ਜਾਗਰਣ ਬਿਊਰੋ, ਨਵੀਂ ਦਿੱਲੀ : ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ 'ਚ ਵੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਦਾ ਪੜਾਅ ਬਣਿਆ ਰਿਹਾ। ਜੁਲਾਈ ਤੋਂ ਸਤੰਬਰ 2019 ਦੀ ਮਿਆਦ 'ਚ ਜੀਡੀਪੀ ਦੀ ਵਾਧਾ ਦਰ 4.5 ਫੀਸਦੀ 'ਤੇ ਆ ਗਈ ਹੈ। ਇਹ ਪਿਛਲੇ ਛੇ ਸਾਲਾਂ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਜਨਵਰੀ-ਮਾਰਚ 2012-13 ਦੀ ਤਿਮਾਹੀ 'ਚ 4.3 ਫੀਸਦ ਦੀ ਜੀਡੀਪੀ ਵਾਧਾ ਦਰਜ ਕੀਤੀ ਗਈ ਸੀ। ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨਐੱਸਓ) ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਦੇ ਜੀਡੀਪੀ ਅੰਕੜੇ ਜਾਰੀ ਕੀਤੇ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ 'ਚ ਜੀਡੀਪੀ ਦੀ ਵਾਧਾ ਦਰ 7 ਫੀਸਦੀ ਰਹੀ ਸੀ। ਜਦਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ 5 ਫੀਸਦੀ ਰਹੀ ਸੀ। ਐੱਨਐੱਸਓ ਦੇ ਮੁਤਾਬਕ ਦੂਜੀ ਤਿਮਾਹੀ 'ਚ ਜੀਡੀਪੀ ਦਾ ਆਕਾਰ 35.99 ਲੱਖ ਕਰੋੜ ਰੁਪਏ ਰਿਹਾ ਹੈ, ਜਿਹੜਾ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ 'ਚ 34.43 ਲੱਖ ਕਰੋੜ ਰੁਪਏ ਸੀ। ਵਿੱਤ ਮੰਤਰਾਲੇ 'ਚ ਮੁੱਖ ਆਰਥਿਕ ਸਲਾਹਕਾਰ ਕੇ. ਸੁਬਰਾਮਣੀਅਨ ਨੇ ਜੀਡੀਪੀ ਦੇ ਅੰਕੜਿਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਕੋਨੌਮੀ ਦੇ ਫੰਡਾਮੈਂਟਲ ਮਜ਼ਬੂਤ ਹਨ ਤੇ ਤੀਜੀ ਤਿਮਾਹੀ ਨਾਲ ਅਰਥਚਾਰਾ ਮੰਦੀ ਤੋਂ ਬਾਹਰ ਨਿਕਲਣਾ ਸ਼ੁਰੂ ਹੋਵੇਗਾ।

ਅੰਕੜਿਆਂ ਮੁਤਾਬਕ ਆਰਥਿਕ ਵਿਕਾਸ ਦਰ ਨੂੰ ਖੇਤੀ ਤੇ ਮੈਨੂਫੈਕਚਰਿੰਗ ਸੈਕਟਰ ਦੇ ਪ੍ਰਦਰਸ਼ਨ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਮੈਨੂਫੈਕਚਰਿੰਗ ਸੈਕਟਰ ਦੀ ਪੈਦਾਵਾਰ 'ਚ ਇਸ ਤਿਮਾਹੀ ਇਕ ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਜੁਲਾਈ-ਸਤੰਬਰ ਦੀ ਮਿਆਦ 'ਚ ਇਹ -1.0 ਫੀਸਦੀ ਹੀ ਹੈ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ 'ਚ ਇਹ 6.9 ਫੀਸਦੀ ਰਹੀ ਸੀ। ਪਿਛਲੇ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ 'ਚ 4.9 ਫੀਸਦੀ ਦੀ ਰਫਤਾਰ ਨਾਲ ਗ੍ਰੋਥ ਕਰਨ ਵਾਲੇ ਖੇਤੀ ਖੇਤਰ ਦੀ ਰਫਤਾਰ ਇਸ ਮਿਆਦ 'ਚ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਐੱਨਐੱਸਓ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2019-20 ਦੀ ਜੁਲਾਈ-ਸਤੰਬਰ ਦੀ ਤਿਮਾਹੀ 'ਚ ਖੇਤੀ ਸੈਕਟਰ ਦੀ ਵਾਧਾ ਦਰ 2.1 ਫੀਸਦੀ ਰਹੀ ਹੈ। ਲਗਪਗ ਇਹੀ ਸਥਿਤੀ ਕੰਸਟ੍ਰਕਸ਼ਨ ਸੈਕਟਰ ਦੀ ਵੀ ਰਹੀ ਹੈ। ਦੂਜੀ ਤਿਮਾਹੀ 'ਚ ਇਸ ਖੇਤਰ ਦੀ ਵਾਧਾ ਦਰ ਪਿਛਲੇ ਸਾਲ ਦੇ 8.5 ਫੀਸਦੀ ਤੋਂ ਘੱਟ ਕੇ 3.3 ਫੀਸਦੀ ਰਹਿ ਗਈ ਹੈ ਜਦਕਿ ਮਾਈਨਿੰਗ ਖੇਤਰ ਦੀ ਵਿਕਾਸ ਦਰ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ 2.2 ਫੀਸਦੀ ਤੋਂ ਘੱਟ ਕੇ 0.1 ਫੀਸਦ 'ਤੇ ਆ ਗਈ ਹੈ। ਇਹ ਸਾਰੇ ਸੈਕਟਰ ਰੁਜ਼ਗਾਰ ਦੇਣ ਵਾਲੇ ਖੇਤਰਾਂ ਦੀ ਗਿਣਤੀ ਵਿਚ ਆਉਂਦੇ ਹਨ।

ਦੂਜੇ ਪਾਸੇ ਸੇਵਾਵਾਂ ਦੇ ਖੇਤਰ 'ਚ ਵੀ ਪ੍ਰਦਰਸ਼ਨ 'ਚ ਗਿਰਾਵਟ ਦਾ ਦੌਰ ਬਣਿਆ ਹੋਇਆ ਹੈ। ਬਿਜਲੀ, ਗੈਸ, ਪਾਣੀ ਤੇ ਹੋਰ ਸਮਾਜਿਕ ਸੇਵਾਵਾਂ ਦੀ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 3.6 ਫੀਸਦੀ ਰਹੀ ਹੈ। ਜਦਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਸ ਖੇਤਰ ਨੇ 8.7 ਫੀਸਦੀ ਦੀ ਦਰ ਨਾਲ ਵਾਧਾ ਹਾਸਲ ਕੀਤਾ ਸੀ। ਇਸ ਤਰ੍ਹਾਂ ਟ੍ਰੇਡ, ਹੋਟਲ, ਟਰਾਂਸਪੋਰਟ, ਕਮਿਊਨਿਕੇਸ਼ਨ ਤੇ ਬ੍ਰਾਡਕਾਸਟਿੰਗ ਨਾਲ ਜੁੜੀਆਂ ਹੋਰ ਸੇਵਾਵਾਂ ਦੀ ਵਾਧਾ ਦਰ 6.9 ਫੀਸਦੀ ਤੋਂ ਘੱਟ ਕੇ ਦੂਜੀ ਤਿਮਾਹੀ 'ਚ 4.8 ਫੀਸਦੀ 'ਤੇ ਆ ਗਈ ਹੈ। ਵਿੱਤੀ ਸੇਵਾਵਾਂ ਦੀ ਵਾਧਾ ਦਰ 'ਚ ਵੀ ਇਸੇ ਮਿਆਦ 'ਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਸੱਤ ਫੀਸਦੀ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 5.8 ਫੀਸਦੀ ਰਹੀ ਹੈ। ਪਰ ਲੋਕ ਸੇਵਾ, ਰੱਖਿਆ ਤੇ ਹੋਰ ਸੇਵਾਵਾਂ ਦੀ ਵਾਧਾ ਦਰ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ 8.6 ਫੀਸਦੀ ਤੋਂ ਵੱਧ ਕੇ 11.6 ਫੀਸਦੀ ਹੋ ਗਈ ਹੈ।

ਅਰਥਚਾਰੇ 'ਚ ਨਿਵੇਸ਼ ਦਾ ਬੈਰੋਮੀਟਰ ਮੰਨੇ ਜਾਣ ਵਾਲੇ ਗ੍ਰਾਸ ਫਿਕਸਡ ਕੈਪੀਟਲ ਫਾਰਮੇਸ਼ਨ 2011-12 ਦੇ ਮੁੱਲਾਂ 'ਤੇ ਦੂਜੀ ਤਿਮਾਹੀ 'ਚ 10.83 ਲੱਖ ਕਰੋੜ ਰੁਪਏ ਆਂਕਿਆ ਗਿਆ ਹੈ। ਇਹ ਪਿਛਲੇ ਸਾਲ ਇਸੇ ਮਿਆਦ 'ਚ 11.16 ਲੱਖ ਕਰੋੜ ਰੁਪਏ ਰਿਹਾ ਸੀ। ਇਹ ਜੀਡੀਪੀ ਦਾ 30.1 ਫੀਸਦੀ ਹੈ ਜਿਹੜਾ ਪਿਛਲੇ ਸਾਲ 32.4 ਫੀਸਦੀ ਸੀ। ਹਾਲਾਂਕਿ ਸਰਕਾਰ ਦੇ ਖਰਚ ਦੇ ਅੰਕੜੇ 'ਚ ਦੂਜੀ ਤਿਮਾਹੀ 'ਚ ਵਾਧਾ ਦਰਜ ਕੀਤਾ ਗਿਆ ਹੈ। ਇਹ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ 11.9 ਫੀਸਦੀ ਤੋਂ ਵੱਧ ਕੇ ਇਸ ਸਾਲ 13.1 ਫੀਸਦੀ 'ਤੇ ਆ ਗਿਆ ਹੈ। ਜਿੱਥੋਂ ਤਕ ਛਿਮਾਹੀ ਆਧਾਰ 'ਤੇ ਦੇਸ਼ ਦੀ ਅਰਥਵਿਵਸਥਾ ਦੇ ਪ੍ਰਦਰਸ਼ਨ ਦਾ ਸਵਾਲ ਹੈ, ਉਸ ਵਿਚ ਜੀਡੀਪੀ ਵਿਕਾਸ ਦਰ ਅਪ੍ਰੈਲ-ਸਤੰਬਰ ਦੇ ਸਮੇਂ ਦੌਰਾਨ 4.8 ਫੀਸਦੀ ਰਹੀ ਹੈ। ਹਿ ਬੀਤੇ ਸਾਲ 7.5 ਫੀਸਦੀ ਸੀ।


ਦੂਜੀ ਤਿਮਾਹੀ ਦੀ ਵਿਕਾਸ ਦਰ (ਫੀਸਦੀ 'ਚ)

ਖੇਤਰ-------------2018-19----------------2019-20

ਖੇਤੀ, ਜੰਗਲਾਤ, ਮੱਛੀ---------4.9--------------2.1

ਮਾਈਨਿੰਗ-------------2.2-----------------0.1

ਮੈਨੂਫੈਕਚਰਿੰਗ--------------6.9--------------1.0

ਬਿਜਲੀ, ਗੈਸ, ਪਾਣੀ ਸੇਵਾਵਾਂ-----------------8.7--------------3.6

ਕੰਸਟ੍ਰਕਸ਼ਨ---------------8.5--------------3.3

ਵਪਾਰ, ਹੋਟਲ ਟਰਾਂਸਪੋਰਟ

ਕਮਿਊਨਿਕੇਸ਼ਨ ਸੇਵਾਵਾਂ-------------6.9---------------4.8

ਵਿੱਤ, ਰਿਅਲ ਅਸਟੇਟ

ਪ੍ਰੋਫੈਸ਼ਨਲ ਸੇਵਾਵਾਂ---------------------7.0----------5.8

ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰ ਸੇਵਾਵਾਂ------------8.6------------11.6

(ਨੋਟ : ਅੰਕੜੇ 2011-12 ਦੀਆਂ ਕੀਮਤਾਂ 'ਤੇ)

Posted By: Seema Anand