ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਨੇ 'ਖੇਤੀਬਾੜੀ ਕਲਿਆਣ ਸੈੱਸ' ਤੇ 'ਸਵੱਛ ਭਾਰਤ ਸੈੱਸ' ਵਰਗੇ ਵੱਖ-ਵੱਖ ਸੈੱਸ ਲਗਾ ਕੇ ਜਨਤਾ ਤੋਂ ਭਾਰੀ ਰਕਮ ਵਸੂਲ ਕਰ ਲਈ ਪਰ ਇਸ ਰਾਸ਼ੀ ਦੀ ਵਰਤੋਂ ਉਨ੍ਹਾਂ ਉਦੇਸ਼ਾਂ ਲਈ ਨਹੀਂ ਕੀਤੀ ਗਈ, ਜਿਸ ਲਈ ਇਹ ਸੈੱਸ ਲਗਾਏ ਗਏ ਸਨ। ਕੈਗ ਨੇ ਆਪਣੀ ਤਾਜ਼ਾ ਆਡਿਟ ਰਿਪੋਰਟ 'ਚ ਇਸ ਬਾਰੇ ਅਹਿਮ ਖੁਲਾਸਾ ਕੀਤਾ ਹੈ। ਕੈਗ ਦਾ ਕਹਿਣਾ ਹੈ ਕਿ ਵਿੱਤੀ ਵਰ੍ਹੇ 2016-17 'ਚ ਸਰਕਾਰ ਨੇ ਸੈੱਸ ਦੇ ਰੂਪ 'ਚ ਇਕੱਠੀ ਕੀਤੀ ਗਈ ਕੁੱਲ ਰਾਸ਼ੀ 'ਚੋਂ 31,155 ਕਰੋੜ ਰੁਪਏ 'ਪਬਲਿਕ ਅਕਾਊਂਟ' 'ਚ ਬਣਾਏ ਗਏ ਵਿਸ਼ੇਸ਼ ਫੰਡਾਂ 'ਚ ਟਰਾਂਸਫਰ ਨਹੀਂ ਕੀਤੀ, ਜਿਸ ਨਾਲ ਇਹ ਰਾਸ਼ੀ ਨਿਰਧਾਰਿਤ ਉਦੇਸ਼ ਲਈ ਸਮੇਂ 'ਤੇ ਖਰਚ ਨਹੀਂ ਹੋ ਸਕੀ। ਇਸ ਦੇ ਉਲਟ ਸਰਕਾਰ ਨੇ ਇਸ ਰਾਸ਼ੀ ਨੂੰ ਜਮ੍ਹਾਂ ਰਾਸ਼ੀ 'ਚ ਪਾ ਕੇ ਰੱਖਿਆ।

'ਰਾਜਕੋਸ਼ੀਯ ਉੱਤਰਦਾਇਤਵ ਤੇ ਬਜਟੀਯ ਪ੍ਰਬੰਧਨ ਕਾਨੂੰਨ, 2003' 'ਤੇ ਕੈਗ ਨੇ ਆਪਣੀ ਆਡਿਟ ਰਿਪੋਰਟ 'ਚ ਕਿਹਾ ਹੈ ਕਿ ਵਿੱਤੀ ਵਰ੍ਹੇ 2016-17 'ਚ ਸਰਕਾਰ ਨੇ ਅੱਠ ਸੈੱਸ (ਸੋਧ ਜਾਂ ਅਨੁਸੰਧਾਨ ਸੈੱਸ, ਮੁੱਢਲੀ ਸਿੱਖਿਆ ਸੈੱਸ, ਚੀਨੀ 'ਤੇ ਸੈੱਸ, ਖੇਤੀਬਾੜੀ ਕਲਿਆਣ ਸੈੱਸ ਤੇ ਸਵੱਛ ਭਾਰਤ ਸੈੱਸ) ਦੇ ਰੂਪ 'ਚ ਕੁੱਲ 73,264 ਕਰੋੜ ਰੁਪਏ ਸੈੱਸ ਵਸੂਲਿਆ, ਪਰ ਇਸ 'ਚੋਂ ਸਿਰਫ 42,108 ਕਰੋੜ ਰੁਪਏ ਹੀ ਪਬਲਿਕ ਅਕਾਊਂਟ 'ਚ ਬਣੇ ਹੋਏ ਵਿਸ਼ੇਸ਼ ਫੰਡਾਂ 'ਚ ਟਰਾਂਸਫਰ ਕੀਤੇ ਗਏ, ਜਦਕਿ 31,155 ਕਰੋੜ ਰੁਪਏ ਜਮ੍ਹਾਂ ਰਾਸ਼ੀ 'ਚ ਹੀ ਪਾ ਕੇ ਰੱਖੇ। ਇੰਨਾਂ ਹੀ ਨਹੀਂ ਸਰਕਾਰ ਨੇ ਸੈੱਸ ਦੀ ਇਸ ਰਾਸ਼ੀ ਬਾਰੇ ਸਾਲਾਨਾ ਲੇਖਾ ਜਾਂ ਬਜਟ ਦਸਤਾਵੇਜ਼ਾਂ 'ਚ ਵੀ ਕੋਈ ਖੁਲਾਸਾ ਨਹੀਂ ਕੀਤਾ। ਇਸੇ ਤਰ੍ਹਾਂ ਸਰਕਾਰ ਨੇ ਇਹ ਵੀ ਖੁਲਾਸਾ ਨਹੀਂ ਕੀਤਾ ਕਿ ਜਿਸ ਉਦੇਸ਼ ਲਈ ਸੈੱਸ ਵਸੂਲਿਆ ਗਿਆ ਉਸ ਲਈ ਇਸ ਦੀ ਵਰਤੋਂ ਹੋਈ ਜਾਂ ਨਹੀਂ ਤੇ ਕਿੰਨੀ ਰਾਸ਼ੀ ਬਕਾਇਆ ਰਹਿ ਗਈ।

ਕੈਗ ਅਨੁਸਾਰ ਵਿੱਤੀ ਵਰ੍ਹੇ 2016-17 'ਚ ਸਰਕਾਰ ਨੇ ਸਵੱਛ ਭਾਰਤ ਫੰਡ ਦੇ ਰੂਪ 'ਚ 12,475 ਕਰੋੜ ਰੁਪਏ ਵਸੂਲੇ, ਪਰ ਇਸ ਦੇ ਖਜ਼ਾਨੇ 'ਚ ਸਿਰਫ 10 ਹਜ਼ਾਰ ਕਰੋੜ ਰੁਪਏ ਹੀ ਟਰਾਂਸਫਰ ਕੀਤੇ। ਇਸੇ ਤਰ੍ਹਾਂ ਖੇਤੀਬਾੜੀ ਕਲਿਆਣ ਸੈੱਸ ਦੀ ਵੀ ਅੱਧੀ ਤੋਂ ਵੱਧ ਰਾਸ਼ੀ ਉਸ ਦੇ ਖਜ਼ਾਨੇ 'ਚ ਟਰਾਂਸਫਰ ਨਹੀਂ ਕੀਤੀ ਗਈ। ਵਿੱਤੀ ਵਰ੍ਹੇ 2016-17 'ਚ ਸਰਕਾਰ ਨੇ ਖੇਤੀਬੜੀ ਕਲਿਆਣ ਸੈੱਸ ਦੇ ਰੂਪ 'ਚ 8379 ਕਰੋੜ ਰੁਪਏ ਜੁਟਾਏ, ਜਿਸ 'ਚੋਂ ਸਿਰਫ 3596 ਕਰੋੜ ਰੁਪਏ ਹੀ ਇਸ ਦੇ ਖਜ਼ਾਨੇ 'ਚ ਟਰਾਂਸਫਰ ਕੀਤੇ। ਇਸੇ ਤਰ੍ਹਾਂ ਮਾਧਮਿਕ ਤੇ ਉੱਚ ਸਿੱਖਿਆ ਸੈੱਸ ਦੇ ਮਾਧਿਅਮ ਤੋਂ 1941 ਕਰੋੜ ਰੁਪਏ ਵਸੂਲਣ ਦੇ ਬਾਵਜੂਦ ਇਕ ਰੁਪਇਆ ਵੀ ਪਬਲਿਕ ਅਕਾਊਂਟ 'ਚ ਬਣੇ ਇਸ ਦੇ ਫੰਡ 'ਚ ਟਰਾਂਸਫਰ ਨਹੀਂ ਕੀਤਾ ਗਿਆ। ਸਵੱਛ ਵਾਤਾਵਰਨ ਸੈੱਸ ਤੋਂ ਵਸੂਲ ਕੀਤੀ ਗਈ 26117 ਕਰੋੜ ਰੁਪਏ ਰਾਸ਼ੀ 'ਚੋਂ 6436 ਕਰੋੜ ਰੁਪਏ ਹੀ ਸਰਕਾਰ ਨੇ ਟਰਾਂਸਫਰ ਕੀਤੀ, ਜਦਕਿ 19681 ਕਰੋੜ ਰੁਪਏ ਅਜਿਹੇ ਹੀ ਪਏ ਰਹੇ।