Post Office MIS : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਨਿਵੇਸ਼ਕ ਦੇ ਤੌਰ 'ਤੇ ਗਾਰੰਟਿਡ ਰਿਟਰਨ ਜਾਂ ਘੱਟ ਜੋਖ਼ਮ ਵਾਲੀ ਸਕੀਮ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ Post Office ਦੀ Monthly Income Scheme (MIS) 'ਚ ਨਿਵੇਸ਼ ਕਰ ਸਕਦੇ ਹੋ। ਇਹ ਇਕ ਘੱਟ ਜੋਖ਼ਮ ਵਾਲੀ ਨਿਵੇਸ਼ ਯੋਜਨਾ ਹੈ ਜਿਸ ਵਿਚ ਨਿਵੇਸ਼ਕ ਨੂੰ ਹਰ ਮਹੀਨੇ ਵਿਆਜ ਦੇ ਰੂਪ 'ਚ ਆਮਦਨ ਹੁੰਦੀ ਰਹਿੰਦੀ ਹੈ। ਪੋਸਟ ਆਫਿਸ ਦੀ ਇਹ ਸਕੀਮ ਅਜਿਹੇ ਵਿਅਕਤੀਆਂ ਲਈ ਹੈ ਜਿਨ੍ਹਾਂ ਨੂੰ ਇਕ ਵਾਰ ਨਿਵੇਸ਼ ਤੋਂ ਬਾਅਦ ਨਿਯਮਤ ਤੌਰ 'ਤੇ ਆਮਦਨ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਵੱਲੋਂ ਸਮਰਥਿਤ ਸਕੀਮ ਹੋਣ ਦੀ ਵਜ੍ਹਾ ਨਾਲ ਦੇਸ਼ ਵਿਚ Monthly Income Scheme ਨੂੰ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਸਕੀਮ 'ਚ ਨਿਵੇਸ਼ ਦੂਸਰੇ ਮਾਧਿਅਮਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਸ਼ੇਅਰ ਬਾਜ਼ਾਰ ਨਾਲ ਜੁੜੇ ਜੋਖ਼ਮ ਸ਼ਾਮਲ ਨਹੀਂ ਹੁੰਦੇ।

ਕਿੰਨਾ ਨਿਵੇਸ਼ ਕਰ ਸਕਦੇ ਹੋ ਇਸ ਸਕੀਮ 'ਚ

ਕੋਈ ਨਿਵੇਸ਼ਕ ਪੋਸਟ ਆਫਿਸ ਦੀ ਇਸ ਸਕੀਮ ਤਹਿਤ 100 ਰੁਪਏ ਦੇ ਗੁਣਾਂਕ ਦੇ ਰੂਪ 'ਚ ਨਿਵੇਸ਼ ਕਰ ਸਕਦਾ ਹੈ। ਇਕ ਇਕੱਲਾ ਵਿਅਕਤੀ ਇਸ ਸਕੀਮ ਅੰਦਰ ਵੱਧ ਤੋਂ ਵੱਧ 4.5 ਲੱਖ ਰੁਪਏ ਤਕ ਦਾ ਨਿਵੇਸ਼ ਕਰ ਸਕਦਾ ਹੈ। ਉੱਥੇ ਹੀ ਜੇਕਰ ਤੁਸੀਂ ਇਸ ਵਿਚ ਸੰਯੁਕਤ ਰੂਪ 'ਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਇਸ ਤਹਿਤ ਨੌਂ ਲੱਖ ਰੁਪਏ ਤਕ ਦਾ ਨਿਵੇਸ਼ ਕਰ ਸਕਦੇ ਹੋ। ਜੁਆਇੰਟ ਹੋਲਡਰ ਹੋਣ 'ਤੇ ਦੋਵਾਂ ਦੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ।

ਕੌਣ ਖੁੱਲ੍ਹਵਾ ਸਕਦਾ ਹੈ ਇਸ ਨੂੰ

ਇਸ ਤਹਿਤ ਕੋਈ ਵੀ ਬਾਲਗ ਵਿਅਕਤੀ ਆਪਣਾ ਖਾਤਾ ਖੁੱਲ੍ਹਵਾ ਸਕਦਾ ਹੈ। ਹਾਲਾਂਕਿ ਵੱਧ ਤੋਂ ਵੱਧ ਤਿੰਨ ਹੀ ਬਾਲਗ ਵਿਅਕਤੀਆਂ ਦਾ ਜੁਆਇੰਟ ਖਾਤਾ ਖੋਲ੍ਹਿਆ ਜਾਂਦਾ ਹੈ। ਕਿਸੇ ਨਾਬਾਲਗ ਦੇ ਨਾਂ 'ਤੇ ਉਸ ਦੇ ਮਾਪੇ ਇਸ ਸਕੀਮ 'ਚ ਨਿਵੇਸ਼ ਕਰ ਸਕਦੇ ਹਨ। ਬੱਚੇ ਦੇ ਨਾਂ 'ਤੇ ਖੋਲ੍ਹੇ ਗਏ ਅਕਾਊਂਟ ਦੀ ਲਿਮਟ ਕਿਸੇ ਵਿਅਕਤੀ ਵੱਲੋਂ ਕੀਤੇ ਗਏ ਨਿਵੇਸ਼ ਦੀ ਲਿਮਟ ਨਾਲੋਂ ਵੱਖਰੀ ਹੁੰਦੀ ਹੈ।

ਕਿਵੇਂ ਹਾਸਲ ਹੁੰਦਾ ਹੈ ਵਿਆਜ

ਇਸ ਵਿਚ ਅਕਾਊਂਟ ਖੁੱਲ੍ਹਵਾਉਣ ਦੇ ਇਕ ਮਹੀਨੇ ਪੂਰਾ ਹੁੰਦੇ ਹੀ ਵਿਆਜ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਤਕ ਮੈਚਿਓਰਟੀ ਨਾ ਹੋ ਜਾਵੇ ਉਦੋਂ ਤਕ ਮਿਲਦਾ ਰਹਿੰਦਾ ਹੈ। ਜੇਕਰ ਤੁਸੀਂ ਹਰ ਮਹੀਨੇ ਮਿਲਣ ਵਾਲੇ ਵਿਆਜ ਨੂੰ ਕਲੇਮ ਨਹੀਂ ਕਰਦੇ ਹੋ ਤਾਂ ਉਸ ਵਿਆਜ ਦੀ ਰਕਮ 'ਤੇ ਕੋਈ ਵਾਧੂ ਵਿਆਜ ਨਹੀਂ ਮਿਲਦਾ ਹੈ।

Posted By: Seema Anand