Indian Railways : ਤਿਉਹਾਰਾਂ ਦੇ ਸਮੇਂ ਬੋਨਸ ਨਾ ਮਿਲਣ ਕਾਰਨ ਰੇਲਵੇ ਮੁਲਾਜ਼ਮਾਂ 'ਚ ਨਾਰਾਜ਼ਗੀ ਹੈ। ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ (AIRF) ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 20 ਅਕਤੂਬਰ ਤਕ ਬੋਨਸ ਦਾ ਪੈਸਾ ਨਾ ਮਿਲਿਆ ਤਾਂ ਚੱਕਾ ਜਾਮ ਕੀਤਾ ਜਾਵੇਗਾ। ਰੇਲਵੇ ਮੁਲਾਜ਼ਮਾਂ ਨੂੰ ਹਰ ਸਾਲ ਦੁਰਗਾ ਪੂਜਾ ਤਕ ਉਤਪਾਦਕਤਾ ਨਾਲ ਜੁਡ਼ਿਆ ਬੋਨਸ (Productivity linked bonus) ਦਾ ਪੈਸਾ ਮਿਲ ਜਾਂਦਾ ਹੈ ਪਰ ਇਸ ਵਾਰ ਅਜਿਹਾ ਨਾ ਹੋਣ ਕਾਰਨ ਮੁਲਾਜ਼ਮ ਨਾਰਾਜ਼ ਹਨ।

AIRF ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ ਕਿ COVID-19 ਮਹਾਮਾਰੀ ਦੌਰਾਨ ਰੇਲਵੇ ਮੁਲਾਜ਼ਮਾਂ ਨੇ ਹਫ਼ਤੇ 'ਚ ਸੱਤੋਂ ਦਿਨ 24 ਘੰਟੇ ਕੰਮ ਕੀਤਾ, ਪਰ ਸਰਕਾਰ ਰੇਲਵੇ ਮੁਲਾਜ਼ਮਾਂ ਦੀ ਇਸ ਮੰਗ ਦੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ, ਵਰਚੂਅਲ ਬੈਠਕ 'ਚ ਇਹ ਫ਼ੈਸਲਾ ਕੀਤਾ ਗਿਆ ਕਿ ਰੇਲ ਮੰਤਰਾਲੇ ਵੱਲੋਂ ਜੇਕਰ 20 ਅਕਤੂਬਰ ਤਕ ਉਤਪਾਦਕਤਾ ਨਾਲ ਜੁਡ਼ੇ ਬੋਨਸ ਦੇ ਆਦੇਸ਼ ਨਹੀਂ ਕੀਤੇ ਜਾਂਦੇ ਹਨ ਤਾਂ 22 ਅਕਤੂਬਰ ਨੂੰ ਸਿੱਧੀ ਕਾਰਵਾਈ ਕੀਤੀ ਜਾਵੇਗੀ। 22 ਅਕਤੂਬਰ ਨੂੰ ਰੇਲਵੇ ਦਾ ਚੱਕਾ ਜਾਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਨੇ ਬੋਨਸ ਨਾਲ ਸਬੰਧਤ ਫਾਈਲ ਵਿੱਤ ਮੰਤਰਾਲੇ ਨੂੰ ਭੇਜੀ ਹੈ ਜਿਸ 'ਤੇ ਹੁਣ ਤਕ ਮਨਜ਼ੂਰੀ ਨਹੀਂ ਮਿਲੀ ਹੈ। ਹਮੇਸ਼ਾ ਦੁਰਗਾ ਪੂਜਾ ਤੋਂ ਪਹਿਲਾਂ ਭੁਗਤਾਨ ਕਰ ਦਿੱਤਾ ਜਾਂਦਾ ਹੈ ਪਰ ਇਸ ਵਾਰ ਅਜਿਹੀ ਨਹੀਂ ਕੀਤਾ ਗਿਆ। ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਵਜ੍ਹਾ ਨਾਲ ਮੁਲਾਜ਼ਮਾਂ 'ਚ ਗੁੱਸਾ ਹੈ। ਮੀਟਿੰਗ 'ਚ ਨਿੱਜੀਕਰਨ, ਆਊਟ ਸੋਰਸਿੰਗ, ਓਲਡ ਪੈਨਸ਼ਨ ਸਕੀਮ ਤੇ ਭੱਤਿਆਂ ਦੇ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਹੋਇਆ ਤੇ ਚਿੰਤਾ ਜ਼ਾਹਿਰ ਕੀਤੀ ਗਈ।

AIRF ਦੇ ਜ਼ੋਨਲ ਮਹਾ ਮੰਤਰੀ ਆਰਡੀ ਯਾਦਵ ਨੇ ਦੱਸਿਆ ਕਿ 20 ਅਕਤੂਬਰ ਨੂੰ ਬੋਨਸ ਦਿਵਸ ਮਨਾਉਂਦੇ ਹੋਏ ਦੇਸ਼ ਭਰ ਵਿਚ ਧਰਨ-ਪ੍ਰਦਰਸ਼ਨ ਕੀਤਾ ਜਾਵੇਗਾ। 22 ਅਕਤੂਬਰ ਨੂੰ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਅੰਦੋਲਨ ਨੂੰ 'ਰੇਲ ਬਚਾਓ, ਦੇਸ਼ ਬਚਾਓ' ਅੰਦੋਲਨ ਦੇ ਰੂਪ 'ਚ ਕੀਤਾ ਜਾਵੇਗਾ।

Posted By: Seema Anand