ਨਵੀਂ ਦਿੱਲੀ (ਏਜੰਸੀ) : ਡਿਜੀਟਲ ਪੇਮੈਂਟ ਦੀ ਦਿੱਗਜ ਕੰਪਨੀ PAYTM ਯੈੱਸ ਬੈਂਕ ਦੀ ਹਿੱਸੇਦਾਰੀ ਖਰੀਦਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਅਨੁਸਾਰ, ਇਸ ਸਬੰਧੀ ਪੇਟੀਐੱਮ ਦੀ ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨਾਲ ਗੱਲਬਾਤ ਚੱਲ ਰਹੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇਸ ਸੌਦੇ ਦਾ ਖਰੜਾ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਵਾਨਗੀ 'ਤੇ ਨਿਰਭਰ ਕਰੇਗਾ, ਉੱਥੇ ਹੀ ਪੇਟੀਐੱਮ ਨੇ ਇਸ ਮਾਮਲੇ 'ਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੇਟੀਐੱਮ ਦੇ ਸੰਸਥਾਪਕ ਵਿਜੈ ਸ਼ੇਖਰ ਸ਼ਰਮਾ ਪੇਟੀਐੱਮ ਪੇਮੈਂਟਸ ਬੈਂਕ 'ਚ ਸ਼ੇਅਰ ਹੋਲਡਰ ਹਨ।

ਜ਼ਿਕਰਯੋਗ ਹੈ ਕਿ ਰਾਣਾ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਯੈੱਸ ਬੈਂਕ 'ਚ 9.6 ਫ਼ੀਸਦੀ ਹਿੱਸੇਦਾਰੀ ਹੈ। ਰਾਣਾ ਸ਼ੇਅਰ ਵੇਚਣਾ ਚਾਹੁੰਦੇ ਹਨ ਜਾਂ ਨਹੀਂ, ਇਸ ਬਾਰੇ ਬੈਂਕ ਨਾਲ ਜੁੜੇ ਲੋਕਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵਣੀਤ ਗਿੱਲ ਨੇ ਕਿਹਾ ਕਿ ਬੈਂਕ ਪ੍ਰਸ਼ਾਸਨ ਤੇ ਨਿਯਮਾਂ ਦੀ ਪਾਲਣਾ ਵੱਲ ਫੋਕਸ ਕਰਨਾ ਚਾਹੁੰਦਾ ਹੈ। ਰਵਣੀਤ ਗਿੱਲ ਨੇ ਮਾਰਚ 'ਚ ਹੀ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਅਹੁਦਾ ਸੰਭਾਲਿਆ ਹੈ।

ਕਾਬਿਲੇਗ਼ੌਰ ਹੈ ਕਿ RBI ਦੇ ਨਿਯਮਾਂ ਦੀ ਪਾਲਣਾ 'ਚ ਖ਼ਾਮੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਰਾਣਾ ਕਪੂਰ ਸਵਾਲਾਂ ਦੇ ਘੇਰੇ 'ਚ ਆ ਗਏ ਸਨ। ਮਾਰਚ 2019 'ਚ ਖ਼ਤਮ ਹੋਣ ਵਾਲੀ ਤਿਮਾਹੀ 'ਚ ਬੈਂਕ ਨੂੰ 1,506.64 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਸੀ, ਉੱਥੇ ਹੀ ਇਸ ਦੇ ਪਿੱਛਲੇ ਵਿੱਤੀ ਵਰ੍ਹੇ ਦੀ ਸਮਾਨ ਮਿਆਦ 'ਚ ਬੈਂਕ ਨੂੰ 1,179.44 ਕਰੋੜ ਦਾ ਫਾਇਦਾ ਹੋਇਆ ਸੀ।

Posted By: Seema Anand