ਨਵੀਂ ਦਿੱਲੀ (ਏਜੰਸੀ) : ਸੇਬੀ ਨੇ ਪੇਟੀਐੱਮ ਨੂੰ 16,000 ਕਰੋੜ ਰੁਪਏ ਦਾ ਆਈਪੀਓ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ’ਚ 8300 ਕਰੋੜ ਰੁਪਏ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ ਜਦਕਿ 8300 ਕਰੋੜ ਰੁਪਏ ਆਫਰ ਫਾਰ ਸੇਲ ਜ਼ਰੀਏ ਜਾਰੀ ਕੀਤੇ ਜਾਣਗੇ। ਇਹ ਭਾਰਤ ਦੇ ਇਤਿਹਾਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਆਈਪੀਓ ਹੋਵੇਗਾ। ਇਸ ਤੋਂ ਪਹਿਲਾਂ ਸਰਕਾਰੀ ਕੰਪਨੀ ਕੋਲ ਇੰਡੀਆ 15 ਹਜ਼ਾਰ ਕਰੋੜ ਦਾ ਆਈਪੀਓ ਲੈ ਕੇ ਆਈ ਸੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨਵੰਬਰ ਮਹੀਨੇ ’ਚ ਆਪਣੇ ਸ਼ੇਅਰ ਨੂੰ ਪੂੰਜੀ ਬਾਜ਼ਾਰ ’ਚ ਸੂੱਚੀਬੱਧ ਕਰਵਾ ਸਕਦੀ ਹੈ। ਨਿਊਯਾਰਕ ਯੂਨੀਵਰਸਿਟੀ ਸਥਿਤ ਸਟਰਨ ਸਕੂਲ ਆਫ ਬਿਜ਼ਨਸ ’ਚ ਫਾਈਨਾਂਸ ਦੇ ਮਾਹਰ ਅਸ਼ਵਥ ਦਾਮੋਦਰਨ ਮੁਤਾਬਕ ਕੰਪਨੀ ਦੇ ਗ਼ੈਰ ਸੂਚੀਬੱਧ ਇਕ ਸ਼ੇਅਰ ਦਾ ਮੁੱਲ 2,950 ਰੁਪਏ ਹੈ।

ਪੇਟੀਐੱਮ ’ਚ ਦੁਨੀਆ ਦੇ ਦਿੱਗਜ ਨਿਵੇਸ਼ਕਾਂ ਨੇ ਭਰੋਸਾ ਪ੍ਰਗਟਾਇਆ ਹੈ। ਚੀਨ ਦੇ ਅਰਬਪਤੀ ਕਾਰੋਬਾਰੀ ਜੈਕ ਮਾ ਦੀ ਕੰਪਨੀ ਐਂਟ ਫਾਈਨੈਂਸ਼ੀਅਲ ਨੇ ਇਸ ’ਚ ਭਾਰੀ ਭਰਕਮ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਅਲੀਬਾਬਾ ਸਿੰਗਾਪੁਰ, ਸਾਫਟਬੈਂਕ ਵਿਜ਼ਨ ਫੰਡ ਤੇ ਬੀਐੱਚ ਇੰਟਰਨੈਸ਼ਨਲ ਹੋਲਡਿੰਗਸ ਨੇ ਵੀ ਨਿਵੇਸ਼ ਕੀਤਾ ਹੈ। 2010 ’ਚ ਕੰਪਨੀ ਨੇ ਮੋਬਾਈਲ ਰਿਚਾਰਜਿੰਗ ਸਰਵਿਸ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਲਗਾਤਾਰ ਆਪਣੀ ਸਰਵਿਸ ਦੇ ਘੇਰੇ ਨੂੰ ਵਿਸਥਾਰਤ ਕੀਤਾ ਤੇ ਮੌਜੂਦਾ ਸਮੇਂ ’ਚ ਪੇਟੀਐੱਮ ਦੀ ਮਦਦ ਨਾਲ ਹੋਟਲ ਬੁਕਿੰਗ, ਟ੍ਰੇਨ-ਪਲੇਨ ਦੀ ਟਿਕਟ ਸਮੇਤ ਕਈ ਕੰਮ ਕੀਤੇ ਜਾ ਰਹੇ ਹਨ। ਕੰਪਨੀ ਦੇ ਪ੍ਰਦਰਸ਼ਨ ’ਤੇ ਗ਼ੌਰ ਕਰੀਏ ਤਾਂ ਵਿੱਤੀ ਸਾਲ 2020-21 ’ਚ ਕੰਪਨੀ ਦਾ ਕੁਲ ਮਾਲੀਆ 3186 ਕਰੋੜ ਰਿਹਾ ਸੀ। ਉਸ ਤੋਂ ਪਿਛਲੇ ਵਿੱਤੀ ਸਾਲ ਯਾਨੀ 2019-20 ’ਚ ਕੰਪਨੀ ਦਾ ਕੁਲ ਮਾਲੀਆ 3540 ਕਰੋੜ ਰੁਪਏ ਸੀ। ਕੰਪਨੀ ਨੇ ਆਪਣਾ ਨੁਕਸਾਨ ਕਾਫ਼ੀ ਘੱਟ ਕੀਤਾ ਹੈ। ਵਿੱਤੀ ਸਾਲ 2021 ’ਚ ਕੰਪਨੀ ਦਾ ਕੁਲ ਨੁਕਸਾਨ ਘਟ ਕੇ 1701 ਕਰੋੜ ਰਿਹਾ, ਜੋ ਉਸ ਤੋਂ ਪਿਛਲੇ ਵਿੱਤੀ ਸਾਲ ’ਚ 2942 ਕਰੋੜ ਰੁਪਏ ਸੀ।

Posted By: Seema Anand