਿਸ ਅਨੁਸਾਰ, ਬੈਂਕਾਂ ਜਾਂ ਵਿੱਤੀ ਸੰਸਥਾਵਾਂ ਦੇ ਟੋਲ ਫ੍ਰੀ ਨੰਬਰਾਂ ਵਾਂਗ ਮੋਬਾਈਲ ਨੰਬਰਾਂ ਤੋਂ ਧੋਖਾਧੜੀ ਕੀਤੀ ਜਾ ਰਹੀ ਹੈ। RBI ਨੇ ਦੱਸਿਆ ਸੀ ਕਿ ਫਰਾਡ ਕਰਨ ਵਾਲੀਆਂ ਵਿੱਤੀ ਸੰਸਥਾਵਾਂ ਦੇ ਟੋਲ ਫ੍ਰੀ ਨੰਬਰਾਂ ਵਾਂਗ ਮੋਬਾਈਲ ਨੰਬਰ ਰੱਖਦੇ ਹਨ ਤੇ ਸੰਸਥਾ ਦੇ ਨਾਂ ਨਾਲ ਟ੍ਰੂਕਾਲਰ ਵਰਗੇ ਐਪ 'ਤੇ ਨੰਬਰ ਸੇਵ ਕਰਦੇ ਹਨ।

ਭਾਰਤੀ ਰਿਜ਼ਰਵ ਬੈਂਕ ਨੇ ਮੁੜ ਇਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। RBI ਨੇ ਆਪਣੇ ਟਵਿੱਟਰ ਹੈਂਡਲ ਜ਼ਰੀਏ ਦੱਸਿਆ ਹੈ ਕਿ ਗਾਹਕ ਆਪਣਾ ਪਿਨ, OTP ਤੇ ਬੈਂਕ ਖਾਤੇ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਸ਼ੇਅਰ ਨਾ ਕਰਨ। ਕੇਂਦਰੀ ਬੈਂਕ ਨੇ ਕਿਹਾ ਕਿ ਜੇਕਰ ਕਿਸੇ ਗਾਹਕ ਦਾ ਕਾਰਡ ਚੋਰੀ ਹੋ ਜਾਂਦਾ ਹੈ ਜਾਂ ਗੁਆਚ ਜਾਂਦਾ ਹੈ ਤਾਂ ਤੁਰੰਤ ਕਾਰਡ ਨੂੰ ਬਲਾਕ ਕਰਵਾ ਦਿਉ। ਇਸ ਤੋਂ ਇਲਾਵਾ ਗਾਹਕ ਕਿਸੇ ਵੀ ਤਰ੍ਹਾਂ ਦੇ KYC ਡਿਟੇਲ ਨਾਲ ਜੁੜੀ ਜਾਣਕਾਰੀ ਮੰਗਣ 'ਤੇ ਵੀ ਅਲਰਟ ਰਹਿਣ ਤੇ ਅਜਿਹੀ ਕਿਸੇ ਵੀ ਜਾਣਕਾਰੀ ਨੂੰ ਸ਼ੇਅਰ ਨਾ ਕਰਨ।

ਬੀਤੇ ਦਿਨੀਂ RBI ਨੇ ਬੈਂਕ ਦੇ ਨਾਂ ਤੋਂ ਆਉਣ ਵਾਲੀ ਫਾਰਡ ਫੋਨ ਕਾਲ ਬਾਰੇ ਚਿਤਾਵਨੀ ਜਾਰੀ ਕੀਤੀ ਸੀ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਮੰਨ ਲਓ ਕਿ ਬੈਂਕ ਤੋਂ ਆਉਣ ਵਾਲੀਆਂ ਫੋਨ ਕਾਲ ਦਾ ਨੰਬਰ 1600-123-1234 ਹੈ। ਉਦੋਂ ਇਹ ਜਾਲਸਾਜ਼ 600-123-1234 ਦੇ ਨਾਲ ਦਾ ਇਕ ਨੰਬਰ ਲੈਂਦੇ ਹਨ ਤੇ ਇਸ ਨੂੰ ਟਰੂ-ਕਾਲਰ ਜਾਂ ਹੋਰ ਸੇਵਾਵਾਂ ਦੇਣ ਵਾਲੇ ਐਪ 'ਤੇ ਬੈਂਕ ਦੇ ਟੋਲ ਫ੍ਰੀ ਨੰਬਰ ਦੇ ਰੂਪ 'ਚ ਰਜਿਸਟਰਡ ਕਰਦੇ ਹਨ। ਇਸ ਤੋਂ ਲੋਕ ਇਹ ਪਤਾ ਨਹੀਂ ਲਗਾ ਪਾਉਂਦੇ ਕਿ ਇਹ ਕਾਲ ਬੈਂਕ/ਵਿੱਤੀ ਸੰਸਥਾ ਵੱਲੋਂ ਹੈ ਜਾਂ ਕੋਈ ਫਰਾਡ ਕਰਨ ਵਾਲਾ ਫੋਨ ਕਰ ਰਿਹਾ ਹੈ।

RBI ਨੇ ਕਿਹਾ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਵੀ ਵਿੱਤੀ ਸੰਸਥਾ ਜਾਂ ਉਸ ਦੇ ਨੁਮਾਇੰਦੇ ਈ-ਮੇਲ, ਐੱਸਐੱਮਐੱਸ ਜਾਂ ਵ੍ਹਟਸਐਪ ਸੰਦੇਸ਼ ਨਹੀਂ ਭੇਜੇਦ ਹਨ ਜਾਂ ਨਿੱਜੀ ਜਾਣਕਾਰੀ, ਪਾਸਵਰਡ ਜਾਂ ਓਟੀਪੀ ਪੁੱਛਣ ਲਈ ਫੋਨ 'ਤੇ ਕਾਲ ਨਹੀਂ ਕਰਦੇ ਹਨ। ਅਜਿਹੇ ਈ-ਮੇਲ, ਐੱਸਐੱਮਐੱਸ, ਵ੍ਹਟਸਐਪ ਸੰਦੇਸ਼ ਜਾਂ ਫੋਨ ਕਾਲ ਦਾ ਕਦੀ ਜਵਾਬ ਨਾ ਦਿਉ। ਗਾਹਕਾਂ ਨੂੰ ਕਦੀ ਵੀ ਕਾਰਡ ਦੀ ਵੈਰੀਫਿਕੇਸ਼ਨ ਲਈ ਐੱਸਐੱਮਐੱਸ ਜ਼ਰੀਏ ਪ੍ਰਾਪਤ ਲਿੰਕ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ। ਗਾਹਕਾਂ ਨੂੰ ਹਮੇਸ਼ਾ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਬੈਂਕ ਦੀ ਸੰਪਰਕ ਡਿਟੇਲ ਤਕ ਪਹੁੰਚਣਾ ਚਾਹੀਦਾ ਹੈ ਤੇ ਸਮੱਸਿਆਵਾਂ ਦੇ ਮਾਮਲੇ 'ਚ ਉਨ੍ਹਾਂ ਨਾਲ ਸੰਪਰਕ ਕਰਨ ਲਈ ਸੁਰੱਖਿਅਤ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

Posted By: Seema Anand