ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (PNB) ਨੇ ਦੇਸ਼ ਭਰ ਵਿਚ ਵਧਦੇ ATM ਫਰਾਡ ਨੂੰ ਰੋਕਣ ਲਈ ਇਕ ਵੱਡਾ ਕਦਮ ਉਠਾਇਆ ਹੈ। ਜੇਕਰ ਤੁਹਾਡਾ ਵੀ ਖਾਤਾ ਪੀਐੱਨਬੀ 'ਚ ਤਾਂ ਇਹ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ। 1 ਫਰਵਰੀ 2021 ਤੋਂ, PNB ਗਾਹਕ ਗ਼ੈਰ-EMV ਏਟੀਐੱਮ ਮਸ਼ੀਨਾਂ ਤੋਂ ਪੈਸੇ ਨਹੀਂ ਕਢਵਾਂ ਸਕਣਗੇ। ਪੀਐੱਨਬੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਬੈਂਕ ਨੇ ਕਿਹਾ ਕਿ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੀਐੱਨਬੀ ਨੇ ਇਹ ਕਦਮ ਉਠਾਇਆ ਹੈ ਤਾਂ ਜੋ ਗਾਹਕਾਂ ਦਾ ਪੈਸਾ ਸੁਰੱਖਿਅਤ ਰਹੇ। 1 ਫਰਵਰੀ ਤੋਂ ਗਾਹਕ ਬਿਨਾਂ EMV ਦੇ ਏਟੀਐੱਮ ਤੋਂ ਵਿੱਤੀ ਜਾਂ ਗ਼ੈਰ-ਵਿੱਤੀ ਲੈਣ-ਦੇਣ ਨਹੀਂ ਕਰ ਸਕਣਗੇ।

ਚੇਤੇ ਰਹੇ ਕਿ ਨਾਨ-ਈਐੱਮਵੀ ਏਟੀਐੱਮ ਉਹ ਹੁੰਦੇ ਹਨ ਜਿਨ੍ਹਾਂ ਵਿਚ ਕਾਰਡ ਦਾ ਇਸਤੇਮਾਲ ਲੈਣ-ਦੇਣ ਦੌਰਾਨ ਨਹੀਂ ਕੀਤਾ ਜਾਂਦਾ ਹੈ। ਇਸ ਮਸ਼ੀਨ 'ਚ ਡਾਟਾ ਨੂੰ ਇਕ ਚੁੰਬਕੀ ਪੱਟੀ ਦੇ ਮਾਧਿਅਮ ਨਾਲ ਪੜ੍ਹਿਆ ਜਾਂਦਾ ਹੈ। ਇਸ ਤੋਂ ਇਲਾਵਾ, ਈਐੱਮਵੀ ਏਟੀਐੱਮ 'ਚ ਕਾਰਡ ਕੁਝ ਸੈਕੰਡ ਲਈ ਲੌਕ ਹੋ ਜਾਂਦਾ ਹੈ।

ਕਾਬਿਲੇਗ਼ੌਰ ਹੈ ਕਿ ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਗਾਹਕਾਂ ਨੂੰ PNBOne ਐਪ ਜ਼ਰੀਏ ਆਪਣੇ ਏਟੀਐੱਮ ਡੈਬਿਟ ਕਾਰਡ ਨੂੰ ਚਾਲੂ ਤੇ ਬੰਦ ਕਰਨ ਦੀ ਸਹੂਲਤ ਦਿੱਤੀ ਹੈ। ਜੇਕਰ ਤੁਸੀਂ ਆਪਣੇ ਕਾਰਡ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਬੈਂਕ ਖਾਤੇ 'ਚ ਰੱਖਿਆ ਪੈਸਾ ਸੁਰੱਖਿਅਤ ਬਚ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਬੈਂਕਿੰਗ ਧੋਖਾਧੜੀ ਤੇਜ਼ੀ ਨਾਲ ਵਧੀ ਹੈ। ਇਸ ਦੇ ਲਈ ਬੈਂਕ ਗਾਹਕਾਂ ਨੂੰ ਫਰਾਡ ਤੋਂ ਬਚਣ ਲਈ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਦੱਸ ਰਹੇ ਹਨ। ਸਭ ਤੋਂ ਜ਼ਿਆਦਾ ਫਰਾਡ ਨੈੱਟ ਬੈਂਕਿੰਗ, ਫੋਨ ਬੈਂਕਿੰਗ ਤੇ ਮੋਬਾਈਲ ਬੈਂਕਿੰਗ 'ਚ ਕੀਤਾ ਜਾ ਰਿਹਾ ਹੈ। ਹਾਲ ਦੇ ਦਿਨਾਂ 'ਚ ਸਕੈਮਰ ਫਿਸ਼ਿੰਗ ਈਮੇਲ, ਐੱਸਐੱਮਐੱਸ ਤੇ ਫੋਨ ਕਾਲ ਕਰ ਕੇ ਲੋਕਾਂ ਨੂੰ ਠੱਗ ਰਹੇ ਹਨ। ਕਈ ਵਾਰ ਇਹ ਠੱਗ ਖ਼ੁਦ ਨੂੰ ਬੈਂਕ ਅਧਿਕਾਰੀ, ਆਰਬੀਆਈ ਅਧਿਕਾਰੀ, ਆਮਦਨ ਕਰ ਅਧਿਕਾਰੀ ਤੇ ਸੀਬੀਆਈ ਅਧਿਕਾਰੀ ਦੱਸ ਕੇ ਲੋਕਾਂ ਨੂੰ ਚੂਨਾ ਲਗਾਉਂਦੇ ਹਨ।

Posted By: Seema Anand