ਨਵੀਂ ਦਿੱਲੀ (ਪੀਟੀਆਈ) : ਹਿੰਦੁਸਤਾਨ ਯੂਨੀਲੀਵਰ, ਗੋਦਰੇਜ ਕੰਜ਼ਿਊਮਰ ਤੇ ਪੰਤਜਲੀ ਵਰਗੀਆਂ ਮੁੱਖ ਐੱਫਐੱਮਸੀਜੀ ਕੰਪਨੀਆਂ ਨੇ ਸਾਬਣ ਤੇ ਸੈਨੀਟਾਈਜੇਸ਼ਨ ਨਾਲ ਜੁੜੇ ਹੋਰਨਾਂ ਉਤਪਾਦਾਂ ਦੀਆਂ ਕੀਮਤਾਂ 'ਚ ਕਮੀ ਦਾ ਐਲਾਨ ਕੀਤਾ ਹੈ। ਕੰਪਨੀਆਂ ਨੇ ਇਸ ਦੇ ਨਾਲ ਹੀ ਅਜਿਹੇ ਉਤਪਾਦਾਂ ਦਾ ਉਤਪਾਦਨ ਵਧਾਉਣ ਦਾ ਵੀ ਐਲਾਨ ਕੀਤਾ। ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੁਕਾਬਲੇ 'ਚ ਸਰਕਾਰ ਤੇ ਲੋਕਾਂ ਦੀ ਮਦਦ ਲਈ ਕੰਪਨੀਆਂ ਨੇ ਇਹ ਪਹਿਲੀ ਕੀਤੀ ਹੈ। ਹਿੰਦੁਸਤਾਨ ਯੂਨੀਲੀਵਰ ਲਿਮਟਡ (ਐੱਚਯੂਐੱਲ) ਨੇ ਇਸ ਦੇ ਨਾਲ ਹੀ ਕੋਰੋਨਾ ਨਾਲ ਲੜਾਈ ਲਈ 100 ਕਰੋੜ ਰੁਪਏ ਦੀ ਵਚਨਬੱਧਤਾ ਦਾ ਐਲਾਨ ਵੀ ਕੀਤਾ। ਐੱਚਯੂਐੱਲ ਨੇ ਇਸ ਬਾਰੇ ਬਿਆਨ ਜਾਰੀ ਕਰ ਕੇ ਕਿਹਾ ਹੈ, 'ਜਨਤਕ ਹਿੱਤ 'ਚ ਹਿੰਦੁਸਤਾਨ ਯੂਨੀਲੀਵਰ ਲਾਈਫਬੁਆਏ ਸੈਨੇਟਾਈਜ਼ਰ, ਲਾਈਫਬੁਆਏ ਲਿਕਵਿਡ ਹੈਂਡਵਾਸ਼ ਤੇ ਡੋਮੇਕਸ ਫਲੋਰ ਕਲੀਨਰ ਦੀਆਂ ਕੀਮਤਾਂ 'ਚ 15 ਫ਼ੀਸਦੀ ਦੀ ਕਮੀ ਕਰ ਰਹੀ ਹੈ। ਘਟੀਆਂ ਹੋਈਆਂ ਕੀਮਤਾਂ ਵਾਲੇ ਇਨ੍ਹਾਂ ਉਤਪਾਦਾਂ ਦਾ ਉਤਪਾਦਨ ਅਸੀਂ ਤੁਰੰਤ ਸ਼ੁਰੂ ਕਰਨ ਜਾ ਰਹੇ ਹਾਂ। ਇਹ ਉਤਪਾਦ ਅਗਲੇ ਕੁਝ ਹਫ਼ਤਿਆਂ 'ਚ ਬਾਜ਼ਾਰ 'ਚ ਮੁਹੱਈਆ ਹੋਣਗੇ।'

ਐੱਚਯੂਐੱਲ ਵੰਡੇਗੀ ਦੋ ਕਰੋੜ ਸਾਬਣ

ਐੱਚਯੂਐੱਲ ਮੁਤਾਬਕ ਕੰਪਨੀ ਸਮਾਜ ਦੇ ਲੋੜਵੰਦ ਤਬਕੇ ਨੂੰ ਅਗਲੇ ਕੁਝ ਮਹੀਨਿਆਂ 'ਚ ਦੋ ਕਰੋੜ ਲਾਇਫਬੁਆਏ ਸਾਬਣ ਵੰਡੇਗੀ। ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਸੰਜੀਵ ਮਹਿਤਾ ਨੇ ਇਸ ਮੌਕੇ ਕਿਹਾ, 'ਕੰਪਨੀਆਂ ਦਾ ਸੰਕਟ ਦੀ ਇਸ ਘੜੀ 'ਚ ਅਹਿਮ ਭੂਮਿਕਾ ਬਣਦੀ ਹੈ। ਕੰਪਨੀ ਸਰਕਾਰਾਂ ਤੇ ਆਪਣੇ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤਾਂਕਿ ਸਾਰੇ ਲੋਕ ਇਕੱਠਿਆਂ ਮਿਲ ਕੇ ਇਸ ਕੌਮਾਂਤਰੀ ਸੰਕਟ ਤੋਂ ਪਾਰ ਹੋ ਸਕਣ।

ਪੰਤਜਲੀ ਨੇ ਵੀ ਘਟਾਏ ਭਾਅ

ਯੋਗਗੁਰੂ ਰਾਮਦੇਵ ਦੀ ਕੰਪਨੀ ਪੰਤਜਲੀ ਆਯੁਰਵੇਦ ਨੇ ਵੀ ਐਲੋਵੀਰਾ ਤੇ ਹਲਦੀ-ਚੰਦਨ ਸਾਬਣਾਂ ਦੀ ਕੀਮਤ 'ਚ 12.5 ਫ਼ੀਸਦੀ ਦੀ ਕਮੀ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬੁਲਾਰੇ ਐਸਕੇ ਤਿਜਦਾਰਾਵਾਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, 'ਸਵਾਮੀ ਰਾਮਦੇਵ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਨਾਲ ਲੜਾਈ 'ਚ ਲੋਕਾਂ ਦੀ ਮਦਦ ਕਰਨ ਲਈ ਕੀਮਤਾਂ 'ਚ ਕਮੀ ਕਰਨ ਦਾ ਫ਼ੈਸਲਾ ਕੀਤਾ ਹੈ।

ਗਾਹਕਾਂ 'ਤੇ ਬੋਝ ਨਹੀਂ ਪਾਵੇਗੀ ਗੋਦਰੇਜ

ਗੋਦਰੇਜ ਵੱਲੋਂ ਕਿਹਾ ਗਿਆ ਹੈ ਕਿ ਕੰਪਨੀ ਨੇ ਕੱਚੇ ਮਾਲ ਦੀਆਂ ਕੀਮਤਾਂ 'ਚ ਹੋਏ ਵਾਧੇ ਦਾ ਬੋਝ ਗਾਹਕਾਂ 'ਤੇ ਨਾ ਪਾਉਣ ਦਾ ਫ਼ੈਸਲਾ ਕੀਤਾ ਹੈ। ਕਾਬਿਲੇਗੌਰ ਹੈ ਕਿ ਇਸ ਸਮੇਂ ਅਜਿਹੀਆਂ ਖ਼ਰਬਾਂ ਆ ਰਹੀਆਂ ਹਨ ਕਿ ਲੋਕ ਘਬਰਾਹਟ 'ਚ ਪਰਸਨਲ ਕੇਅਰ ਤੇ ਸੈਨੀਟਾਈਜੇਸ਼ਨ ਨਾਲ ਜੁੜੀਆਂ ਵਸਤੂਆਂ ਦੀ ਬੇਲੋੜੀ ਖ਼ਦੀਦਾਰੀ ਕਰ ਰਹੇ ਹਨ।