ਜੇਐੱਨਐੱਨ, ਨਈ ਦੁਨੀਆ : ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਛੇਵੀਂ ਕਿਸ਼ਤ ਦੋ ਹਜ਼ਾਰ ਰੁਪਏ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ 'ਚ ਆਉਣ ਲੱਗੀ ਹੈ। ਇਸ ਯੋਜਨਾ ਤਹਿਤ ਹਰ ਸਾਲ ਯੋਗ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ 'ਚ ਕੇਂਦਰ ਸਰਕਾਰ ਵੱਲੋਂ ਛੇ ਹਜ਼ਾਰ ਰੁਪਏ ਭੇਜੇ ਜਾਂਦੇ ਹਨ। ਕਿਸਾਨਾਂ ਨੂੰ ਇਹ ਰਕਮ ਤਿੰਨ ਬਰਾਬਰ ਕਿਸ਼ਤਾਂ 'ਚ ਮਿਲਦੀ ਹੈ। ਹਾਲ ਹੀ 'ਚ ਪੀਐੱਮ ਮੋਦੀ ਵੱਲੋਂ 8.5 ਲੱਖ ਕਰੋੜ ਕਿਸਾਨਾਂ ਨੂੰ ਯੋਜਨਾ ਦੀ ਛੇਵੀਂ ਕਿਸ਼ਤ ਦੇ ਰੂਪ 'ਚ 17,000 ਕਰੋੜ ਰੁਪਏ ਜਾਰੀ ਕੀਤੇ ਗਏ ਸੀ। ਹੁਣ ਇਹ ਰਕਮ ਹੌਲੀ-ਹੌਲੀ ਕਿਸਾਨਾਂ ਦੇ ਖਾਤਿਆਂ 'ਚ ਭੇਜੀ ਜਾ ਰਹੀ ਹੈ।

ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਦੇ ਨਾਂ ਖੇਤੀ ਦੀ ਜ਼ਮੀਨ ਹੋਣੀ ਚਾਹੀਦੀ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਇਸ ਯੋਜਨਾ ਦੇ ਲਾਭਪਾਤਰੀ ਕੌਣ ਲੋਕ ਨਹੀਂ ਬਣ ਸਕਦੇ ਹਨ। ਸਭ ਤੋਂ ਅਹਿਮ ਗੱਲ ਤਾਂ ਇਹੀ ਹੈ ਕਿ ਖੇਤੀ ਦੀ ਜ਼ਮੀ ਕਿਸਾਨ ਦੇ ਨਾਂ ਹੋਣੀ ਚਾਹੀਦੀ ਹੈ। ਜੇਕਰ ਕੋਈ ਕਿਸਾਨ ਖੇਤੀ ਤਾਂ ਕਰ ਰਿਹਾ ਹੋਵੇ ਪਰ ਖੇਤ ਉਸ ਦੇ ਨਾਂ ਨਾ ਹੋ ਕੇ ਉਸਦੇ ਪਿਤਾ ਜਾਂ ਦਾਦਾ ਦੇ ਨਾਂ ਹੋਏ ਤਾਂ ਉਹ ਕਿਸਾਨ ਇਸ ਯੋਜਨਾ ਦਾ ਲਾਭਪਾਤਰੀ ਨਹੀਂ ਬਣ ਸਕਦਾ।

ਜੇਕਰ ਕੋਈ ਵਿਅਕਤੀ ਖੇਤੀ ਦੀ ਜ਼ਮੀਨ ਦਾ ਮਾਲਕ ਵੀ ਹੈ ਪਰ ਇਹ ਸੇਵਾ ਕਰ ਰਿਹਾ ਜਾਂ ਸੇਵਾ ਮੁਕਤ ਸਰਕਾਰੀ ਮੁਲਾਜ਼ਮ ਹੋਵੇ, ਮੌਜੂਦਾ ਜਾਂ ਸਾਬਕਾ ਸੰਸਦ, ਵਿਧਾਇਕ, ਮੰਤਰੀ ਹੋਵੇ, ਰਜਿਸਟਰਡ ਡਾਕਟਰ, ਇੰਜੀਨੀਅਰ, ਵਕੀਲ, ਚਾਰਟਡ ਅਕਾਊਂਟੈਂਟ ਹੋਵੇ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕ ਹੋਣ, ਇਹ ਸਾਰੇ ਯੋਜਨਾ ਦੇ ਲਾਭਪਾਤਰੀ ਨਹੀਂ ਬਣ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੂੰ 10,000 ਰੁਪਏ ਜਾਂ ਇਸ ਤੋਂ ਜ਼ਿਆਦਾ ਪੈਨਸ਼ਨ ਮਿਲਦੀ ਹੈ ਉਹ ਸਾਰੇ ਪੈਨਸ਼ਨਰ ਵੀ ਇਸ ਯੋਜਨਾ ਦੇ ਲਾਭਪਾਤਰੀ ਨਹੀਂ ਬਣ ਸਕਦੇ ਹਨ।

ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜ਼ਮੀਨ ਦਸਤਾਵੇਜ਼ਾਂ 'ਚ ਤਾਂ ਖੇਤੀ ਭੂਮੀ ਦੇ ਰੂਪ ਦਰਜ ਹੁੰਦੀ ਹੈ ਪਰ ਉਸ ਦਾ ਇਸਤੇਮਾਲ ਖੇਤੀ ਦੀ ਬਜਾਏ ਦੂਸਰੇ ਕੰਮਾਂ 'ਚ ਕੀਤਾ ਜਾਂਦਾ ਹੈ। ਅਜਿਹੇ ਖੇਤ ਮਾਲਕ ਵੀ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅੰਤਰਗਤ ਲਾਭਪਾਤਰੀ ਨਹੀਂ ਬਣ ਸਕਦੇ ਹਨ।

Posted By: Sunil Thapa