ਨਵੀਂ ਦਿੱਲੀ, ਜੇਐੱਨਐੱਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ ਦੌਰਾਨ ਰੇਲਵੇ ਦੇ ਕਿਸੇ ਠੇਕਾ ਮੁਲਾਜ਼ਮ ਦੀ ਨੌਕਰੀ ਨਹੀਂ ਜਾਵੇਗੀ ਤੇ ਨਾ ਤਨਖ਼ਾਹ ਕੱਟੀ ਜਾਵੇਗੀ। ਰੇਲਵੇ ਨੇ ਆਪਣੇ ਸਾਰੇ ਠੇਕੇਦਾਰਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਹੈ। ਇਸ ਦੇ ਲਈ ਠੇਕਾ ਸੇਵਾਵਾਂ ਦੇਣ ਵਾਲੇ ਠੇਕੇਦਾਰਾਂ ਨੂੰ ਠੇਕਾ ਰਾਸ਼ੀ ਦਾ 70 ਫ਼ੀਸਦੀ ਤਕ ਭੁਗਤਾਨ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਲਗਪਗ 50 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਲਾਭ ਮਿਲੇਗਾ।

ਰੇਲਵੇ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ 22 ਮਾਰਚ ਦੀ ਰਾਤ ਤੋਂ ਰੇਲ ਸੇਵਾਵਾਂ ਬੰਦ ਹਨ। ਇਸ ਨਾਲ ਠੇਕਾ ਮੁਲਾਜ਼ਮਾਂ ਲਈ ਰੋਜ਼ੀ-ਰੋਟੀ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸ ਨੂੰ ਦੇਖਦੇ ਹੋਏ ਰੇਲਵੇ ਨੇ ਠੇਕਾ ਸੇਵਾਵਾਂ ਦੇਣ ਵਾਲੇ ਸਾਰੇ ਠੇਕੇਦਾਰਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਅਤੇ ਕਿਸੇ ਦੀ ਵੀ ਛਾਂਟੀ ਨਾ ਕਰਨ ਦੇ ਹੁਕਮ ਦਿੱਤੇ ਹਨ।

ਅਜਿਹਾ ਕਰਨ 'ਚ ਠੇਕੇਦਾਰਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਦੇ ਲਈ ਉਨ੍ਹਾਂ ਨੂੰ ਠੇਕੇ ਦੀ ਰਾਸ਼ੀ ਦਾ 70 ਫ਼ੀਸਦੀ ਤਕ ਭੁਗਤਾਨ ਕੀਤਾ ਜਾਵੇਗਾ। ਕਿਉਂਕਿ ਲਾਕਡਾਊਨ ਦੌਰਾਨ ਠੇਕੇਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਸੇਵਾਵਾਂ ਨਹੀਂ ਦੇਣੀਆਂ ਪੈਣਗੀਆਂ, ਲਿਹਾਜ਼ਾ ਸਮੱਗਰੀ 'ਤੇ ਕੋਈ ਖ਼ਰਚ ਨਹੀਂ ਹੋਵੇਗਾ। ਉਨ੍ਹਾਂ ਨੂੰ ਸਿਰਫ਼ ਮੁਲਾਜ਼ਮਾਂ ਦੀ ਤਨਖ਼ਾਹ ਦਾ ਖ਼ਰਚ ਦੇਣਾ ਹੋਵੇਗਾ। ਲਿਹਾਜ਼ਾ 80 ਫ਼ੀਸਦੀ ਭੁਗਤਾਨ ਨਾਲ ਉਨ੍ਹਾਂ ਦੇ ਖ਼ਰਚ ਤੇ ਲਾਭ ਦੋਵੇਂ ਨਿਕਲ ਆਉਣਗੇ।

Posted By: Akash Deep