PM Shram Yogi Mandhan Yojana : ਦੇਸ਼ ਵਿਚ ਮਜ਼ਦੂਰ ਵਰਗ ਦੀ ਕਮੀ ਨਹੀਂ, ਇਹ ਹਰ ਰੋਜ਼ ਕੰਮ ਦੀ ਤਲਾਸ਼ 'ਚ ਭਟਕਦੇ ਰਹਿੰਦੇ ਹਨ। ਅਜਿਹੇ ਵਿਚ ਇਨ੍ਹਾਂ ਨੂੰ ਜਿਸ ਦਿਨ ਕੰਮ ਮਿਲ ਜਾਵੇ ਤਾਂ ਚੰਗਾ ਪਰ ਜਦੋਂ ਕੰਮ ਨਾ ਮਿਲੇ ਤਾਂ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੀ 'ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਾਨ ਯੋਜਨਾ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਰੇਹੜੀ-ਫੜ੍ਹੀ ਲਾਉਣ ਵਾਲਿਆਂ, ਰਿਕਸ਼ਾ ਚਾਲਕ, ਨਿਰਮਾਣ ਕਾਰਜ ਕਰਨ ਵਾਲੇ ਮਜ਼ਦੂਰ ਤੇ ਇਸੇ ਤਰ੍ਹਾਂ ਕਈ ਹੋਰ ਕੰਮਾਂ 'ਚ ਲੱਗੇ ਗ਼ੈਰ-ਸੰਗਠਿਤ ਖੇਤਰ ਨਾਲ ਜੁੜੇ ਲੋਕਾਂ ਨੂੰ ਆਪਣਾ ਬੁਢਾਪਾ ਸੁਰੱਖਿਅਤ ਕਰਨ 'ਚ ਮਦਦ ਮਿਲੇਗੀ। ਸਰਕਾਰ ਦੀ ਇਹ ਯੋਜਨਾ ਅਜਿਹੇ ਲੋਕਾਂ ਲਈ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ।

ਹਰ ਮਹੀਨੇ ਜਮ੍ਹਾਂ ਕਰਨੇ ਪੈਣਗੇ 55 ਰੁਪਏ

ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਤਹਿਤ ਤੁਸੀਂ ਰੋਜ਼ਾਨਾ 2 ਰੁਪਏ ਬਚਾ ਕੇ ਸਾਲ ਦੀ 36,000 ਰੁਪਏ ਦੀ ਪੈਨਸ਼ਨ ਹਾਸਲ ਕਰ ਸਕਦੇ ਹੋ। ਇਸ ਤਹਿਤ ਤੁਹਾਨੂੰ ਹਰ ਮਹੀਨੇ 55 ਰੁਪਏ ਜਮ੍ਹਾਂ ਕਰਨੇ ਪੈਣਗੇ। ਇਸ ਦਾ ਮਤਲਬ ਕਿ ਜਿਨ੍ਹਾਂ ਦੀ ਉਮਰ 18 ਸਾਲ ਹੈ, ਉਨ੍ਹਾਂ ਨੂੰ ਹਰ ਰੋਜ਼ ਸਿਰਫ਼ 2 ਰੁਪਏ ਬਚਾਉਣੇ ਪੈਣਗੇ। ਜੇਕਰ ਕੋਈ ਵਿਅਕਤੀ 40 ਸਾਲ ਦੀ ਉਮਰ ਤੋਂ ਇਸ ਸਕੀਮ ਨੂੰ ਸ਼ੁਰੂ ਕਰੇਗਾ ਤਾਂ ਹਰ ਮਹੀਨੇ ਉਸ ਨੂੰ 200 ਰੁਪਏ ਜਮ੍ਹਾਂ ਕਰਨੇ ਪੈਣਗੇ ਤੇ 60 ਸਾਲ ਦੀ ਉਮਰ ਜਿਵੇਂ ਹੀ ਪੂਰੀ ਹੋ ਜਾਂਦੀ ਹੈ ਤਾਂ ਤੁਹਾਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ 60 ਸਾਲ ਤੋਂ ਬਾਅਦ ਤੁਹਾਨੂੰ 3000 ਰੁਪਏ ਮਹੀਨਾ ਯਾਨੀ ਸਾਲ ਦੀ 36,000 ਰੁਪਏ ਪੈਨਸ਼ਨ ਮਿਲੇਗੀ।

ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ

ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੇਵਿੰਗ ਬੈਂਕ ਅਕਾਊਂਟ ਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ, ਉੱਥੇ ਹੀ ਬਿਨੈਕਾਰ ਦੀ ਉਮਰ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 40 ਸਾਲ ਤਕ ਹੋਣੀ ਚਾਹੀਦੀ ਹੈ।

ਇੱਥੋ ਕਰੋ ਰਜਿਸਟ੍ਰੇਸ਼ਨ

ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕਾਮਨ ਸਰਵਿਸ ਸੈਂਟਰ 'ਚ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਮਜ਼ਦੂਰ ਕਾਮਨ ਸਰਵਿਸ ਸੈਂਟਰ ਦੇ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਖ਼ੁਦ ਕਰ ਸਕਦੇ ਜਾਂ ਫਿਰ ਕਰਵਾ ਸਕਦੇ ਹਨ। ਸਰਕਾਰ ਨੇ ਇਸ ਯੋਜਨਾ ਲਈ ਵੈੱਬ ਪੋਰਟਲ ਦਾ ਨਿਰਮਾਣ ਕੀਤਾ ਹੈ। ਇਨ੍ਹਾਂ ਸੈਂਟਰਾਂ ਜ਼ਰੀਏ ਆਨਲਾਈਨ ਸਾਰੀ ਜਾਣਕਾਰੀ ਭਾਰਤ ਸਰਕਾਰ ਕੋਲ ਚਲੀ ਜਾਵੇਗੀ।

ਰਜਿਸਟ੍ਰੇਸ਼ਨ ਦੌਰਾਨ ਇਹ ਜਾਣਕਾਰੀ ਦੇਣੀ ਪਵੇਗੀ

ਜੇਕਰ ਤੁਸੀਂ ਰਜਿਸਟ੍ਰੇਸ਼ਨ ਲਈ ਕਾਮਨ ਸਰਵਿਸ ਸੈਂਟਰ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਜਾਣ ਲਓ ਕਿ ਇੱਥੇ ਤੁਹਾਡੇ ਕੋਲੋਂ ਕਿਵੇਂ ਦੀ ਜਾਣਕਾਰੀ ਪੁੱਛੀ ਜਾਵੇਗੀ। ਇਸ ਦੇ ਲਈ ਤੁਸੀਂ ਆਪਣਾ ਆਧਾਰ ਕਾਰਡ, ਬਚਤ ਜਾਂ ਜਨਧਨ ਬੈਂਕ ਖਾਤੇ ਦੀ ਪਾਸਬੁੱਕ ਤੇ ਇਕ ਮੋਬਾਈਲ ਨੰਬਰ ਆਪਣੇ ਨਾਲ ਲੈ ਜਾਣਾ ਪਵੇਗਾ। ਇਸ ਤੋਂ ਇਲਾਵਾ ਸਹਿਮਤੀ ਪੱਤਰ ਦੇਣਾ ਪਵੇਗਾ ਜੋ ਬੈਂਕ ਬ੍ਰਾਂਚ 'ਚ ਵੀ ਦੇਣਾ ਪਵੇਗਾ ਜਿੱਥੇ ਮਜ਼ਦੂਰ ਦਾ ਬੈਂਕ ਖਾਤਾ ਹੋਵੇਗਾ ਤਾਂ ਜੋ ਉਸ ਦੇ ਬੈਂਕ ਖਾਤੇ 'ਚੋਂ ਵੇਲੇ ਸਿਰ ਪੈਨਸ਼ਨ ਲਈ ਪੈਸਾ ਕੱਟਿਆ ਜਾ ਸਕੇ।

ਇਹ ਲੋਕ ਲੈ ਸਕਦੇ ਹਨ ਯੋਜਨਾ ਦਾ ਲਾਭ

ਸਰਕਾਰ ਵੱਲੋਂ ਜਾਰੀ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ ਤਹਿਤ ਕੋਈ ਵੀ ਗ਼ੈਰ-ਸੰਗਠਿਤ ਖੇਤਰ ਨਾਲ ਜੁੜਿਆ ਮਜ਼ਦੂਰ ਜਿਸ ਦੀ ਉਮਰ ਜ਼ਿਆਦਾ ਤੋਂ ਜ਼ਿਆਦਾ 40 ਸਾਲ ਅਤੇ ਘੱਟ ਤੋਂ ਘੱਟ 18 ਸਾਲ ਦੇ ਵਿਚਕਾਰ ਕਿਸੇ ਵੀ ਸਰਕਾਰੀ ਸਕੀਮ ਦਾ ਫਾਇਦਾ ਲੈ ਰਿਹਾ ਹੋਵੇ, ਉਹ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਤਹਿਤ ਅਪਲਾਈ ਕਰਨ ਵਾਲੇ ਵਿਅਕਤੀ ਦੀ ਮਾਸਿਕ ਆਮਦਨ 15 ਹਜ਼ਾਰ ਤੋਂ ਘੱਟ ਹੋਣੀ ਚਾਹੀਦੀ ਹੈ।

ਇੱਥੋਂ ਲੈ ਸਕਦੇ ਹੋ ਵਧੇਰੇ ਜਾਣਕਾਰੀ

ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਨਾਲ ਜੁੜੀ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਨੇ ਇਸ ਯੋਜਨਾ ਲਈ ਕਿਰਤ ਵਿਭਾਗ ਦੇ ਦਫ਼ਤਰ, LIC, EPFO ਨੂੰ ਕਿਰਤੀ ਸੁਵਿਧਾ ਕੇਂਦਰ ਬਣਾਇਆ ਗਿਆ ਹੈ ਇਨ੍ਹਾਂ ਥਾਵਾਂ ਤੋਂ ਕਿਰਤੀ ਯੋਜਨਾ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰ ਨੇ ਯੋਜਨਾ ਲਈ ਟੋਲ ਫ੍ਰੀ ਨੰਬਰ 18002676888 ਜਾਰੀ ਕੀਤਾ ਹੈ। ਇਸ ਨੰਬਰ 'ਤੇ ਕਾਲ ਕਰ ਕੇ ਵੀ ਯੋਜਨਾ ਬਾਰੇ ਜਾਣਕਾਰੀ ਜੁਟਾਈ ਜਾ ਸਕਦੀ ਹੈ।

Posted By: Seema Anand