ਨਵੀਂ ਦਿੱਲੀ, ਜੇਐੱਨਐੱਨ: ਪ੍ਰਮੁੱਖ ਬਿਸਕੁਟ ਬ੍ਰਾਂਡ ਪਾਰਲੇ ਅਗਲੇ ਤਿੰਨ ਹਫ਼ਤਿਆਂ 'ਚ ਪਾਰਲੇ ਜੀ ਦੇ ਤਿੰਨ ਕਰੋੜ ਪੈਕੇਟਸ ਵੰਡੇਗੀ। ਕੰਪਨੀ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਜ਼ਰੀਏ ਇਹ ਪੈਕੇਟਸ ਵੰਡੇ ਜਾਣਗੇ। ਕੰਪਨੀ ਖ਼ਾਸ ਤੌਰ 'ਤੇ ਜ਼ਰੂਰਤਮੰਦ ਲੋਕਾਂ ਨੂੰ ਬਿਸਕੁਟ ਉਪਲੱਬਧ ਕਰਵਾਏਗੀ। ਦੇਸ਼ 'ਚ 21 ਦਿਨ ਦੇ ਲਾਕਡਾਊਨ ਦੇ ਐਲਾਨ ਦੌਰਾਨ ਕੰਪਨੀ ਨੇ ਇਹ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਕਾਰਖਾਨਿਆਂ 'ਚ 50 ਫ਼ੀਸਦੀ ਲੋਕ ਹੀ ਕੰਮ ਕਰ ਰਹੇ ਹਨ ਪਰ ਕੰਪਨੀ ਇਹ ਯਕੀਨੀ ਕਰਨ 'ਚ ਲੱਗੀ ਹੈ ਕਿ ਉਸ ਦੇ ਪ੍ਰੋਡਕਟਸ ਦੀ ਬਾਜ਼ਾਰ 'ਚ ਘਾਟ ਨਾ ਹੋਵੇ।

ਪਾਰਲੇ ਪ੍ਰੋਡਕਟਸ ਦੇ ਸੀਨੀਅਰ ਅਧਿਕਾਰੀ ਮਯੰਕ ਸ਼ਾਹ ਨੇ ਜਾਣਕਾਰੀ ਦਿੱਤੀ, 'ਅਸੀਂ ਲੋਕਾਂ ਨੇ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ। ਅਸੀਂ ਸਰਕਾਰੀ ਏਜੰਸੀਆਂ ਜ਼ਰੀਏ ਬਿਸਕੁਟ ਦੇ ਤਿੰਨ ਕਰੋੜ ਪੈਕੇਟਸ ਵੰਡਾਂਗੇ- ਅਗਲੇ ਤਿੰਨ ਹਫ਼ਤਿਆਂ ਤਕ, ਹਰ ਹਫ਼ਤੇ ਇਕ ਕਰੋੜ ਪੈਕੇਟਸ- ਖ਼ਾਸ ਕਰ ਕੇ ਲੋੜਵੰਦ ਲੋਕਾਂ ਲਈ…।'

ਉਨ੍ਹਾਂ ਕਿਹਾ, 'ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਹਾਲੇ ਖਾਣੇ ਦੀ ਜ਼ਰੂਰਤ ਹੈ, ਕਈ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਅਸੀਂ ਸਰਕਾਰ ਨਾਲ ਮਿਲ ਕੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਭੁੱਖੇ ਨਾ ਰਹਿਣ।'

ਸ਼ਾਹ ਨੇ ਕਿਹਾ ਕਿ ਲਾਕਡਾਊਨ ਕਾਰਨ ਲੋਕ ਅਫ਼ਰਾ-ਤਫ਼ਰੀ 'ਚ ਭਾਰੀ ਖ਼ਰੀਦਦਾਰੀ ਕਰ ਰਹੇ ਹਨ ਤੇ ਆਪਣੇ ਕੋਲ ਤਮਾਮ ਸਾਮਾਨ ਇਕੱਠਾ ਕਰ ਰਹੇ ਹਨ। ਲੋਕ ਬਾਹਰ ਨਿਕਲ ਰਹੇ ਹਨ ਤੇ ਖਾਣ-ਪੀਣ ਲਈ ਜੋ ਵੀ ਚੀਜ਼ ਉਪਲੱਬਧ ਹੈ, ਉਸ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਵੱਡੇ ਪੱਧਰ 'ਤੇ ਬਿਸਕੁਟ ਵੀ ਖ਼ਰੀਦ ਰਹੇ ਹਨ ਕਿਉਂਕਿ ਇਹ ਲੰਬੇ ਸਮੇਂ ਤਕ ਖ਼ਰਾਬ ਨਹੀਂ ਹੁੰਦੇ।

Posted By: Amita Verma