ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਚੀਨ 'ਚ ਰਿਫਾਈਨਿੰਗ ਤੇ ਪੈਟਰੋਕੈਮੀਕਲਜ਼ ਕੰਪਲੈਕਸ ਨਿਰਮਾਣ ਦੇ 10 ਅਰਬ ਡਾਲਰ ਦੇ ਸੌਦੇ ਨੂੰ ਰੱਦ ਕਰ ਦਿੱਤਾ ਹੈ। ਮਾਮਲੇ ਨਾਲ ਜੁੜੇ ਲੋਕਾਂ ਤੋਂ ਇਹ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਡੀਲ ਇਸ ਲਈ ਰੱਦ ਕੀਤੀ ਕਿਉਂਕਿ ਉਹ ਤੇਲ ਦੀਆਂ ਘੱਟ ਕੀਮਤਾਂ ਦਾ ਸਾਹਮਣਾ ਕਰਨ ਲਈ ਖ਼ਰਚ ਕਰ ਰਹੀ ਹੈ। ਕਾਬਿਲੇਗ਼ੌਰ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੇ ਲਾਕਡਾਊਨ ਕਾਰਨ ਤੇਲ ਖਪਤ 'ਚ ਜ਼ਬਰਦਸਤ ਗਿਰਾਵਟ ਆਈ ਹੈ ਜਿਸ ਕਾਰਨ ਤੇਲ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ ਹੈ।

ਅਰਾਮਕੋ ਵੱਲੋਂ ਡੀਲ ਨੂੰ ਰੱਦ ਕਰਨਾ ਚੀਨ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਬਲੂਮਬਰਗ ਨੇ ਇਕ ਰਿਪੋਰਟ 'ਚ ਦੱਸਿਆ ਹੈ ਕਿ ਅਰਾਮਕੋ ਨੇ ਆਪਣੇ ਚੀਨੀ ਭਾਈਵਾਲਾਂ ਨਾਲ ਗੱਲਬਾਤ ਤੋਂ ਬਾਅਤ ਚੀਨ ਦੇ ਪੂਰਬੀ-ਉੱਤਰੀ ਸੂਬੇ ਲਿਓਨਿੰਗ 'ਚ ਸਹੂਲਤ 'ਚ ਨਿਵੇਸ਼ ਬੰਦ ਕਰਨ ਦਾ ਫ਼ੈਸਲਾ ਕੀਤਾ। ਮਾਮਲੇ ਨਾਲ ਜੁੜੇ ਲੋਕਾਂ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਏਜੰਸੀ ਨੂੰ ਦੱਸਿਆ ਕਿ ਇਸ ਫ਼ੈਸਲੇ ਪਿੱਛੇ ਅਨਿਸ਼ਚਤ ਬਾਜ਼ਾਰ ਦ੍ਰਿਸ਼ਟੀਕੋਣ ਸੀ।

ਅਰਾਮਕੋ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਈਵਾਲਾਂ 'ਚੋਂ ਇਕ ਚਾਇਨਾ ਨਾਰਥ ਇੰਡਸਟ੍ਰੀਜ਼ ਗਰੁੱਪ ਕਾਰਪੋਰੇਸ਼ਨ ਜਾਂ ਨਾਰਿਨਕੋ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ ਹੈ। ਤੇਲ ਕੀਮਤਾਂ 'ਚ ਭਾਰੀ ਗਿਰਾਵਟ ਤੇ ਊਰਜਾ ਖਪਤ 'ਤੇ ਕੋਰੋਨਾ ਵਾਇਰਸ ਪ੍ਰਕੋਪ ਨੇ ਊਰਜਾ ਕੰਪਨੀਆਂ ਦੇ ਵਿਸ਼ਵ ਭਰ ਦੇ ਪ੍ਰਾਜੈਕਟਾਂ ਦਾ ਗਣਿਤ ਵਿਗਾੜ ਦਿੱਤਾ ਹੈ। ਤੇਲ ਦੀਆਂ ਘੱਟ ਕੀਮਤਾਂ ਤੇ ਵਧਦੇ ਕਰਜ਼ੇ ਦੌਰਾਨ 75 ਅਰਬ ਡਾਲਰ ਦੇ ਡਿਵੀਡੈਂਡ ਨੂੰ ਬਰਕਰਾਰ ਰੱਖਣ ਲਈ ਅਰਾਮਕੋ ਆਪਣੇ ਪੂੰਜੀਗਤ ਖ਼ਰਚ 'ਚ ਵੱਡੀ ਕਟੌਤੀ ਦੀ ਯੋਜਨਾ ਬਣਾ ਰਹੀ ਹੈ।

ਕੋਰੋਨਾ ਵਾਇਰਸ ਕਾਰਨ ਆਲਮੀ ਤੇਲ ਖਪਤ ਦੇ ਘਟਣ ਤੇ ਮਾਰਜਨ ਡਿੱਗ ਜਾਣ ਕਾਰਨ ਰਿਫਾਈਨਰਜ਼ ਨੂੰ ਵੱਡਾ ਝਟਕਾ ਲੱਗਾ ਹੈ। ਇਸ ਨਾਲ ਰਿਫਾਈਨਿੰਗ ਕਾਰੋਬਾਰੀਆਂ ਲਈ ਨਿਵੇਸ਼ ਦੇ ਮਾਮਲੇ 'ਚ ਵੱਡਾ ਬਦਲਾਅ ਆਇਆ ਹੈ। ਸਾਊਦੀ ਅਰਾਮਕੋ ਨੇ ਇਸ ਸਾਲ ਦੀ ਸ਼ੁਰੂਆਤ 'ਚ ਇਕ ਰਿਫਾਈਨਰੀ ਵਿਸਤਾਰ ਪ੍ਰਾਜੈਕਟ 'ਤੇ ਇੰਡੋਨੇਸ਼ੀਆ ਦੀ ਸੂਬਾਈ ਊਰਜਾ ਕੰਪਨੀ ਪਰਟੈਂਮਿਨਾ ਨਾਲ ਗੱਲਬਾਤ ਕੀਤੀ ਸੀ, ਪਰ ਸਮਝੌਤੇ ਬਿਨਾਂ ਗੱਲਬਾਤ ਸਮਾਪਤ ਹੋ ਗਈ ਤੇ ਪਰਟੈਂਮਿਨਾ ਦੂਸਰੇ ਸਾਥੀ ਦੀ ਤਲਾਸ਼ 'ਚ ਹੈ।

Posted By: Seema Anand