ਨਵੀਂ ਦਿੱਲੀ (ਪੀਟੀਆਈ) : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਐਂਟਰਟੇਨਮੈਂਟ ਕੰਪਨੀ ਜ਼ੀ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ। ਇਹ ਜਾਣਕਾਰੀ ਦੇਸ਼ ਦੀ ਸਭ ਤੋਂ ਵੱਡੀ ਸੂਚੀਬੱਧ ਮੀਡੀਆ ਕੰਪਨੀ ਜ਼ੀ ਐਂਟਰਟੇਨਮੈਂਟ ਇੰਟਰਪ੍ਰਰਾਈਜਜ਼ (ਜੀਈਈਐੱਲ) ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਇਵਾਂਸਕੋ ਨੇ ਬੁੱਧਵਾਰ ਨੂੰ ਦਿੱਤੀ। ਉਸ ਨੇ ਕਿਹਾ ਕਿ ਦੋਵਾਂ ਕੰਪਨੀਆਂ ਵਿਚਾਲੇ ਉਸ ਨੇ ਸੌਦਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਇਸ ਸੌਦੇ ਨੂੰ ਘੱਟ ਕੀਮਤ 'ਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦਾ ਇਹ ਬਿਆਨ ਜੀਈਈਐੱਲ ਦੇ ਮੁਖੀ ਪੁਨੀਤ ਗੋਇਨਕਾ ਵੱਲੋਂ ਕੰਪਨੀ ਦੇ ਬੋਰਡ ਨੂੰ ਇਵਾਂਸਕੋ ਦੇ ਇਕ ਪ੍ਰਸਤਾਵ ਦੀ ਜਾਣਕਾਰੀ ਦੇਣ ਦੇ ਅਗਲੇ ਦਿਨ ਆਇਆ ਹੈ।

ਗੋਇਨਕਾ ਨੇ ਬੋਰਡ ਨੂੰ ਦੱਸਿਆ ਸੀ ਕਿ ਫਰਵਰੀ 2021'ਚ ਇਵਾਂਸਕੋ ਨੇ ਇਕ ਵੱਡੇ ਭਾਰਤੀ ਗਰੁੱਪ (ਸਟ੍ਰੈਟਜਿਕ ਗਰੁੱਪ) ਦੀਆਂ ਕੁਝ ਕੰਪਨੀਆਂ ਨਾਲ ਰਲੇਵੇਂ ਦਾ ਪ੍ਰਸਤਾਵ ਰੱਖਿਆ ਸੀ। ਗੋਇਨਕਾ ਮੁਤਾਬਕ ਇਸ ਸੌਦੇ ਨਾਲ ਕੰਪਨੀ ਦੇ ਨਿਵੇਸ਼ਕਾਂ ਨੂੰ ਲਗਪਗ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ। ਹਾਲਾਂਕਿ ਗੋਇਨਕਾ ਨੇ ਇਸ ਵੱਡੇ ਭਾਰਤੀ ਗਰੁੱਪ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ। ਇਵਾਂਸਕੋ ਨੇ ਕਿਹਾ ਕਿ ਫਰਵਰੀ 'ਚ ਸੌਦੇ ਦਾ ਜੋ ਪ੍ਰਸਤਾਵ ਸੀ, ਉਸ 'ਤੇ ਰਿਲਾਇੰਸ, ਗੋਇਨਕਾ ਤੇ ਜ਼ੀ ਦੇ ਪ੍ਰਮੋਟਰਾਂ ਵਿਚਾਲੇ ਗੱਲਬਾਤ ਹੋਈ ਸੀ। ਜ਼ੀ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਇਵਾਂਸਕੋ ਨੇ ਕਿਹਾ ਕਿ ਇਸ 'ਚ ਉਸ ਦੀ ਭੂਮਿਕਾ ਸਿਰਫ ਸੌਦੇ ਨੂੰ ਅੱਗੇ ਵਧਾਉਣ ਦੀ ਸੀ ਜਦੋਂਕਿ ਪੁਨੀਤ ਗੋਇਨਕਾ ਨੇ ਮੰਗਲਵਾਰ ਨੂੰ ਬੋਰਡ ਨੂੰ ਕਿਹਾ ਸੀ ਕਿ ਇਸ ਸੌਦੇ ਦਾ ਪ੍ਰਸਤਾਵ ਇਵਾਂਸਕੋ ਲੈ ਕੇ ਆਈ ਸੀ ਤੇ ਜੇ ਸੌਦਾ ਹੁੰਦਾ ਤਾਂ ਸ਼ੇਅਰ ਹੋਲਡਰਾਂ ਨੂੰ ਹਜ਼ਾਰਾਂ ਕਰੋੜ ਦਾ ਨੁਕਸਾਨ ਹੁੰਦਾ।

ਪੁਨੀਤ ਗੋਇਨਕਾ ਸਮੇਤ ਤਿੰਨ ਨਿਰਦੇਸ਼ਕਾਂ ਨੂੰ ਹਟਾਉਣਾ ਚਾਹੁੰਦੇ ਹਨ ਇਵਾਂਸਕੋ

ਜ਼ੀ ਐਂਟਰਟੇਨਮੈਂਟ ਤੇ ਇਵਾਂਸਕੋ ਵਿਚਾਲੇ ਵਿਵਾਦ ਇਵਾਂਸਕੋ ਵੱਲੋਂ ਅਸਾਧਾਰਨ ਜਨਰਲ ਮੀਟਿੰਗ (ਈਜੀਐੱਮ) ਬੁਲਾਏ ਜਾਣ ਦੀ ਮੰਗ ਬਾਰੇ ਸ਼ੁਰੂ ਹੋਇਆ। ਇਵਾਂਸਕੋ ਤੇ ਓਐੱਫਆਈ ਗਲੋਬਲ ਚਾਈਨਾ ਫੰਡ ਐੱਲਐੱਲਸੀ ਨੇ ਜ਼ੀ ਐਂਟਰਟੇਨਮੈਂਟ ਦੇ ਸੀਈਓ ਪੁਨੀਤ ਗੋਇਨਕਾ ਸਮੇਤ ਤਿੰਨ ਨਿਰਦੇਸ਼ਕਾਂ ਨੂੰ ਹਟਾਉਣ ਤੇ ਛੇ ਸੁਤੰਤਰ ਨਿਰਦੇਸ਼ਕਾਂ ਦੀ ਨਿਯੁਕਤੀ ਲਈ ਈਜੀਐੱਮ ਬੁਲਾਈ ਸੀ। ਪੁਨੀਤ ਗੋਇਨਕਾ ਸੁਭਾਸ਼ ਚੰਦਰਾ ਦੇ ਪੁੱਤਰ ਹਨ। ਇਸ ਮਸਲੇ ਬਾਰੇ ਜ਼ੀ ਤੇ ਇਵਾਂਸਕੋ ਵਿਚਾਲੇ ਤਿੰਨ ਸੰਸਥਾਵਾਂ (ਬੰਬੇ ਹਾਈ ਕੋਰਟ, ਐੱਨਸੀਐੱਲਟੀ ਤੇ ਐੱਨਸੀਐੱਲਏਟੀ) 'ਚ ਕਾਨੂੰਨੀ ਲੜਾਈ ਚੱਲ ਰਹੀ ਹੈ।