ਨਵੀਂ ਦਿੱਲੀ, ਜੇਐੱਨਐੱਨ। ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਤੇ ਪੂਰੇ ਦੇਸ਼ 'ਚ 21 ਦਿਨ ਦੇ ਲਾਕਡਾਊਨ ਦੀ ਸਥਿਤੀ ਨੂੰ ਦੇਖਦੇ ਹੋਏ ਰਿਲਾਇੰਸ ਇੰਡਸਟਰੀਜ਼ ਲਿਮਟਿਡ ਆਪਣੇ ਮੁਲਾਜ਼ਮਾਂ ਨੂੰ ਮਹੀਨੇ 'ਚ ਦੋ ਵਾਰ ਕਰ ਕੇ ਸੈਲਰੀ ਦਾ ਭੁਗਤਾਨ ਕਰੇਗੀ। ਰਿਲਾਇੰਸ ਨੇ ਕਿਹਾ ਹੈ ਕਿ ਕੰਪਨੀ ਦਾ ਜੋ ਵੀ ਮੁਲਾਜ਼ਮ ਮਹੀਨੇ 'ਚ 30 ਹਜ਼ਾਰ ਤੋਂ ਘੱਟ ਕਮਾਉਂਦਾ ਹੈ ਉਸ ਨੂੰ ਮਹੀਨੇ 'ਚ ਦੋ ਵਾਰ ਕਰ ਕੇ ਤਨਖ਼ਾਹ ਦਿੱਤੀ ਜਾਵੇਗੀ।

ਮੁਕੇਸ਼ ਅੰਬਾਨੀ ਦੀ ਅਗਵਾਈ 'ਚ ਰਿਲਾਇੰਸ ਇੰਡਸਟਰੀਜ਼ ਨੇ ਇਕ ਬਿਆਨ 'ਚ ਕਿਹਾ, ' ਹਰ ਮਹੀਨੇ 30 ਹਜ਼ਾਰ ਰੁਪਏ ਤੋਂ ਘੱਟ ਕਮਾਉਣ ਵਾਲਿਆਂ ਲਈ, ਉਨ੍ਹਾਂ ਦੇ ਕੈਸ਼ਫਲੋਅ ਨੂੰ ਬਚਾਉਣ ਤੇ ਕਿਸੇ ਵੀ ਵੱਡੀ ਵਿੱਤੀ ਬੋਝ ਨੂੰ ਘੱਟ ਕਰਨ ਲਈ ਮਹੀਨੇ 'ਚ ਦੋ ਵਾਰ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇਗਾ।'

ਰਿਲਾਇੰਸ ਇਸ ਲਈ ਅਜਿਹਾ ਕਰ ਰਿਹਾ ਹੈ ਤਾਂ ਕਿ ਮੁਲਾਜ਼ਮਾਂ ਨੂੰ ਮਹੀਨੇ 'ਚ ਨਕਦੀ ਦੀ ਦਿੱਕਤ ਨਾ ਹੋਵੇ। ਉਸ ਦਾ ਕੈਸ਼ ਫਲੋਅ ਬਣਿਆ ਰਹੇ ਤੇ ਉਸ ਕੋਲ ਕਿਸੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੈਸੇ ਹੋਣ।

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਪੈਂਦਾ ਹੋਇਆ ਮਾਰੂ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਲੈ ਲਈ ਹੈ। ਭਾਰਤ 'ਚ ਹੁਣ ਤਕ ਲਗਪਗ 500 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ ਜਦਕਿ 10 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ।

Posted By: Akash Deep