ਨਵੀਂ ਦਿੱਲੀ (ਪੀਟੀਆਈ) : ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮ. (ਆਰਆਈਐੱਲ) ਦੀ ਟੈਲੀਕਾਮ ਸ਼ਾਖਾ ਰਿਲਾਇੰਸ ਜੀਓ 2,500-3,000 ਰੁਪਏ ਤਕ 5ਜੀ ਸਮਾਰਟ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਦੀ ਸ਼ੁਰੂਆਤ 5,000 ਰੁਪਏ ਤੋਂ ਕੁਝ ਘੱਟ ਮੁੱਲ ਤੋਂ ਹੋਵੇਗੀ। ਜਿਉਂ-ਜਿਉਂ ਵਿਕਰੀ ਵਧੇਗੀ, ਕੰਪਨੀ 2,500-3,000 ਰੁਪਏ ਮੁੱਲ ਵਿਚ 5ਜੀ ਫੋਨ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕਰੇਗੀ।

ਕੰਪਨੀ ਦੀ ਨਜ਼ਰ ਦੇਸ਼ ਦੇ ਉਨ੍ਹਾਂ ਲਗਪਗ 30 ਕਰੋੜ ਗਾਹਕਾਂ 'ਤੇ ਹੈ ਜੋ ਅਜੇ ਵੀ 2ਜੀ ਸੇਵਾ ਦੀ ਵਰਤੋਂ ਕਰ ਰਹੇ ਹਨ। ਮੌਜੂਦਾ ਸਮੇਂ ਵਿਚ ਉਪਲਬਧ 5ਜੀ ਫੋਨ ਦੀ ਕੀਮਤ ਘੱਟੋ-ਘੱਟ 27,000 ਰੁਪਏ ਹੈ। ਰਿਲਾਇੰਸ ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਹੈ ਜਿਸ ਨੇ ਦੇਸ਼ ਵਿਚ ਮੁਫ਼ਤ 'ਚ 4ਜੀ ਫੋਨ ਦੀ ਪੇਸ਼ਕਸ਼ ਕੀਤੀ। ਇਸ ਤਹਿਤ ਕੰਪਨੀ ਗਾਹਕਾਂ ਤੋਂ 1,500 ਰੁਪਏ ਲੈ ਰਹੀ ਸੀ ਜਿਸ ਨੂੰ ਰਿਫੰਡ ਕਰ ਦਿੱਤੇ ਜਾਣ ਦਾ ਵਾਅਦਾ ਸੀ। ਇਸ ਸਾਲ ਆਰਆਈਐੱਲ ਦੇ 23ਵੀਂ ਸਾਲਾਨਾ ਆਮ ਸਭਾ ਵਿਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਭਾਰਤ ਨੂੰ '2ਜੀ ਮੁਕਤ' ਕਰਨ ਦਾ ਵਾਅਦਾ ਕੀਤਾ ਸੀ।

ਉਨ੍ਹਾਂ ਨੇ 2ਜੀ ਫੋਨ ਦੀ ਵਰਤੋਂ ਕਰ ਰਹੇ ਗਾਹਕਾਂ ਨੂੰ ਤੇਜ਼ੀ ਨਾਲ ਕਿਫ਼ਾਇਤੀ ਸਮਾਰਟ ਫੋਨ ਮੁਹਈਆ ਕਰਵਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਸੀ। ਕੰਪਨੀ ਨੇ ਆਪਣੇ ਸਮਾਰਟ ਫੋਨ ਲਈ ਐਂਡ੍ਰਾਇਡ ਆਪ੍ਰਰੇਟਿੰਗ ਸਿਸਟਮ ਮੁਹਈਆ ਕਰਵਾਉਣ ਲਈ ਅਮਰੀਕੀ ਟੈਕਨਾਲੋਜੀ ਦਿੱਗਜ ਗੂਗਲ ਨਾਲ ਵੀ ਇਕ ਕਰਾਰ ਕੀਤਾ ਸੀ। ਇਸ ਤਹਿਤ ਗੂਗਲ ਨੇ 33,737 ਕਰੋੜ ਰੁਪਏ ਦੇ ਨਿਵੇਸ਼ ਨਾਲ ਰਿਲਾਇੰਸ ਜੀਓ ਪਲੇਟਫਾਰਮ 'ਚ 7.7 ਫ਼ੀਸਦੀ ਭਾਈਵਾਲੀ ਖ਼ਰੀਦੀ ਸੀ। ਰਿਲਾਇੰਸ ਜੀਓ ਖ਼ੁਦ ਦਾ 5ਜੀ ਨੈੱਟਵਰਕ ਉਪਕਰਨ ਵਿਕਸਤ ਕਰਨ ਦੀ ਦਿਸ਼ਾ ਵਿਚ ਵੀ ਕੰਮ ਕਰ ਰਹੀ ਹੈ। ਕੰਪਨੀ ਨੇ ਦੂਰਸੰਚਾਰ ਵਿਭਾਗ (ਡੀਓਟੀ) ਤੋਂ ਜੀ ਪ੍ਰਰੀਖਣ ਲਈ ਸਪੈਕਟ੍ਮ ਦੀ ਮੰਗਿਆ ਹੈ ਜਿਸ 'ਤੇ ਸਰਕਾਰ ਅਜੇ ਵਿਚਾਰ ਕਰ ਰਹੀ ਹੈ।

ਜੀਓ ਦੇ ਸਰਗਰਮ ਗਾਹਕ 25 ਲੱਖ ਵਧੇ

ਰਿਲਾਇੰਸ ਜੀਓ ਦੇ ਸਰਗਰਮ ਉਪਭੋਗਤਾਵਾਂ ਦੀ ਗਿਣਤੀ ਵਿਚ ਜੁਲਾਈ ਵਿਚ 25 ਲੱਖ ਦਾ ਵਾਧਾ ਹੋਇਆ ਹੈ। ਜੂਨ ਵਿਚ ਕੰਪਨੀ ਦੇ ਸਰਗਰਮ ਗਾਹਕਾਂ ਦੀ ਗਿਣਤੀ ਘਟੀ ਸੀ। ਭਾਰਤੀ ਏਅਰਟੈੱਲ ਦੇ ਸਰਗਰਮ ਗਾਹਕਾਂ ਦੀ ਗਿਣਤੀ ਜੁਲਾਈ ਵਿਚ ਚਾਰ ਲੱਖ ਘਟੀ ਹੈ ਅਤੇ ਵੋਡਾਫੋਨ ਆਈਡੀਆ ਨੇ 38 ਲੱਖ ਸਰਗਰਮ ਗਾਹਕ ਗੁਆਏ ਹਨ। ਭਾਰਤੀ ਦੂਰਸੰਚਾਰ ਨਿਆਮਕ ਅਥਾਰਟੀ (ਟ੍ਰਾਈ) ਦੇ ਅੰਕੜਿਆਂ ਅਨੁਸਾਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਜੁਲਾਈ ਵਿਚ ਟੈਲੀਕਾਮ ਉਪਭੋਗਤਾਵਾਂ ਦੀ ਕੁੱਲ ਗਿਣਤੀ ਵਿਚ 35 ਲੱਖ ਦਾ ਵਾਧਾ ਹੋਇਆ ਹੈ।