ਜੇਐੱਨਐੱਨ, ਏਐੱਨਆਈ : ਭਾਰਤੀ ਰਿਜ਼ਰਵ ਬੈਂਕ ਨੇ ਇਕ ਵਾਰ ਫਿਰ ਮੁੱਖ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਆਰਬੀਆਈ ਨੇ ਪਾਲਿਸੀ ਰੈਪੋ ਰੇਟ 0.40 ਫੀਸਦੀ ਘਟਾਇਆ ਹੈ। ਇਸ ਕਟੌਤੀ ਨਾਲ ਹੁਣ ਰੈਪੋ ਰੇਟ 4 ਫੀਸਦੀ 'ਤੇ ਆ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਦਾਸ ਨੇ ਦੱਸਿਆ ਕਿ ਮੁਦਰਾ ਸਮੀਖਿਆ ਸਮਿਤੀ ਦੀ ਬੈਠਕ 3 ਤੋਂ 5 ਜੂਨ ਨੂੰ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਕਮੇਟੀ ਨੇ ਇਕ ਬੈਠਕ ਕਰ ਕੇ ਅਹਿਮ ਫ਼ੈਸਲੇ ਲਏ ਹਨ। ਉਨ੍ਹਾਂ ਦੱਸਿਆ ਕਿ ਐੱਮਪੀਸੀ ਦੇ ਛੇ 'ਚੋਂ ਪੰਜ ਮੈਂਬਰ ਰੈਪੋ ਰੇਟ 'ਚ ਕਟੌਤੀ ਦੇ ਫ਼ੈਸਲੇ 'ਤੇ ਸਹਿਮਤ ਹੋਏ ਹਨ।

ਆਰਬੀਆਈ ਗਵਰਨਰ ਨੇ ਦੱਸਿਆ ਕਿ ਐੱਮਪੀਸੀ ਨੇ ਰੈਪੋ ਰੇਟ ਨਾਲ ਹੀ ਰਿਵਰਸ ਰੈਪੋ ਰੇਟ ਨੂੰ ਵੀ ਘਟਾਉਣ ਦਾ ਫ਼ੈਸਲਾ ਕੀਤਾ ਹੈ। ਆਰਬੀਆਈ ਨੇ ਰਿਵਰਸ ਰੈਪੋ ਰੇਟ ਨੂੰ 3.75 ਫੀਸਦੀ ਤੋਂ ਘਟਾ ਕੇ 3.35 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 27 ਮਾਰਚ ਨੂੰ ਆਰਬੀਆਈ ਨੇ ਰੈਪੋ ਰੇਟ 'ਚ 0.75 ਫੀਸਦੀ ਦੀ ਕੌਟਤੀ ਕੀਤੀ ਸੀ।

ਨਾਲ ਹੀ ਦਾਸ ਨੇ ਕਿਹਾ ਕਿ ਗਾਹਕਾਂ ਨੂੰ ਦਰਾਂ 'ਚ ਕਟੌਤੀ ਦਾ ਫਾਇਦਾ ਮਿਲਣ 'ਚ ਤੇਜ਼ੀ ਹੋਈ ਹੈ। ਰੈਪੋ ਰੇਟ 'ਚ ਕਟੌਤੀ ਨਾਲ ਹੁਣ ਬੈਂਕ ਵੀ ਲੋਨ 'ਤੇ ਆਪਣੀਆਂ ਵਿਆਜ ਦਰਾਂ ਘਟਾ ਸਕਦੇ ਹਨ। ਇੱਥੇ ਦੱਸ ਦੇਈਏ ਕਿ ਰੈਪੋ ਰੇਟ ਉਹ ਰੇਟ ਹੁੰਦਾ ਹੈ ਤੇ ਜਿਸ 'ਤੇ ਦੇਸ਼ ਦਾ ਕੇਂਦਰੀ ਬੈਂਕ ਹੋਰ ਬੈਕਾਂ ਨੂੰ ਕਰਜ਼ ਦਿੰਦਾ ਹੈ।

ਰੈਪੋ ਰੇਟ 'ਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਬੈਂਕ ਉਨ੍ਹਾਂ ਦੀ ਲੋਨ ਈਐੱਮਆਈ ਦੇ ਬੋਝ ਨੂੰ ਘਟਾ ਕੇ ਪਹੁੰਚਾ ਸਕਦੇ ਹਨ। ਈਐੱਮਆਈ ਦਾ ਬੋਝ ਘੱਟ ਹੋਣ ਨਾਲ ਲੋਕਾਂ ਨੂੰ ਥੋੜ੍ਹੀ ਲਿਕਵਿਡਿਟੀ ਦੀ ਰਾਹਤ ਮਿਲ ਸਕਦੀ ਹੈ। ਕੋਰੋਨਾ ਵਾਇਰਸ ਦੇ ਕਹਿਰ ਤੇ ਦੇਸ਼ਵਿਆਪੀ ਲਾਕਡਾਊਨ ਕਰਨ ਇਸ ਸਮੇਂ ਕਈ ਲੋਕ ਨਕਦੀ ਸੰਕਟ ਨਾਲ ਜੂਝ ਰਹੇ ਹਨ।

ਆਰਬੀਆਈ ਗਰਵਨਰ ਨੇ ਦੱਸਿਆ ਕਿ ਕੋਵਿਡ-19 ਨਾਲ ਦੁਨੀਆ ਦਾ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਮੈਨੂਫੈਕਚਰਿੰਗ ਪੀਐੱਮਆਈ ਘੱਟ ਕੇ 11 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਦਾਸ ਨੇ ਦੱਸਿਆ ਕਿ WHO ਮੁਤਾਬਿਕ, ਦੁਨੀਆ ਭਰ 'ਚ ਇਸ ਸਾਲ ਕਾਰੋਬਾਰ 13 ਤੋਂ 32 ਫੀਸਦੀ ਤਕ ਘਟ ਸਕਦਾ ਹੈ।

Posted By: Amita Verma