ਨਵੀਂ ਦਿੱਲੀ, ਪੀਟੀਆਈ : ਹੁਣ ਬੈਂਕਾਂ ਦੇ ਏਟੀਐੱਮ ਤੋਂ ਤੈਅਸ਼ੁਦਾ ਮੁਫ਼ਤ ਹੱਦ ਤੋਂ ਜ਼ਿਆਦਾ ਵਾਰ ਪੈਸਾ ਕਢਵਾਉਣ 'ਤੇ ਨਵੇਂ ਸਾਲ ਤੋਂ ਜ਼ਿਆਦਾ ਫੀਸ ਦੇਣੀ ਪਵੇਗੀ। ਭਾਰਤੀ ਰਿਜ਼ਰਵ ਬੈਂਕ (RBI) ਨੇ ਵੀਰਵਾਰ ਨੂੰ ਬੈਂਕਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਹੈ। ਨਵੇਂ ਨਿਯਮ ਤਹਿਤ ਬੈਂਕ ਗਾਹਕ ਇਕ ਜਨਵਰੀ 2022 ਤੋਂ ਜੇਕਰ ਮੁਫ਼ਤ ਨਿਕਾਸੀ ਜਾਂ ਹੋਰ ਸਹੂਲਤਾਂ ਦੀ ਦਿੱਤੀ ਗਈ ਹੱਦ ਤੋਂ ਜ਼ਿਆਦਾ ਵਾਰ ਲੈਣ-ਦੇਣ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀ ਲੈਣ-ਦੇਣ 21 ਰੁਪਏ ਦੇਣੇ ਪੈਣਗੇ ਜੋ ਫਿਲਹਾਲ 20 ਰੁਪਏ ਹੈ। RBI ਨੇ ਕਿਹਾ ਕਿ ਅਗਲੇ ਸਾਲ ਤੋਂ ਏਟੀਐੱਮ ਜ਼ਰੀਏ ਨਿਰਧਾਰਤ ਮੁਫ਼ਤ ਮਾਸਿਕ ਹੱਦ ਤੋਂ ਜ਼ਿਆਦਾ ਵਾਰ ਨਕਦੀ ਕਢਵਾਉਣ ਜਾਂ ਹੋਰ ਲੈਣ-ਦੇਣ ਕਰਨ 'ਤੇ ਬੈਂਕ ਜ਼ਿਆਦਾ ਫੀਸ ਵਸੂਲਣਗੇ।

ਆਰਬੀਆਈ ਨੇ ਇਕ ਸਰਕੂਲਰ 'ਚ ਕਿਹਾ, 'ਬੈਂਕਾਂ ਨੂੰ ਦੂਸਰੇ ਬੈਂਕਾਂ ਦੇ ਏਟੀਐੱਮ 'ਚ ਕਾਰਡ ਦੀ ਵਰਤੋਂ ਦੇ ਬਦਲੇ ਲੱਗਣ ਵਾਲੀ ਫੀਸ (Interchange Fee) ਦੀ ਪੂਰਤੀ ਤੇ ਹੋਰ ਲਾਗਤ 'ਚ ਵਾਧੇ ਨੂੰ ਦੇਖਦੇ ਹੋਏ ਪ੍ਰਤੀ ਲੈਣ-ਦੇਣ ਗਾਹਕ ਫੀਸ ਵਧਾ ਕੇ 21 ਰੁਪਏ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਵਧੀ ਹੋਈ ਫੀਸ ਇਕ ਜਨਵਰੀ, 2022 ਤੋਂ ਲਾਗੂ ਹੋ ਜਾਵੇਗੀ।' ਹਾਲਾਂਕਿ ਗਾਹਕ ਪਹਿਲਾਂ ਵਾਂਗ ਆਪਣੇ ਬੈਂਕ ਦੇ ਏਟੀਐੱਮ ਤੋਂ ਹਰ ਮਹੀਨੇ ਪੰਜ ਮੁਫ਼ਤ ਲੈਣ-ਦੇਣ (ਵਿੱਤੀ- ਗ਼ੈਰ-ਵਿੱਤੀ ਲੈਣ-ਦੇਣ) ਕਰ ਸਕਦੇ ਹਨ। ਮਹਾਨਗਰ 'ਚ ਇਸ ਦੀ ਮਿਆਦ ਹੋਰ ਬੈਂਕਾਂ ਦੇ ਏਟੀਐੱਮ ਤੋਂ ਤਿੰਨ ਵਾਰ ਤੇ ਛੋਟੇ ਸ਼ਹਿਰਾਂ 'ਚ ਪੰਜ ਵਾਰ ਮੁਫ਼ਤ ਲੈਣ-ਦੇਣ ਦੀ ਹੋਵੇਗੀ।

ਸਰਕੂਲਰ 'ਚ ਕਿਹਾ ਗਿਆ ਹੈ ਕਿ ਇਕ ਅਗਸਤ, 2021 ਤੋਂ ਪ੍ਰਤੀ ਵਿੱਤੀ ਲੈਣ-ਦੇਣ 'ਇੰਟਰਚੇਂਜ ਫੀਸ' 15 ਰੁਪਏ ਤੋਂ ਵਧਾ ਕੇ 17 ਰੁਪਏ ਤੇ ਗ਼ੈਰ-ਵਿੱਤੀ ਲੈਣ-ਦੇਣ ਦੇ ਮਾਮਲੇ 'ਚ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਗਈ ਹੈ।

ਨਿਰਧਾਰਤ ਹੱਦ ਤੋਂ ਜ਼ਿਆਦਾ ਵਰਤੋਂ ਦੇ ਇਵਜ਼ 'ਚ ਉਹ ਫੀਸ ਲੈਂਦੇ ਹਨ ਜਿਸ ਨੂੰ ਇੰਟਰਚੇਂਜ ਫੀ ਕਹਿੰਦੇ ਹਨ। ਨਾਲ ਹੀ ਦੂਸਰੇ ਬੈਂਕਾਂ ਦੇ ਗਾਹਕਾਂ ਨੂੰ ਵੀ ਇਸ ਦੇ ਜ਼ਰੀਏ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਆਰਬੀਆਈ ਮੁਤਾਬਕ, ਏਟੀਐੱਮ ਲਗਾਉਣ ਦੀ ਵਧਦੀ ਲਾਗਤ ਤੇ ਏਟੀਐੱਮ ਸੰਚਾਲਕ ਦੀ ਸਾਂਭ-ਸੰਭਾਲ ਦੇ ਖਰਚ ਵਿਚ ਵਾਧੇ ਨੂੰ ਦੇਖਦੇ ਹੋਏ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

Posted By: Seema Anand