ਨਵੀਂ ਦਿੱਲੀ (ਏਜੰਸੀ) : ਰਿਲਾਇੰਸ ਕਮਿਊਨਿਕੇਸ਼ਨ (ਆਰਕਾਮ) ਨੇ ਸਵੀਡਨ ਦੀ ਦੂਰਸੰਚਾਰ ਉਪਕਰਨ ਕੰਪਨੀ ਐਰਿਕਸਨ ਦੇ 550 ਕਰੋੜ ਰੁਪਏ ਬਕਾਇਆ ਮਾਮਲੇ 'ਚ ਸੁਪਰੀਮ ਕੋਰਟ ਦੀ ਰਜਿਸਟਰੀ 'ਚ 131 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਕੋਰਟ ਨੇ ਇਸ ਮਾਮਲੇ 'ਚ ਆਰਕਾਮ ਨੂੰ ਅੰਸ਼ਿਕ ਭੁਗਤਾਨ ਦਾ ਨਿਰਦੇਸ਼ ਦਿੱਤਾ ਸੀ। ਐਰਿਕਸਨ ਨੇ ਅਨਿਲ ਅੰਬਾਨੀ ਤੇ ਹੋਰ ਹੋਰਨਾਂ ਖ਼ਿਲਾਫ਼ ਅਦਾਲਤ ਦੀ ਉਲੰਘਣਾ ਦੀ ਪਟੀਸ਼ਨ ਲਗਾਈ ਹੈ। ਆਰਕਾਮ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ, 'ਕੰਪਨੀ ਨੇ ਸੁਪਰੀਮ ਕੋਰਟ ਦੀ ਰਜਿਸਟਰੀ 'ਚ 131 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਕੰਪਨੀ ਨੇ ਆਪਣੇ ਸੰਚਾਲਨ ਲਈ ਰੱਖੇ ਧਨ 'ਚੋਂ ਇਹ ਰਕਮ ਜਮ੍ਹਾਂ ਕੀਤੀ ਹੈ।'

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਰਕਾਮ ਦੇ ਚੇਅਰਮੈਨ ਅਨਿਲ ਅੰਬਾਨੀ ਤੇ ਹੋਰਨਾਂ ਨੂੰ ਐਰਿਕਸਨ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਉਲੰਘਣਾ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਸੀ। ਜਸਟਿਸ ਆਰਐੱਫ ਨਰੀਮਨ ਦੀ ਅਗਵਾਈ ਵਾਲੇ ਬੈਂਚ ਨੇ ਅੰਬਾਨੀ ਤੇ ਹੋਰਨਾਂ ਨੂੰ ਨੋਟਿਸ ਦਾ ਜਵਾਬ ਦੇਣ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਕੋਰਟ 'ਚ ਐਰਿਕਸਨ ਦੇ ਵਕੀਲ ਨੇ ਅੰਬਾਨੀ ਤੇ ਦੋ ਹੋਰਨਾਂ ਨੂੰ ਰਕਮ ਨਹੀਂ ਮੋੜਨ ਤਕ ਨਿਆਇਕ ਹਿਰਾਸਤ 'ਚ ਭੇਜੇ ਜਾਣ ਦੀ ਬੇਨਤੀ ਕੀਤੀ।