ਨਵੀਂ ਦਿੱਲੀ : ਓਐੱਨਜੀਸੀ ਵਿਦੇਸ਼ ਲਿਮਿਟਡ (ਓਵੀਐੱਲ) ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੰਪਨੀ ਨੂੰ ਦੱਖਣੀ ਅਮਰੀਕਾ ਦੇ ਕੋਲੰਬੀਆ 'ਚ ਦੂਜਾ ਤੇਲ ਭੰਡਾਰ ਮਿਲਿਆ ਹੈ। ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓਐੱਨਜੀਸੀ) ਦੀ ਇਸ ਸਹਾਇਕ ਸ਼ਾਖਾ ਨੇ ਇਕ ਬਿਆਨ 'ਚ ਦੱਸਿਆ ਕਿ ਕੋਲੰਬੀਆ 'ਚ ਸੀਪੀਓ-5 ਬਲਾਕ ਦੇ ਇੰਡੀਕੋ-1 'ਚ ਕੰਪਨੀ ਨੂੰ ਇਹ ਭੰਡਾਰ ਮਿਲਿਆ ਹੈ।

ਕੋਲੰਬੀਆ ਦੇ ਇਸ ਖੇਤਰ 'ਚ ਓਐੱਨਜੀਸੀ ਮੁੱਖ ਆਪਰੇਟਰ ਹੈ। ਇਸ ਤੇਲ ਖੇਤਰ 'ਚ ਕੰਪਨੀ ਦੀ ਹਿੱਸੇਦਾਰੀ 70 ਫ਼ੀਸਦੀ ਹੈ, ਜਦਕਿ ਬਾਕੀ ਹਿੱਸੇਦਾਰੀ ਪੈਟਰੋਡੋਰਾਡੋ ਸਾਊਥ ਅਮਰੀਕਾ ਐੱਸਏ ਸੁਕੁਰਸਾਲ (ਪੀਡੀਐੱਸਏ) ਕੋਲ ਹੈ। ਕੰਪਨੀ ਮੁਤਾਬਕ ਖੂਹ ਦੀ ਖੁਦਾਈ ਮੁਹਿੰਮ ਪਿਛਲੇ ਵਰ੍ਹੇ ਸੱਤ ਨਵੰਬਰ ਨੂੰ ਸ਼ੁਰੂ ਹੋਈ ਤੇ 15 ਦਸੰਬਰ ਨੂੰ ਡਿ੍ਰਲਿੰਗ ਪੂਰੀ ਹੋ ਗਈ।

ਓਵੀਐੱਲ ਨੇ ਕਿਹਾ ਕਿ 9833 ਫੁੱਟ 'ਤੇ ਉਸ ਨੂੰ ਤੇਲ ਭੰਡਾਰ ਦੇ ਸੰਕੇਤ ਮਿਲੇ ਤੇ 10,602 ਫੁੱਟ ਮਗਰੋਂ ਖੁਦਾਈ ਬੰਦ ਕਰ ਦਿੱਤੀ ਗਈ। ਤੇਲ ਭੰਡਾਰ ਦੀ ਕੁੱਲ ਮੋਟਾਈ 284 ਫੁੱਟ ਮਾਪੀ ਗਈ, ਜਿਸ 'ਚ 241 ਫੁੱਟ ਤਕ ਤੇਲ ਹੋਣ ਦਾ ਅਨੁਮਾਨ ਹੈ। ਪ੍ਰੀਖਣ ਦੌਰਾਨ ਭੰਡਾਰ 'ਚੋਂ ਬਿਨਾਂ ਕਿਸੇ ਵਾਧੂ ਕੋਸ਼ਿਸ਼ ਦੇ 4000 ਬੈਰਲ ਰੋਜ਼ਾਨਾ ਤੇਲ ਦੀ ਮਾਈਨਿੰਗ ਕੀਤੀ ਗਈ। ਕੰਪਨੀ ਨੇ ਕਿਹਾ ਕਿ ਫਿਲਹਾਲ ਇਹ ਭੰਡਾਰ ਘੱਟ ਸਮੇਂ ਦੇ ਪ੍ਰੀਖਣ 'ਚੋਂ ਲੰਘ ਰਿਹਾ ਹੈ।

ਇਸ ਤੋਂ ਪਹਿਲਾਂ ਕੋਲੰਬੀਆ 'ਚ ਓਵੀਐੱਲ ਨੂੰ ਸਾਲ 2017 'ਚ ਮਾਰੀਪੋਸਾ-1 ਖੂਹ 'ਚ ਤੇਲ ਭੰਡਾਰ ਮਿਲਿਆ ਸੀ। ਇਹ ਖੇਤਰ ਇੰਡੀਕੋ-1 ਤੋਂ 6.5 ਕਿਲੋਮੀਟਰ ਦੂਰ ਹੈ। ਨਵੀਂ ਖੋਜ ਮਗਰੋਂ ਕੰਪਨੀ ਆਲੇ-ਦੁਆਲੇ ਹੋਰ ਖੂਹਾਂ ਦੀ ਖੁਦਾਈ ਤੇ ਤੇਲ ਭੰਡਾਰ ਦਾ ਪਤਾ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਓਵੀਐਲ ਨੇ 20 ਦੇਸ਼ਾਂ ਦੇ 41 ਤੇਲ ਮਾਈਨਿੰਗ ਪ੍ਰਾਜੈਕਟਾਂ 'ਚ ਹਿੱਸੇਦਾਰੀ ਲੈ ਰੱਖੀ ਹੈ, ਜਿਨ੍ਹਾਂ 'ਚ ਕੋਲੰਬੀਆ ਪ੍ਰਮੁੱਖ ਹੈ। ਇੱਥੇ ਕੰਪਨੀ ਛੇ ਤੇਲ ਬਲਾਕ 'ਚ ਹਿੱਸੇਦਾਰ ਹੈ। ਕੰਪਨੀ ਨੇ ਇੱਥੇ ਮਾਨਸਰੋਵਰ ਐਨਰਜੀ ਕੋਲੰਬੀਆ ਲਿਮਿਟਡ (ਐੱਮਈਐੱਲ) ਨਾਲ ਸਮਾਨ ਹਿੱਸੇਦਾਰੀ ਵਾਲਾ ਸਾਂਝਾ ਯੰਤਰ ਵੀ ਗਿਠਤ ਕੀਤਾ ਹੋਇਆ ਹੈ। ਓਵੀਐੱਲ ਦੇ ਪੋਰਟਫੋਲੀਓ 'ਚ ਇਸ ਵੇਲੇ 71 ਕਰੋੜ ਤੇਲ ਤੇ ਤੇਲ ਦੇ ਬਰਾਬਰ ਕੁਦਰਤੀ ਗੈਸ ਦਾ ਭੰਡਾਰ ਹੈ।