ਜੇਐੱਨਐੱਨ, ਨਵੀਂ ਦਿੱਲੀ : ਜਦੋਂ ਕਦੀ ਫਾਰਮ ਭਰੋ ਤੇ ਉਸ ਵਿਚ ਤੁਹਾਡਾ ਪੈਨ ਨੰਬਰ ਮੰਗਿਆ ਗਿਆ ਹੋਵੇ ਤਾਂ ਪੈਨ ਨੰਬਰ ਸਾਵਧਾਨੀ ਨਾਲ ਦਿਉ। ਕਿਉਂਕਿ ਜੇਕਰ ਗ਼ਲਤ ਨੰਬਰ ਦਿੱਤਾ ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਆਮਦਨ ਕਰ ਐਕਟ 1961 ਦੀ ਧਾਰਾ 272ਬੀ ਤਹਿਤ ਆਮਦਨ ਕਰ ਵਿਭਾਗ ਗ਼ਲਤ ਪੈਨ ਨੰਬਰ ਦੇਣ 'ਤੇ 10,000 ਦਾ ਜੁਰਮਾਨਾ ਲਗਾ ਸਕਦਾ ਹੈ। ਇਹ ਨਿਯਮ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਆਪਣਾ ਆਮਦਨ ਕਰ ਰਿਟਰਨ (ITR) ਦਾਖ਼ਲ ਕਰਦੇ ਹੋ ਜਾਂ ਹੋਰ ਮਾਮਲਿਆਂ 'ਚ ਆਪਣੇ ਪੈਨ ਦੀ ਡਿਟੇਲ ਦਿੰਦੇ ਹੋ, ਜਿੱਥੇ ਇਸ ਦਾ ਜ਼ਿਕਰ ਕਰਨਾ ਲਾਜ਼ਮੀ ਹੈ।

ਆਮਦਨ ਕਰ ਵਿਭਾਗ ਕੋਲ ਘੱਟੋ-ਘੱਟ 20 ਅਜਿਹੇ ਮਾਮਲਿਆਂ ਦੀ ਲਿਸਟ ਹੈ ਜਿੱਥੇ ਪੈਨ ਨੰਬਰ ਦੇਣਾ ਲਾਜ਼ਮੀ ਹੈ। ਮਸਲਨ ਬੈਂਕ ਖਾਤਾ ਖੋਲ੍ਹਣ 'ਤੇ, ਗੱਡੀ ਖਰੀਦਣ ਜਾਂ ਵੇਚਣ 'ਤੇ, ਮਿਊਚਲ ਫੰਡ ਖਰੀਦਣ 'ਤੇ, ਸ਼ੇਅਰ, ਡਿਬੈਂਚਰ, ਬਾਂਡ ਆਦਿ ਦੀ ਖਰੀਦਦਾਰੀ 'ਤੇ ਪੈਨ ਦੇਣਾ ਲਾਜ਼ਮੀ ਹੈ। ਮਾਲੂਮ ਹੋਵੇ ਕਿ ਇਕ ਵਾਰ ਪੈਨ ਕਾਰਡ ਮਿਲਣ 'ਤੇ ਤੁਸੀਂ ਇਸ ਲਈ ਦੁਬਾਰਾ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਪੈਨ ਕਾਰਡ ਇਕ ਵਾਰ ਬਣਦਾ ਹੈ ਤੇ ਇਹ ਜੀਵਨ ਭਰ ਲਈ ਜਾਇਜ਼ ਰਹਿੰਦਾ ਹੈ।

ਬੈਂਕ ਅਕਸਰ ਤੁਹਾਡੇ ਕੋਲੋਂ ਪੈਨ ਕਾਰਡ ਦੀ ਫੋਟੋਕਾਪੀ ਦੇਣ ਲਈ ਕਹਿੰਦੇ ਹਨ। ਅਜਿਹਾ ਕਰਨਾ ਸਹੀ ਹੈ, ਬੇਸ਼ੱਕ ਹੀ ਤੁਸੀਂ ਅਣਜਾਣੇ 'ਚ ਫਾਰਮ 'ਚ ਗ਼ਲਤ ਨੰਬਰ ਦਿੱਤਾ ਹੋਵੇ, ਬੈਂਕ ਹਮੇਸ਼ਾ ਫੋਟੋਕਾਪੀ ਜ਼ਰੀਏ ਇਸ ਨੂੰ ਤਸਦੀਕ ਕਰ ਸਕਦਾ ਹੈ।

ਜੇਕਰ ਤੁਹਾਨੂੰ ਪੈਨ ਯਾਦ ਨਹੀਂ ਹੈ ਤਾਂ ਤੁਸੀਂ ਆਧਾਰ ਕਾਰਡ ਨੰਬਰ ਵੀ ਦੇ ਸਕਦੇ ਹੋ ਕਿਉਂਕਿ ਦੋਵਾਂ ਦਸਤਾਵੇਜ਼ ਜ਼ਰੂਰੀ ਹਨ। ਹਾਲਾਂਕਿ, ਜੇਕਰ ਤੁਸੀਂ ਪੈਨ ਬਦਲੇ ਗ਼ਲਤ ਆਧਾਰ ਨੰਬਰ ਦਿੱਤਾ ਤਾਂ ਵੀ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਇਸ ਤੋਂ ਇਲਾਵਾ ਲੈਣ-ਦੇਣ 'ਚ ਪੈਨ ਜਾਂ ਆਧਾਰ ਨੰਬਰ ਦਾ ਜ਼ਿਕਰ ਨਾ ਕਰਨ 'ਤੇ ਵੀ ਜੁਰਮਾਨਾ ਲਾਇਆ ਜਾ ਸਕਦਾ ਹੈ।

ਜੇਕਰ ਦੋ ਪੈਨ ਕਾਰਡ ਹਨ ਤਾਂ ਕੀ ਹੋਵੇਗਾ?

ਕਿਸੇ ਵੀ ਵਿਅਕਤੀ ਨੂੰ ਇਕ ਤੋਂ ਜ਼ਿਆਦਾ ਪੈਨ ਰੱਖਣ ਦੀ ਇਜਾਜ਼ਤ ਨਹੀਂ ਹੈ। ਆਮਦਨ ਕਰ ਐਕਟ, 1916 ਦੀ ਧਾਰਾ 272ਬੀ ਤਹਿਤ ਦੋ ਪੈਨ ਹੋਣ 'ਤੇ ਤੁਹਾਡੇ 'ਤੇ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਜੇਕਰ ਤੁਹਾਡੇ ਕੋਲ ਦੋ ਪੈਨ ਕਾਰਡ ਹਨ ਤਾਂ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਜਲਦ ਤੋਂ ਜਲਦ ਵਾਪਸ ਕਰ ਦਿਉ। ਜੇਕਰ ਪੈਨ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਉਨ੍ਹਾਂ ਨੂੰ 31 ਦਸੰਬਰ ਤੋਂ ਬਾਅਦ ਆਮਦਨ ਕਰ ਵਿਭਾਗ ਵੱਲੋਂ ਨਾਜਾਇਜ਼ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

Posted By: Seema Anand