ਨਵੀਂ ਦਿੱਲੀ, ਆਟੋ ਡੈਸਕ : ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਆਟੋ ਉਦਯੋਗ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਸੇ ਸਿਲਸਿਲੇ ਵਿਚ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਦਾ ਟੀਚਾ ਅਗਲੇ ਪੰਜ ਸਾਲਾਂ ਵਿਚ ਆਟੋਮੋਬਾਈਲ ਉਦਯੋਗ ਦੇ ਟਰਨਓਵਰ ਨੂੰ 15 ਲੱਖ ਕਰੋੜ ਤਕ ਵਧਾਉਣ ਦਾ ਹੈ, ਜਦਕਿ ਮੌਜੂਦਾ ਟਰਨਓਵਰ 7.5 ਲੱਖ ਕਰੋੜ ਹੈ, ਜਿਸ ਵਿੱਚੋਂ ਸਿਰਫ਼ ਬਰਾਮਦ ਦਾ ਟਰਨਓਵਰ 3 ਕਰੋੜ ਹੈ।

ਗ੍ਰੇਟਰ ਨੋਇਡਾ 'ਚ ਮਾਰੂਤੀ ਸੁਜ਼ੂਕੀ ਅਤੇ ਟੋਇਟਾ ਸੁਸ਼ੋ ਗਰੁੱਪ ਦੀ ਸਰਕਾਰ ਦੁਆਰਾ ਪ੍ਰਵਾਨਿਤ ਸਕ੍ਰੈਪਿੰਗ ਸਹੂਲਤ ਦੇ ਉਦਘਾਟਨ ਮੌਕੇ ਬੋਲਦਿਆਂ, ਮੰਤਰੀ ਨੇ ਦੇਸ਼ ਦੇ ਆਟੋਮੋਬਾਈਲ ਉਦਯੋਗ ਲਈ ਆਪਣੇ ਦ੍ਰਿਸ਼ਟੀਕੋਣ ਦੀ ਰੂਪਰੇਖਾ ਦੱਸੀ।

ਸਕ੍ਰੈਪਿੰਗ ਸੁਵਿਧਾ ਦੇ ਉਦਘਾਟਨ ਦੌਰਾਨ ਬੋਲੇ ਮੰਤਰੀ

ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਅਤੇ ਟੋਇਟਾ ਸੁਸ਼ੋ ਗਰੁੱਪ ਨੇ ਮਿਲ ਕੇ ਇਸ ਯੂਨਿਟ ਦਾ ਨਿਰਮਾਣ ਕੀਤਾ ਹੈ, ਜਿੱਥੇ ਹਰ ਸਾਲ ਲਗਪਗ 24 ਹਜ਼ਾਰ ਪੁਰਾਣੇ ਵਾਹਨਾਂ ਨੂੰ ਸਕ੍ਰੈਪ 'ਚ ਬਦਲਿਆ ਜਾਵੇਗਾ। ਜਾਣਕਾਰੀ ਅਨੁਸਾਰ ਇਸ ਪਲਾਂਟ 'ਚ ਹਰ ਮਹੀਨੇ 2000 ਵਾਹਨਾਂ ਨੂੰ ਸਕ੍ਰੈਪ ਕਰਨ ਦੀ ਸਮਰੱਥਾ ਹੋਵੇਗੀ ਅਤੇ ਇਕ ਵਾਹਨ ਨੂੰ ਸਕ੍ਰੈਪ ਕਰਨ 'ਚ ਤਿੰਨ ਘੰਟੇ ਤੋਂ ਵੱਧ ਸਮਾਂ ਲੱਗੇਗਾ।

2070 ਤਕ ਜ਼ੀਰੋ ਕਾਰਬਨ ਨਿਕਾਸੀ ਕਰਨ ਦਾ ਟੀਚਾ

ਕਿਉਂਕਿ ਸਰਕਾਰ ਦਾ ਟੀਚਾ 2070 ਤਕ ਭਾਰਤ ਨੂੰ ਜ਼ੀਰੋ ਕਾਰਬਨ ਐਮੀਸ਼ਨ ਬਣਾਉਣਾ ਹੈ। ਇਸੇ ਗੱਲ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਟਰਾਂਸਪੋਰਟ ਪ੍ਰਣਾਲੀ ਵਿਚ ਸੀਐਨਜੀ, ਐਲਐਨਜੀ, ਗ੍ਰੀਨ ਹਾਈਡ੍ਰੋਜਨ, ਈਥਾਨੌਲ ਬਾਲਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ COP26 ਸੰਮੇਲਨ ਵਿਚ ਟੀਚੇ ਦਾ ਐਲਾਨ ਕੀਤਾ ਸੀ।

ਦੇਸ਼ ਵਿਚ ਜੈਵਿਕ ਬਾਲਣ ਦੀ ਮੌਜੂਦਾ ਦਰਾਮਦ 8 ਲੱਖ ਕਰੋੜ ਰੁਪਏ ਹੈ ਅਤੇ ਅਗਲੇ ਪੰਜ ਸਾਲਾਂ 'ਚ ਇਹ ਅੰਕੜਾ 25 ਲੱਖ ਕਰੋੜ ਰੁਪਏ ਤਕ ਪਹੁੰਚਣ ਦੀ ਸੰਭਾਵਨਾ ਹੈ। ਇਸ ਨੂੰ ਘਟਾਉਣ ਅਤੇ ਵਿਕਲਪਕ ਈਂਧਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਖੇਤੀ ਨੂੰ ਊਰਜਾ ਅਤੇ ਬਿਜਲੀ ਦੇ ਖੇਤਰਾਂ 'ਚ ਵਿਭਿੰਨ ਬਣਾਉਣ 'ਤੇ ਕੰਮ ਕਰ ਰਹੀ ਹੈ।

Posted By: Ramandeep Kaur