ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਕਰੋੜਾਂ ਪੈਨਸ਼ਨਭੋਗੀਆਂ ਨੂੰ ਸਰਕਾਰ ਨੇ ਵੱਡੀ ਸਹੂਲਤ ਦਿੱਤੀ ਹੈ। ਰਿਟਾਇਰਮੈਂਟ ਤੋਂ ਬਾਅਦ ਲਗਾਤਾਰ ਪੈਨਸ਼ਨ ਹਾਸਿਲ ਕਰਨ ਲਈ ਜ਼ਰੂਰੀ ਹੈ ਕਿ ਪੈਨਸ਼ਨਭੋਗੀ ਹਰ ਸਾਲ 30 ਨਵੰਬਰ ਤਕ ਆਪਣਾ ਲਾਈਫ ਸਰਟੀਫਿਕੇਟ ਜਾਂ ਜੀਵਨ ਪ੍ਰਮਾਣ ਪੱਤਰ ਉਸ ਬੈਂਕ 'ਚ ਜਮ੍ਹਾਂ ਕਰਵਾਉਣ ਜਿੱਥੋਂ ਉਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ। 80 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕ 1 ਅਕਤੂਬਰ ਤੋਂ ਆਪਣਾ ਲਾਈਫ ਸਰਟੀਫਿਕੇਟ ਜਾਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ, ਉੱਥੇ ਹੀ 80 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਭੋਗੀ ਪਹਿਲੀ ਤੋਂ 30 ਨਵੰਬਰ ਤਕ ਇਹ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ।

ਲਾਈਫ ਸਰਟੀਫਿਕੇਟ ਜਾਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦਾ ਆਮ ਤਰੀਕਾ ਇਹ ਹੈ ਕਿ ਜਿਸ ਬੈਂਕ ਜਾਂ ਪੋਸਟ ਆਫਿਸ ਤੋਂ ਤੁਹਾਨੂੰ ਪੈਨਸ਼ਨ ਮਿਲਦੀ ਹੈ ਉੱਥੇ ਜਾ ਕੇ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਂਦੇ ਹਨ। ਇਹ ਪ੍ਰਕਿਰਿਆ ਹਰ ਕਿਸੇ ਲਈ ਅਪਣਾਉਣੀ ਸੰਭਵ ਨਹੀਂ ਹੈ। ਦੂਸਰਾ, ਇਸ ਵਿਚ ਤੁਹਾਡਾ ਸਮਾਂ ਵੀ ਖ਼ਰਾਬ ਹੁੰਦਾ ਹੈ।

ਸਭ ਤੋਂ ਆਸਾਨ ਤਰੀਕਾ ਹੈ ਪੈਨਸ਼ਨਭੋਗੀਆਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਹਾਸਿਲ ਕਰਨਾ। ਆਧਾਰ ਕਾਰਡ ਜ਼ਰੀਏ ਇਸ ਨੂੰ ਆਸਾਨੀ ਨਾਲ ਜਨਰੇਟ ਕੀਤਾ ਜਾ ਸਕਦਾ ਹੈ। ਡਿਜੀਟਲ ਲਾਈਫ ਸਰਟੀਫਿਕੇਟ ਲਈ ਪੈਨਸ਼ਨ ਦੇਣ ਵਾਲੇ ਬੈਂਕ ਜਾਂ ਪੋਸਟ ਆਫਿਸ ਦੇ ਅਧਿਕਾਰੀ ਕੋਲ ਤੁਹਾਨੂੰ ਨਿੱਜੀ ਤੌਰ 'ਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਨਾ ਹੀ ਇਸ ਸਰਟੀਫਿਕੇਟ ਨੂੰ ਜਮ੍ਹਾਂ ਕਰਨ ਲਈ ਤੁਹਾਨੂੰ ਉੱਥੇ ਜਾਣਾ ਪੈਂਦਾ ਹੈ।

ਆਨਲਾਈਨ ਲਾਈਫ ਸਰਟੀਫਿਕੇਟ ਇੰਝ ਕਰਵਾਓ ਜਮ੍ਹਾਂ

ਸਰਕਾਰ ਨੇ ਸਾਲ 2014 'ਚ ਹੀ ਆਧਾਰ ਆਧਾਰਿਤ ਡਿਜੀਟਲ ਲਾਈਫ ਸਰਟੀਫਿਕੇਟ ਦੀ ਸ਼ੁਰੂਆਤ ਕੀਤੀ ਸੀ। ਪੈਨਸ਼ਨਭੋਗੀ ਦਾ ਆਧਾਰ ਨੰਬਰ ਤੇ ਉਸ ਦੇ ਬਾਇਓਮੈਟ੍ਰਿਕਸ ਦੇ ਆਧਾਰ 'ਤੇ ਇਹ ਜਾਰੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਘਰੋਂ ਹੀ ਡਿਜੀਟਲ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ STQC ਪ੍ਰਮਾਣਿਤ ਬਾਇਓਮੈਟ੍ਰਿਕ ਡਿਵਾਈਸ ਹੋਣੀ ਜ਼ਰੂਰੀ ਹੈ। ਨਹੀਂ ਤਾਂ ਤੁਸੀਂ ਕਿਸੇ ਵੀ ਨਜ਼ਦੀਕੀ ਸਿਟੀਜ਼ਨ ਸਰਵਿਸ ਸੈਂਟਰ (CSC) ਜਾਂ ਬੈਂਕ ਜਾਂ ਪੋਸਟ ਆਫਿਸ ਜਾ ਕੇ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰ ਸਕਦੇ ਹੋ।

ਡਾਊਨਲੋਡ ਕਰੋ ਇਹ ਐਪ

ਇਸ ਦੇ ਲਈ ਤੁਹਾਨੂੰ ਆਪਣੇ ਮੋਬਾਈਲ ਜਾਂ ਕੰਪਿਊਟਰ 'ਚ ਜੀਵਨ ਪ੍ਰਮਾਣ ਐਪਲੀਕੇਸ਼ਨ ਡਾਊਨਲੋਡ ਕਰਨਾ ਪਵੇਗਾ। ਇਹ ਐਪ ਜੀਵਨ ਪ੍ਰਮਾਣ ਪੋਰਟਲ 'ਤੇ ਵੀ ਉਪਲੱਬਧ ਹੈ। ਇਸ ਵਿਚ ਪੈਨਸ਼ਨਬੋਗੀ ਨੂੰ ਆਧਾਰ ਨੰਬਰ, ਨਾਂ, ਮੋਬਾਈਲ ਨੰਬਰ, ਪੀਪੀਓ ਨੰਬਰ, ਪੈਨਸ਼ਨ ਅਕਾਊਂਟ ਨੰਬਰ, ਬੈਂਕ ਦੀ ਜਾਣਕਾਰੀ, ਪੈਨਸ਼ਨ ਦੇਣ ਵਾਲੀ ਏਜੰਸੀ ਦਾ ਨਾਂ ਆਦਿ ਭਰਨਾ ਪਵੇਗਾ। ਇਕ ਵਾਰ ਆਧਾਰ ਅਥੈਂਟੀਕੇਸ਼ਨ ਪੂਰੀ ਹੋਣ ਤੋਂ ਬਾਅਦ ਤੁਸੀਂ ਜੀਵਨ ਪ੍ਰਮਾਣ ਦੀ ਵੈੱਬਸਾਈਟ ਤੋਂ ਜੀਵਨ ਪ੍ਰਮਾਣ ਆਈਡੀ ਦਿੰਦੇ ਹੋਏ ਜੀਵਨ ਪ੍ਰਮਾਣ ਪੱਤਰ ਦੀ ਪੀਡੀਐੱਫ ਕਾਪੀ ਡਾਊਨਲੋਡ ਕਰ ਸਕਦੇ ਹੋ।

ਇਹ ਡਿਜੀਟਲ ਲਾਈਫ ਸਰਟੀਫਿਕੇਟ ਪੈਨਸ਼ਨ ਦੇਣ ਵਾਲੀ ਏਜੰਸੀ ਤਕ ਪਹੁੰਚਾਇਆ ਜਾਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 2014 ਤੋਂ ਹੁਣ ਤਕ ਲਗਪਗ 2.65 ਕਰੋੜ ਪੈਨਸ਼ਨਭੋਗੀਆਂ ਨੇ ਡਿਜੀਟਲ ਲਾਈਫ ਸਰਟੀਫਿਕੇਚਟ ਦਾਖ਼ਲ ਕੀਤਾ ਹੈ। ਸਮੇਂ ਸਿਰ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਦਿਉ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਤੁਹਾਨੂੰ ਪੈਨਸ਼ਨ ਮਿਲਦੀ ਰਹੇ।

Posted By: Seema Anand