ਨਵੀਂ ਦਿੱਲੀ : ਬੈਂਕ ਬੋਰਡ ਬਿਊਰੋ (ਬੀਬੀਬੀ) ਨੇ ਜਨਤਕ ਖੇਤਰ ਦੇ ਦੋ ਵੱਡੇ ਬੈਂਕਾਂ ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਇੰਡੀਆ 'ਚ ਐੱਮਡੀ ਅਤੇ ਸੀਈਓ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਮੌਜੂਦਾ ਐੱਮਡੀ ਅਤੇ ਸੀਈਓ ਸੁਨੀਲ ਮਹਿਤਾ ਦੇ 30 ਸਤੰਬਰ ਨੂੰ ਸੇਵਾਮੁਕਤ ਹੋਣ ਕਾਰਨ ਅਹੁਦਾ ਖ਼ਾਲੀ ਹੋ ਰਿਹਾ ਹੈ। ਬੈਂਕ ਆਫ ਇੰਡੀਆ 'ਚ ਅਹੁਦਾ ਦੀਨਬੰਧੂ ਮਹਾਪਾਤਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਕ ਜੁਲਾਈ ਤੋਂ ਖ਼ਾਲੀ ਹੈ। ਜਨਤਕ ਖੇਤਰ ਦੇ ਹੋਰ ਬੈਂਕ ਬੈਂਕ ਆਫ ਬੜੌਡਾ (ਬੀਓਬੀ) 'ਚ ਇਹ ਅਹੁਦਾ ਅਕਤੂਬਰ ਤੋਂ ਖ਼ਾਲੀ ਹੋਵੇਗਾ। ਉਸ ਵੇਲੇ ਬੈਂਕ ਦੇ ਸੀਈਓ ਅਤੇ ਐੱਮਡੀ ਪੀਐੱਸ ਜੈਕੁਮਾਰ ਦਾ ਕਾਰਜਕਾਲ ਖ਼ਤਮ ਹੋਵੇਗਾ।

ਹਾਲਾਂਕਿ ਬੀਬੀਬੀ ਨੇ ਚੋਣ ਪ੍ਰਕਿਰਿਆ 'ਚ ਇਸ ਅਹੁਦੇ ਨੂੰ ਸ਼ਾਮਲ ਨਹੀਂ ਕੀਤਾ ਹੈ। ਬੀਬੀਬੀ ਦੇ ਨਿਯੁਕਤੀ ਨੋਟਿਸ ਅਨੁਸਾਰ ਚਾਹਵਾਨ ਉਮੀਦਵਾਰ 16 ਅਕਤੂਬਰ ਤਕ ਪੀਐੱਨਬੀ ਅਤੇ ਬੈਂਕ ਆਫ ਇੰਡੀਆ (ਬੀਓਆਈ) 'ਚ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਨਿਯੁਕਤੀ ਤਿੰਨ ਸਾਲ ਲਈ ਹੋਵੇਗੀ। ਨੋਟਿਸ ਅਨੁਸਾਰ ਚੁਣੇ ਗਏ ਉਮੀਦਵਾਰਾਂ ਦੀ ਅਗਵਾਈ ਦੀ ਸਮਰੱਥਾ ਅਤੇ ਸੰਭਾਵਿਤ ਕਾਬਲਿਅਤ ਬਾਰੇ ਇਕ ਸਲਾਹਕਾਰ ਕੰਪਨੀ ਮਦਦ ਕਰ ਸਕਦੀ ਹੈ। ਬੀਬੀਬੀ ਨੇ ਕਿਹਾ ਕਿ ਗੱਲਬਾਤ ਦੇ ਆਧਾਰ 'ਤੇ ਉਹ ਸਰਕਾਰ ਨੂੰ ਆਪਣੀਆਂ ਸਿਫ਼ਾਰਸ਼ਾਂ ਸੌਂਪੇਗਾ।

Posted By: Seema Anand