ਪੀਟੀਆਈ, ਨਵੀਂ ਦਿੱਲੀ : ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 15 ਜਨਵਰੀ 2021 ਤੋਂ ਦੇਸ਼ ਭਰ ਵਿਚ ਸੋਨੇ ਦੇ ਗਹਿਣਿਆਂ ਅਤੇ ਹੋਰ ਚੀਜ਼ਾਂ ਦੀ ਹਾਲਮਾਰਕਿੰਗ ਜ਼ਰੂਰੀ ਹੋਵੇਗੀ। ਇਸ ਲਈ ਸੁਨਿਆਰਿਆਂ ਨੂੰ ਇਕ ਸਾਲ ਦੀ ਮੌਹਲਤ ਦਿੱਤੀ ਜਾਵੇਗੀ। ਹਾਲਮਾਰਕਿੰਗ ਜ਼ਰੂਰੀ ਕੀਤੇ ਜਾਣ ਨਾਲ ਗਾਹਕਾਂ ਨੂੰ ਸ਼ੁੱਧ ਸੋਨਾ ਮਿਲੇਗਾ। ਮੌਜੂਦਾ ਸਮੇਂ ਵਿਚ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਇਛੁੱਕ ਹੈ।

ਪਾਸਵਾਨ ਨੇ ਕਿਹਾ ਕਿ ਉਪਭੋਗਤਾ ਮਾਮਲਿਆਂ ਦਾ ਵਿਭਾਗ 15 ਜਨਵਰੀ 2020 ਤਕ ਗੋਲਡ ਹਾਲਮਾਰਕਿੰਗ ਜ਼ਰੂਰੀ ਕਰਨ ਦੇ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ। ਉਸ ਤੋਂ ਬਾਅਦ ਇਕ ਸਾਲ ਦੀ ਮੌਹਲਤ ਇਸ ਲਈ ਦਿੱਤੀ ਗਈ ਤਾਂ ਜੋ ਜਿਊਲਰਜ਼ ਆਪਣਾ ਪੁਰਾਣਾ ਸਟਾਕ ਕੱਢ ਸਕਣ। ਪਾਸਵਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਾਹਕਾਂ ਕੋਲ ਜੋ ਪੁਰਾਣੇ ਗਹਿਣੇ ਹਨ ਉਨ੍ਹਾਂ ਦੀ ਹਾਲਮਾਰਕਿੰਗ ਕਰਵਾਉਣੀ ਵੀ ਜ਼ਰੂਰੀ ਕਰਨ ਦੀ ਮੰਤਰਾਲਾ ਨੇ ਅਜੇ ਕੋਈ ਯੋਜਨਾ ਨਹੀਂ ਬਣਾਈ ਹੈ।

ਕੀ ਹੁੰਦੀ ਹੈ ਹਾਲਮਾਰਕਿੰਗ

ਹਾਲਮਾਰਕ ਸੋਨੇ ਦੀ ਸ਼ੁੱਧਤਾ ਦਾ ਸਬੂਤ ਹੁੰਦਾ ਹੈ। ਅਜੇ ਹਾਲਮਾਰਕਿੰਗ ਨੂੰ ਸਵੈਇਛੁੱਕ ਆਧਾਰ 'ਤੇ ਲਾਗੂ ਕੀਤਾ ਗਿਆ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰਾਲਾ ਤਹਿਤ ਭਾਰਤੀ ਮਾਪਦੰਡ ਬਿਊਰੋ, ਹਾਲਮਾਰਕ ਲਈ ਪ੍ਰਸ਼ਾਸਨਿਕ ਅਧਿਕਾਰ ਹੈ। ਹਾਲਮਾਰਕ ਗੋਲਡ ਜਿਊਲਰੀ 'ਤੇ ਬੀਆਈਐਸ ਦਾ ਨਿਸ਼ਾਨ ਹੁੰਦਾ ਹੈ। ਇਸ ਨਿਸ਼ਾਨ ਤੋਂ ਪਤਾ ਲਗਦਾ ਹੈ ਕਿ ਸੋਨੇ ਦੀ ਸ਼ੁੱਧਤਾ ਦੀ ਜਾਂਚ ਲਾਇਸੰਸਡ ਲੈਬਾਟਰੀ ਵਿਚ ਕੀਤੀ ਗਈ ਹੈ। ਬੀਆਈਐਸ ਨੇ ਤਿੰਨ ਗ੍ਰੇਡ-14 ਕੈਰਟ, 18 ਕੈਰਟ ਅਤੇ 22 ਕੈਰਟ ਦੇ ਸੋਨੇ ਲਈ ਹਾਲਮਾਰਕ ਦਾ ਮਾਪਦੰਡ ਤੈਅ ਕੀਤਾ ਗਿਆ ਹੈ।

ਜਾਣੋ ਕਿੰਨੇ ਕੈਰਟ ਸੋਨੇ ਵਿਚ ਕਿੰਨੀ ਫੀਸਦ ਹੁੰਦੀ ਹੈ ਸ਼ੁੱਧਤਾ

14 ਕੈਰਟ-58.3 ਫੀਸਦ (583)

18 ਕੈਰਟ-75 ਫੀਸਦ (750)

20 ਕੈਰਟ-83.3 ਫੀਸਦ (833)

22 ਕੈਰਟ-91.7 ਫੀਸਦ (917)

24 ਕੈਰਟ-99.9 ਫੀਸਦ (999)

Posted By: Tejinder Thind