ਨਵੀਂ ਦਿੱਲੀ : ਬਜਟ 2019 'ਚ ਛੋਟੇ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ (ਪੀਐੱਮ-ਕਿਸਾਨ) ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਦੋ ਹੈਕਟੇਅਰ ਤਕ ਜੋਤ ਵਾਲੇ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਘੱਟੋ ਘੱਟ ਸਮਰਥਨ ਦਿੱਤਾ ਜਾਵੇਗਾ। ਇਹ ਰਕਮ ਕਿਸਾਨਾਂ ਦੇ ਖਾਤਿਆਂ 'ਚ ਤਿੰਨ ਕਿਸ਼ਤਾਂ 'ਚ ਪਾਈ ਜਾਵੇਗੀ।

ਸਰਕਾਰ ਦੇ ਮੁਤਾਬਕ ਸਹਾਇਤਾ ਰਾਸ਼ੀ ਦੀ ਪਹਿਲੀ ਕਿਸ਼ਤ ਮਾਰਚ 2019 'ਚ ਕਿਸਾਨਾਂ ਕੋਲ ਪਹੁੰਚ ਜਾਵੇਗੀ। ਅਜਿਹੇ ਲਾਭਪਾਤਰੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਤੋਂ ਕੁਝ ਡਾਕਿਊਮੈਂਟਸ ਦੀ ਤਿਆਰੀ ਕਰ ਲੈਣ ਜਿਸ ਨਾਲ ਕਿ ਇਸ ਯੋਜਨਾ ਦਾ ਲਾਭ ਲੈ ਸਕਣ।

ਬੈਂਕ ਅਕਾਊਂਟ ਨੰਬਰ, ਮੋਬਾਈਲ ਨੰਬਰ: ਕੇਂਦਰੀ ਖੇਤੀ ਮੰਤਰਾਲੇ ਵਲੋਂ ਸੂਬਾ ਸਰਕਾਰਾਂ ਨੂੰ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਉਹ ਪਿੰਡਾਂ 'ਚ ਲਾਭਪਾਤਰੀ ਛੋਟੇ ਅਤੇ ਸਰਹੱਦੀ ਕਿਸਾਨਾਂ ਦਾ ਡੈਟਾਬੇਸ ਬਣਾਉਣ। ਸੂਬਿਆਂ ਤੋਂ ਅਜਿਹੇ ਕਿਸਾਨਾਂ ਦਾ ਵੇਰਵਾ ਰੱਕਾ ਜਾਵੇ ਜਿਸ ਵਿਚ ਨਾਂ, ਇਸਤਰੀ ਜਾਂ ਮਰਦ ਦੀ ਜਾਣਕਾਰੀ, ਐੱਸਸੀ-ਐੱਸਟੀ ਖਾਤਾ ਨੰਬਰ ਅਤੇ ਮੋਬਾਈਲ ਨੰਬਰ ਲੈ ਕੇ ਰੱਖਿਆ ਜਾਵੇ।

ਆਧਾਰ ਕਾਰਡ: ਦੱਸਣਯੋਗ ਹੈ ਕਿ ਪੀਐੱਮ ਕਿਸਾਨ ਦੇ ਤਹਿਤ ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤਲੈਣ ਲਈ ਆਧਾਰ ਦੇਣਾ ਜ਼ਰੂਰੀ ਨਹੀਂ ਹੈ, ਪਰ ਦੂਜੀ ਅਤੇ ਹੋਰ ਕਿਸ਼ਤਾਂ ਲਈ ਆਧਾਰ ਨੰਬਰ ਦੇਣਾ ਲਾਜ਼ਮੀ ਹੈ।

ਇਹ ਡਾਕਿਊਮੈਂਟਸ ਵੀ ਆਉਣਗੇ ਕੰਮ

ਇਸ ਸਕੀਮ ਦਾ ਫਾਇਦਾ ਲੈਣ ਲਈ ਆਧਾਰ ਨੰਬਰ ਜ਼ਰੂਰੀ ਹੋਵੇਗਾ। ਜੇਕਰ ਆਧਾਰ ਨੰਬਰ ਨਹੀਂ ਹੈ ਤਾਂ ਹੋਰ ਬਦਲਵੇਂ ਦਸਤਾਵੇਜ਼ਾਂ ਜਿਵੇਂ-ਡਰਾਈਵਿੰਗ ਲਾਇਸੈਂਸ, ਵੋਟਰ ਪੱਛਾਣ ਪੱਤਰ, ਨਰੇਗਾ ਰੁਜ਼ਗਾਰ ਕਾਰਡ ਜਾਂ ਕੇਂਦਰ ਜਾਂ ਸੂਬਾ ਸਰਕਾਰ ਵਲੋਂ ਜਾਰੀ ਕਿਸੇ ਹੋਰ ਪੱਛਾਣ ਪੱਤਰ ਦੇ ਆਧਾਰ 'ਤੇ ਪਹਿਲੀ ਕਿਸ਼ਤ ਦਿੱਤੀ ਜਾ ਸਕਦੀ ਹੈ।

12 ਕਰੋੜ ਕਿਸਾਨਾਂ ਨੂੰ ਹੋਵੇਗਾ ਫਾਇਦਾ

ਦੱਸਣਯੋਗ ਹੈ ਕਿ ਸਰਕਾਰ ਨੇ ਚਾਲੂ ਵਿੱਤੀ ਸਾਲ 'ਚ 12 ਕਰੋੜ ਕਿਸਾਨਾਂ ਨੂੰ ਯੋਜਨਾ ਤਹਿਤ ਪੈਸੇ ਦੇਣ ਲਈ 20 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।

Posted By: Seema Anand