ਨਵੀਂ ਦਿੱਲੀ, ਪੀਟੀਆਈ : ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਰੇਲਵੇ ਨੇ 58 ਵੰਦੇ ਭਾਰਤ ਟਰੇਨਾਂ (ਟਰੇਨ-18) ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਐਲਾਨ ਅਨੁਸਾਰ, ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ 75 ਹਫ਼ਤਿਆਂ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਲਈ ਅਜਿਹੀਆਂ 75 ਟਰੇਨਾਂ ਚਲਾਈਆਂ ਜਾਣਗੀਆਂ। ਵਰਤਮਾਨ ’ਚ ਅਜਿਹੀਆਂ ਦੋ ਟਰੇਨਾਂ ਚੱਲ ਰਹੀਆਂ ਹਨ। ਨਵੇਂ ਕੋਚਾਂ ਦਾ ਨਿਰਮਾਣ ਚੇਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ, ਰਾਇਬਰੇਲੀ ਸਥਿਤ ਮਾਰਡਨ ਕੋਚ ਫੈਕਟਰੀ ਅਤੇ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ’ਚ ਕੀਤਾ ਜਾਵੇਗਾ।

ਦੇਸੀ ਕਲਪੁਰਜ਼ਿਆਂ ਦੀ ਹੋਵੇਗੀ ਜ਼ਿਆਦਾ ਵਰਤੋਂ

ਰੇਲਵੇ ਨੇ ਪਿਛਲੇ ਸਾਲ 44 ਵੰਦੇ ਭਾਰਤ ਟਰੇਨਾਂ ਦੀ ਖਰੀਦ ਲਈ ਸੋਧਿਆ ਟੈਂਡਰ ਜਾਰੀ ਕੀਤਾ ਸੀ, ਜਿਸ ’ਚ 75 ਫ਼ੀਸਦੀ ਦੇਸੀ ਕਲਪੁਰਜ਼ਿਆਂ ਦੀ ਵਰਤੋਂ ਨੂੰ ਜ਼ਰੂਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਇਸ ਪ੍ਰਾਜੈਕਟ ਲਈ ਤਿੰਨ ਕੌਮਾਂਤਰੀ ਟੈਂਡਰਾਂ ਨੂੰ ਰੱਦ ਕਰ ਦਿੱਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ 28 ਅਗਸਤ ਨੂੰ ਨਵੇਂ ਟੈਂਡਰ ਜਾਰੀ ਹੋਣ ਤੋਂ ਬਾਅਦ ਹੁਣ ਮਾਰਚ, 2024 ਤਕ ਰੇਲਵੇ ਨੂੰ ਅਜਿਹੀਆਂ 102 ਟਰੇਨਾਂ ਦੀ ਸਪਲਾਈ ਕੀਤੀ ਜਾਵੇਗੀ। ਇਨ੍ਹਾਂ ’ਚੋਂ 75 ਟਰੇਨਾਂ 15 ਅਗਸਤ, 2023 ਤਕ ਉਪਲੱਬਧ ਹੋਣਗੀਆਂ।

ਪਹਿਲੀ ਵੰਦੇ ਭਾਰਤ ਟਰੇਨ ਵਾਰਾਨਸੀ-ਦਿੱਲੀ ਮਾਰਗ ਅਤੇ ਦੂਜੀ ਕੱਟੜਾ-ਦਿੱਲੀ ਮਾਰਗ ਲਈ ਸ਼ੁਰੂ ਕੀਤੀ ਗਈ ਸੀ। ਵੰਦੇ ਭਾਰਤ ਐਡਵਾਂਸ ਫੀਚਰਜ਼ ਨਾਲ ਲੈੱਸ ਲੋਕੋਮੋਟਿਵ ਇੰਜਣ ਤੋਂ ਬਿਨਾਂ ਦੌੜਨ ਵਾਲੀ ਦੇਸ਼ ਪਹਿਲੀ ਟਰੇਨ ਹੈ। ਵਰਤਮਾਨ ’ਚ ਵੰਦੇ ਭਾਰਤ ਦੀ ਵੱਧ ਤੋਂ ਵੱਧ ਰਫ਼ਤਾਰ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਅੱਗੇ ਚੱਲ ਕੇ ਇਸ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾਵੇਗੀ।

ਇਹ ਹੈ ਖ਼ਾਸੀਅਤ

ਨਵੀਂਆਂ ਆਉਣ ਵਾਲੀਆਂ ਵੰਦੇ ਭਾਰਤ ਟਰੇਨਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਇਨ੍ਹਾਂ ’ਚ ਅਜਿਹੇ ਮਾਡਰਨ ਫੀਚਰਜ਼ ਹੋਣਗੇ, ਜੋ ਐਮਰਜੈਂਸੀ ਸਥਿਤੀ ’ਚ ਲੋਕਾਂ ਨੂੰ ਬਚਾਉਣ ’ਚ ਮਦਦ ਕਰਨਗੇ। ਨਵੀਆਂ ਆਉਣ ਵਾਲੀਆਂ ਵੰਦੇ ਭਾਰਤ ਟਰੇਨਾਂ ’ਚ ਜੀਪੀਐੱਸ ਆਧਾਰਤ ਸੂਚਨਾ ਪ੍ਰਣਾਲੀ, ਸੀਸੀਟੀਵੀ ਕੈਮਰੇ, ਆਟੋਮੈਟਿਕ ਸਲਾਈਡਿੰਗ ਡੋਰ ਅਤੇ ਵੈਕਿਊਮ ਆਧਾਰਤ ਬਾਇਓ ਟਾਇਲਟ ਸਮੇਤ ਹੋਰ ਸਹੂਲਤਾਂ ਸ਼ਾਮਲ ਹਨ। ਵੰਦੇ ਭਾਰਤ ਟਰੇਨਾਂ ’ਚ ਐਮਰਜੈਂਸੀ ਹਾਲਾਤ ’ਚ ਯਾਤਰੀਆਂ ਨੂੰ ਕੱਢਣ ਲਈ ਚਾਰ ਐਮਰਜੈਂਸੀ ਖਿੜਕੀਆਂ ਲਾਈਆਂ ਜਾਣਗੀਆਂ। ਟਰੇਨਾਂ ’ਚ ਪੁਸ਼ਬਟਨ ਨੂੰ ਵਧਾ ਕੇ ਦੋ ਤੋਂ ਚਾਰ ਕੀਤਾ ਜਾਵੇਗਾ।

Posted By: Jagjit Singh