ਨਵੀਂ ਦਿੱਲੀ : ਲੋਕਾਂ ਵਿਚਾਲੇ ਜਾਗਰੂਕਤਾ ਵਧਣ ਨਾਲ ਹੁਣ ਮਿਊਚਲ ਫੰਡਾਂ ਪ੍ਰਤੀ ਉਨ੍ਹਾਂ ਦਾ ਰੁਝਾਨ ਵਧਿਆ ਹੈ। ਨਿਵੇਸ਼ ਦੇ ਰਵਾਇਤੀ ਤਰੀਕੇ ਜਿਵੇਂ ਰੈਕਰਿੰਗ ਡਿਪਾਜ਼ਿਟ, ਫਿਕਸਡ ਡਿਪਾਜ਼ਿਟ ਦੀ ਜਗ੍ਹਾ ਨਿਵੇਸ਼ਕ ਹੁਣ ਲੰਬੇ ਸਮੇਂ ਲਈ ਇਕੁਅਟੀ ਮਿਊਚਲ ਫੰਡਾਂ ਵਿਚ ਨਿਵੇਸ਼ ਕਰਨ ਲੱਗੇ ਹਨ। ਹਾਲਾਂਕਿ, ਕੁਝ ਲੋਕ ਹਾਲੇ ਵੀ ਇਹੀ ਸੋਚਦੇ ਹਨ ਕਿ ਚਲੋ ਪੈਸੇ ਤਾਂ ਮਿਊਚਲ ਫੰਡ ਵਿਚ ਲਗਾ ਦਿੱਤੇ ਪਰ ਇਹ ਨਿਕਲਣਗੇ ਕਿਵੇਂ? ਇਸ ਵਿਚ ਕਿੰਨਾ ਸਮਾਂ ਲੱਗੇਗਾ। ਇਸ ਦੀ ਪ੍ਰਕਿਰਿਆ ਕੀ ਹੈ? ਜੇਕਰ ਤੁਸੀਂ ਵੀ ਮਿਊਚਲ ਫੰਡਾਂ ਦੇ ਜ਼ਿਆਦਾ ਮੁਨਾਫ਼ੇ ਦਾ ਲਾਭ ਸਿਰਫ਼ ਇਸ ਕਾਰਨ ਨਹੀਂ ਉਠਾ ਰਹੇ ਹੋ ਕਿ ਇਨ੍ਹਾਂ 'ਚੋਂ ਪੈਸੇ ਕਢਵਾਉਣ 'ਚ ਪਰੇਸ਼ਾਨੀ ਹੋਵੇਗੀ ਤਾਂ ਅਸੀਂ ਤੁਹਾਡੀ ਇਸ ਮੁਸ਼ਕਲ ਨੂੰ ਆਸਾਨ ਬਣਾ ਦਿੰਦੇ ਹਾਂ। ਮਿਊਚਲ ਫੰਡਾਂ 'ਚੋਂ ਪੈਸਾ ਕਢਵਾਉਣਾ ਯਾਨੀ ਯੂਨਿਟਸ ਦਾ ਲਾਭ ਲੈਣਾ ਕਾਫ਼ੀ ਸੌਖਾ ਹੈ।

ਕੀ ਹੈ ਮਿਊਚਲ ਫੰਡ ਯੂਨਿਟਸ ਨੂੰ ਰਿਡੀਮ ਕਰਨ ਦੀ ਪ੍ਰਕਿਰਿਆ

ਜੇਕਰ ਤੁਸੀਂ ਮਿਊਚਲ ਫੰਡਾਂ 'ਚ ਇਨਵੈਸਟ ਕੀਤਾ ਹੈ ਅਤੇ ਆਪਣੇ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਇਸ ਦੀ ਸ਼ੁਰੂਆਤ ਕਿਸੇ ਵੀ ਕਾਰੋਬਾਰੀ ਦਿਨ ਕਰ ਸਕਦੇ ਹੋ। ਜੇਕਰ ਤੁਸੀਂ ਏਜੰਟ ਦੀ ਮਦਦ ਲੈ ਕੇ ਖ਼ੁਦ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਊਚਲ ਫੰਡ ਕੰਪਨੀ ਦੀ ਵੈਬਸਾਈਟ ਤੋਂ ਟ੍ਰਾਂਜ਼ੈਕਸ਼ਨ ਸਲਿੱਪ ਡਾਊਨਲੋਡ ਕਰਨੀ ਪਵੇਗੀ। ਇਸ ਨੂੰ ਭਰ ਲਓ ਅਤੇ ਇਸ ਰਿਡੈਂਪਸ਼ਨ ਐਪਲੀਕੇਸ਼ਨ ਨੂੰ ਸਬੰਧਤ ਮਿਊਚਲ ਫੰਡ ਕੰਪਨੀ ਦੇ ਕਿਸੇ ਵੀ ਦਫ਼ਤਰ ਵਿਚ ਜਮ੍ਹਾਂ ਕਰਵਾ ਦਿਓ।

ਆਨਲਾਈਨ ਵੀ ਕਢਵਾ ਸਕਦੇ ਹੋ ਮਿਊਚਲ ਫੰਡ 'ਚੋਂ ਪੈਸੇ

ਤੁਸੀਂ ਆਨਲਾਈਨ ਵੀ ਮਿਊਚਲ ਫੰਡ 'ਚੋਂ ਪੈਸੇ ਕਢਵਾ ਸਕਦੇ ਹੋ। ਜ਼ਿਆਦਾਤਰ ਮਿਊਚਲ ਫੰਡ ਕੰਪਨੀਆਂ ਆਪਣੀ ਵੈੱਬਸਾਈਟ ਜ਼ਰੀਏ ਆਨਲਾਈਨ ਰਿਡੈਂਪਸ਼ਨ ਦੀ ਸਹੂਲਤ ਦਿੰਦੀਆਂ ਹਨ। ਜੇਕਰ ਤੁਸੀਂ ਆਨਲਾਈਨ ਨਿਵੇਸ਼ ਕੀਤਾ ਹੈ ਤਾਂ ਇਹ ਪ੍ਰਕਿਰਿਆ ਹੋਰ ਆਸਾਨ ਹੋ ਜਾਂਦੀ ਹੈ।

ਬੈਂਕ ਅਕਾਊਂਟ ਵਿਚ ਪੈਸੇ ਆਉਣ 'ਚ ਲੱਗੇਗਾ ਵਧ ਤੋਂ ਵਧ 4 ਦਿਨਾਂ ਦਾ ਸਮਾਂ

ਜੇਕਰ ਤੁਸੀਂ ਲਿਕਵਿਡ ਜਾਂ ਡੇਟ ਓਰੀਏਂਟਿਡ ਮਿਊਚਲ ਫੰਡਾਂ ਵਿਚ ਨਿਵੇਸ਼ ਕੀਤਾ ਹੈ ਤਾਂ ਤੁਹਾਨੂੰ ਵਧ ਤੋਂ ਵਧ ਦੋ ਦਿਨਾਂ ਵਿਚ ਪੈਸੇ ਮਿਲ ਜਾਣਗੇ। ਡੇਟ ਮਿਊਚਲ ਫੰਡਾਂ ਦੇ ਯੂਨਿਟ ਤੁੜਵਾਉਣ 'ਤੇ ਜ਼ਿਆਦਾਤਰ ਮਾਮਲਿਆਂ 'ਚ ਉਸੇ ਦਿਨ ਪੈਸੇ ਅਕਾਊਂਟ ਵਿਚ ਆ ਜਾਂਦੇ ਹਨ। ਇਕਵਿਟੀ ਫੰਡਾਂ ਦਾ ਪੈਸਾ 4-5 ਦਿਨਾਂ ਵਿਚ ਨਿਵੇਸ਼ਕਾਂ ਦੇ ਅਕਾਊਂਟ ਵਿਚ ਆ ਜਾਂਦਾ ਹੈ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਇਕਵਿਟੀ ਫੰਡਾਂ ਵਿਚ ਨਿਵੇਸ਼ ਕੀਤਾ ਹੋਇਆ ਹੈ ਅਤੇ ਯੂਨਿਟ ਖਰੀਦਣ ਦੇ 356 ਦਿਨਾਂ ਦੇ ਅੰਦਰ ਉਸ ਨੂੰ ਤੁੜਵਾ ਰਹੇ ਹੋ ਤਾਂ ਤੁਹਾਨੂੰ 1 ਫ਼ੀਸਦੀ ਤਕ ਦਾ ਐਗਜ਼ਿਟ ਲੋਡ ਦੇਣਾ ਪੈ ਸਕਦਾ ਹੈ। ਲਿਕਵਿਡ ਫੰਡ, ਅਲਟਰਾ ਸ਼ਾਰਟ ਆਦਿ 'ਤੇ ਕੋਈ ਐਗ਼ਜ਼ਿਟ ਲੋਡ ਨਹੀਂ ਲਗਦਾ ਹੈ।

ਤੁਹਾਡੇ ਕੋਲ ਇੰਜ ਆਉਂਦੇ ਹਨ ਮਿਊਚਲ ਫੰਡ ਦੇ ਪੈਸੇ

ਮਿਊਚਲ ਫੰਡ ਦੇ ਯੂਨਿਟ ਤੁੜਵਾਉਣ (ਰਿਡੀਮ) ਤੋਂ ਪ੍ਰਾਪਤ ਹੋਣ ਵਾਲੇ ਪੈਸੇ ਸਿੱਧੇ ਬੈਂਕ ਖਾਤੇ ਵਿਚ ਆ ਜਾਂਦੇ ਹਨ। ਜੇਕਰ ਤੁਸੀਂ ਨਿਵੇਸ਼ ਵੇਲੇ ਬੈਂਕ ਸਬੰਧੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ। ਜੇਕਰ ਮਿਊਚਲ ਫੰਡ ਕੰਪਨੀ ਕੋਲ ਤੁਹਾਡੀ ਬੈਂਕ ਦੀ ਪੂਰੀ ਡਿਟੇਲ ਨਹੀਂ ਹੈ ਤਾਂ ਫਿਰ ਤੁਹਾਨੂੰ ਚੈੱਕ ਰਾਹੀਂ ਪੈਸੇ ਭੇਜ ਦਿੱਤੇ ਜਾਣਗੇ।

Posted By: Seema Anand