ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਨੇ ਦਿੱਤੇ ਗਏ ਕੁਝ ਸਰਕਾਰੀ ਬੈਂਕਾਂ 'ਤੇ 50 ਲੱਖ ਰੁਪਏ ਤੋਂ ਲੈ ਕੇ ਦੋ ਕਰੋੜ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਬੈਂਕਾਂ ਨੇ ਕਰਜ਼ ਦੀ ਮੋਨੀਟਰਿੰਗ 'ਚ ਢਿੱਲਾ ਰਵੱਈਆਂ ਅਪਣਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਕਿਹਾ ਕਿ ਕਿੰਗਫਿਸ਼ਰ ਏਅਰਲਾਇੰਸ ਨੂੰ ਦਿੱਤੇ ਕਰਜ਼ ਦੇ ਮਾਮਲੇ 'ਚ ਧੋਖਾਧੜੀ ਨਾਲ ਸਬੰਧਤ ਜਾਣਕਾਰੀਆਂ ਆਰਬੀਆਈ ਨੂੰ ਦੇਣ 'ਚ ਉਸ ਨੇ ਦੇਰ ਕੀਤੀ।

ਕਿਸ ਬੈਂਕ 'ਤੇ ਕਿੰਨਾ ਜੁਰਮਾਨਾ

ਸਬੰਧਤ ਬੈਂਕਾਂ ਵਲੋਂ ਸ਼ੇਅਰ ਬਾਜ਼ਾਰਾਂ ਨੂੰ ਦਿੱਤੀਆਂ ਗਈਆਂ ਜਾਣਕਾਰੀਆਂ ਮੁਤਾਬਿਕ ਇਲਾਹਾਬਾਦ ਬੈਂਕ ਤੇ ਮਹਾਰਾਸ਼ਟਰ 'ਤੇ ਦੋ ਕਰੋੜ ਰੁਪਏ ਹਰੇਕ, ਬੈਂਕ ਆਫ ਬੜੋਦਾ (BOB), ਬੈਂਕ ਆਫ ਇੰਡੀਆ (BOI), ਇੰਡੀਅਨ ਓਵਰਸੀਜ਼ ਬੈਂਕ (IOB) ਅਤੇ ਯੂਨੀਅਨ ਬੈਂਕ ਆਫ ਇੰਡੀਆ 'ਤੇ ਡੇਢ ਕਰੋੜ ਰੁਪਏ ਹਰੇਕ ਅਤੇ ਓਰੀਐਂਟਲ ਬੈਂਕ ਆਫ ਕਮਰਸ (OBC) 'ਤੇ ਇਕ ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ।

ਭਾਰਤੀ ਸਟੇਟ ਬੈਂਕ (SBI) 'ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ 'ਚ ਐੱਸਬੀਆਈ ਨੇ ਕਿਹਾ ਕਿ ਬੈਂਕਿੰਗ ਰੈਗੂਲੇਟਰੀ ਨੇ ਬੈਂਕਿੰਗ ਰੈਗੂਲੇਸ਼ਨ ਐਕਟ ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹੋਏ ਉਸ 'ਤੇ ਇਹ ਜੁਰਮਾਨਾ ਲਗਾਇਆ ਹੈ। ਜਨਤਕ ਖੇਤਰ ਦੇ ਕਰਜ਼ਦਾਤਾ ਪੰਜਾਬ ਨੈਸ਼ਨਲ ਬੈਂਕ (PNB) 'ਤੇ ਵੀ RBI ਨੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਜੇਐਂਡਕੇ ਬੈਂਕ ਦਾ ਲਾਭ ਘਟਿਆ

ਸਰਕਾਰੀ ਖੇਤਰ ਦੇ ਕਰਜ਼ਦਾਤਾ ਜੰਮੂ ਐਂਡ ਕਸ਼ਮੀਰ ਬੈਂਕ ਦੇ ਸ਼ੁੱਧ ਲਾਭ 'ਚ 58 ਫ਼ੀਸਦੀ ਗਿਰਾਵਟ ਆਈ ਹੈ। ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ 2019) 'ਚ ਬੈਂਕ ਦਾ ਸ਼ੁੱਧ ਮੁਨਾਫ਼ਾ ਇਸ ਗਿਰਾਵਟ ਨਾਲ 21.87 ਕਰੋੜ ਰੁਪਏ ਰਹਿ ਗਿਆ। ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਮਿਆਦ 'ਚ ਬੈਂਕ ਦਾ ਮੁਨਾਫ਼ਾ 52.59 ਕਰੋੜ ਰੁਪਏ ਰਿਹਾ ਸੀ। ਬੈਂਕ ਮੁਤਾਬਿਕ ਫਸੇ ਕਰਜ਼ (NPA) ਦੀ ਮੱਦ 'ਚ ਵਧੀਆਂ ਵਿਵਸਥਾਵਾਂ ਤਹਿਤ ਉਸ ਦੇ ਲਾਭ 'ਚ ਕਮੀ ਆਈ। ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਬੈਂਕ ਦੀ ਕੁੱਲ੍ਹ ਆਮਦਨ ਵਧ ਕੇ 2,256.25 ਕਰੋੜ ਰੁਪਏ ਰਹੀ।

Posted By: Seema Anand