ਜੇਐੱਨਐੱਨ, ਨਵੀਂ ਦਿੱਲੀ : ਜ਼ਰੂਰਤ ਸਮਾਂ ਦੇਖ ਕੇ ਆਉਂਦੀ ਨਹੀਂ ਹੈ। ਕਈ ਵਾਰ ਸਾਨੂੰ ਜਾਂ ਦੂਰ ਕਿਸੇ ਸ਼ਹਿਰ 'ਚ ਸਾਡੇ ਕਿਸੇ ਰਿਸ਼ਤੇਦਾਰ ਨੂੰ ਐਤਵਾਰ ਵਾਲੇ ਦਿਨ ਜਾਂ ਕਿਸੇ ਵੀ ਹੋਰ ਦਿਨ ਦੇਰ ਰਾਤ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਫੰਡ ਟਰਾਂਸਫਰ ਨਹੀਂ ਕਰ ਪਾਉਂਦੇ। ਹੁਣ ਇਹ ਦਿੱਕਤ ਦੂਰ ਹੋ ਜਾਵੇਗੀ ਕਿਉਂਕਿ ਆਰਬੀਆਈ ਨੇ ਐਲਾਨ ਕੀਤਾ ਹੈ ਕਿ ਹੁਣ NEFT 24x7 ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਦਿਨ ਯਾਨੀ ਛੁੱਟੀਆਂ ਵਾਲੇ ਦਿਨ ਵੀ ਤੇ ਹੋਰ ਕਿਸੇ ਵੀ ਸਮੇਂ ਇਲੈਕਟ੍ਰਾਨਿਕ ਫੰਡ ਟਰਾਂਸਫਰ ਕਰ ਸਕੋਗੇ। ਕੇਂਦਰੀ ਬੈਂਕ ਦਾ ਇਹ ਫ਼ੈਸਲਾ ਆਗਾਮੀ 16 ਦਸੰਬਰ ਤੋਂ ਲਾਗੂ ਹੋ ਜਾਵੇਗਾ।

ਆਰਬੀਆਈ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਹੈ ਕਿ ਬੈਂਕਾਂ ਦੇ ਕੰਮਕਾਜ ਦੀ ਆਮ ਮਿਆਦ ਤੋਂ ਬਾਅਦ 'Straight Through ProcessIng (STP)' ਜ਼ਰੀਏ ਆਟੋ ਮੋਡ 'ਚ ਐੱਨਈਐੱਫਟੀ ਹੋ ਸਕੇਗਾ। ਹਾਲਾਂਕਿ, ਟ੍ਰਾਂਜ਼ੈਕਸ਼ਨ ਦੇ ਦੋ ਘੰਟਿਆਂ ਦੇ ਅੰਦਰ ਬੈਨੀਫਿਸਰੀ ਦੇ ਅਕਾਊਂਟ 'ਚ ਪੈਸਾ ਕ੍ਰੈਡਿਟ ਹੋਣ ਜਾਂ ਫਿਰ ਓਰੀਜਨਲ ਬੈਂਕ ਅਕਾਊਂਟ 'ਚ ਰਿਟਰਨ ਹੋਣ ਦਾ ਪਹਿਲਾਂ ਵਾਲਾ ਸਿਸਟਮ ਬਣਿਆ ਰਹੇਗਾ।

ਆਰਬੀਆਈ ਦੇ ਬਿਆਨ 'ਚ ਕਿਹਾ ਗਿਆ ਹੈ, 'NEFT ਦੀ ਪ੍ਰਕਿਰਿਆ ਨਾਲ ਜੁੜੇ ਸਾਰੇ ਦਿਸ਼ਾ-ਨਿਰਦੇਸ਼ NEFT 24x7 ਨਾਲ ਜੁੜੇ ਲੈਣ-ਦੇਣ 'ਚ ਵੀ ਲਾਗੂ ਹੋਣਗੇ।'

ਕੇਂਦਰੀ ਬੈਂਕ ਨੇ ਸਾਰੇ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਕਿ ਗਾਹਕਾਂ ਨੂੰ ਇਸ ਸਹੂਲਤ ਦੇ ਇਸਤੇਮਾਲ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਉਸ ਨੇ ਸਾਰੇ ਮੈਂਬਰ ਬੈਂਕਾਂ ਨੂੰ ਇਸ ਦੇ ਲਈ ਜ਼ਰੂਰੀ ਇਨਫਰਾਸਟ੍ਰਕਚਰ ਵਿਕਸਤ ਕਰਨ ਨੂੰ ਕਿਹਾ ਹੈ। ਆਰਬੀਆਈ ਦੇ ਐਲਾਨ ਤੋਂ ਬਾਅਦ ਬੈਂਕ ਐੱਨਈਐੱਫਟੀ ਦੀ ਨਵੀਂ ਟਾਈਮਿੰਗ ਬਾਰੇ ਗਾਹਕਾਂ ਨੂੰ ਸੂਚਿਤ ਕਰ ਸਕਦੇ ਹਨ।

ਆਰਬੀਆਈ ਨੇ ਸਭ ਤੋਂ ਪਹਿਲਾਂ ਇਸ ਸਾਲ ਅਗਸਤ 'ਚ ਕਿਹਾ ਸੀ ਕਿ NEFT ਜ਼ਰੀਏ ਰੁਪਏ ਦੇ ਟਰਾਂਸਫਰ ਦੀ ਸਹੂਲਤ ਦਸੰਬਰ ਤੋਂ ਹਰ ਸਮੇਂ ਮਿਲ ਸਕੇਗੀ।

ਮੌਜੂਦਾ ਸਮੇਂ ਸੋਮਵਾਰ ਤੋਂ ਸ਼ੁੱਕਰਵਾਰ (ਕਿਸੇ ਵੀ ਹੋਲੀਡੇਅ ਨੂੰ ਛੱਡ ਕੇ) ਸਵੇਰੇ ਅੱਠ ਤੋਂ ਸ਼ਾਮ ਸੱਤ ਵਜੇ ਤਕ ਐੱਨਈਐੱਫਟੀ ਜ਼ਰੀਏ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਉੱਥੇ ਹੀ ਮਹੀਨੇ ਦੇ ਪਹਿਲੇ ਤੇ ਤੀਸਰੇ ਸ਼ਨਿਚਰਵਾਰ ਨੂੰ ਸਵੇਰੇ ਅੱਠ ਵਜੇ ਤੋਂ ਦੁਪਹਿਰੇ ਇਕ ਵਜੇ ਤਕ ਐੱਨਈਐੱਫਟੀ ਕੀਤਾ ਜਾ ਸਕਦਾ ਹੈ।

ਕਾਬਿਲੇਗ਼ੌਰ ਹੈ ਕਿ ਕੇਂਦਰੀ ਬੈਂਕ ਐੱਨਈਐੱਫਟੀ ਤੇ ਆਰਟੀਜੀਐੱਸ ਜ਼ਰੀਏ ਆਨਲਾਈਨ ਫੰਡ ਟਰਾਂਸਫਰ 'ਤੇ ਪਹਿਲਾਂ ਲੱਗਣ ਵਾਲੇ ਟੈਕਸ ਖ਼ਤਮ ਕਰ ਚੁੱਕਾ ਹੈ।

Posted By: Seema Anand