ਨਵੀਂ ਦਿੱਲੀ : ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਨੇ ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ (ਸੀਈਏ) ਅਰਵਿੰਦ ਸੁਬਰਾਮਣੀਅਮ ਦੇ ਵਿੱਤੀ ਵਰ੍ਹੇ 2011-12 ਤੋਂ 2016-17 ਦੌਰਾਨ ਭਾਰਤ ਦੇ ਜੀਡੀਪੀ ਗ੍ਰੋਥ ਰੇਟ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੇ ਦਾਅਵੇ ਦਾ ਖੰਡਨ ਕੀਤਾ ਹੈ। ਕੌਂਸਲ ਵਲੋਂ ਕਿਹਾ ਗਿਆ ਹੈ ਕਿ ਅਰਵਿੰਦ ਸੁਬਰਾਮੀਅਮ ਦੇ ਦਾਅਵੇ ਦਾ ਬਿੰਦੂ-ਦਰ-ਬਿੰਦੂ ਸਮੇਂ-ਸਮੇਂ 'ਤੇ ਖੰਡਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਅਰਵਿੰਦ ਸੁਬਰਾਮਣੀਅਮ ਨੇ ਆਪਣੇ ਤਾਜ਼ਾ ਰਿਸਰਚ ਪੇਪਰ 'ਚ ਦਾਅਵਾ ਕੀਤਾ ਹੈ ਕਿ ਵਿੱਤੀ ਵਰ੍ਹੇ 2011-12 ਤੋਂ 2016-17 ਵਿਚਕਾਰ ਭਾਰਤ ਦੀ ਜੀਡੀਪੀ ਗ੍ਰੋਥ ਰੇਟ 2.5 ਫ਼ੀਸਦੀ ਤਕ ਵਧਾ ਕੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੀਡੀਪੀ 'ਚ 6.9 ਫ਼ੀਸਦੀ ਵਾਧੇ ਦਾ ਦਾਅਵਾ ਕੀਤਾ ਗਿਆ ਸੀ ਪਰ ਪੂਰੀ ਸੰਭਾਵਨਾ ਹੈ ਕਿ ਉਸ ਦੌਰਾਨ ਗ੍ਰੋਥ ਰੇਟ 3.5 ਤੋਂ 5.5 ਫ਼ੀਸਦੀ ਰਿਹਾ ਹੋਵੇ।

ਆਰਥਿਕ ਸਲਾਹਕਾਰ ਕੌਂਸਲ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸੁਬਰਾਮਣੀਅਮ ਦੇ ਕਾਗਜ਼ 'ਚ ਕੀਤੇ ਗਏ ਅੰਦਾਜ਼ਿਆਂ ਦੀ ਵਿਸਤਾਰ ਨਾਲ ਜਾਂਚ ਕੀਤੀ ਗਈ ਅਤੇ ਤੈਅ ਸਮੇਂ ਅੰਦਰ ਬਿੰਦੂ-ਦਰ-ਬਿੰਦੂ ਇਸ ਦਾ ਖੰਡਨ ਕੀਤਾ ਗਿਆ।

ਬਿਆਨ ਵਿਚ ਕਿਹਾ ਗਿਆ ਕਿ ਇਹ ਅਜਿਹਾ ਮੁੱਦਾ ਹੈ ਜਿਸ ਨੂੰ ਸੁਬਰਾਮਣੀਅਮ ਨੇ ਸੀਈਏ ਦੇ ਰੂਪ 'ਚ ਕੰਮ ਕਰਦੇ ਸਮੇਂ ਉਠਾਇਆ ਹੋਵੇਗਾ, ਹਾਲਾਂਕਿ ਉਨ੍ਹਾਂ ਖ਼ੁਦ ਵੀ ਜੀਡੀਪੀ ਨੰਬਰ ਨੂੰ ਸਮਝਣ ਲਈ ਸਮਾਂ ਲਿਆ ਹੋਵੇਗਾ ਪਰ ਉਹ ਹਾਲੇ ਵੀ ਅਣਮਿੱਥਾ ਹੈ।

Posted By: Seema Anand