ਨਿਤਿਨ ਪ੍ਰਧਾਨ, ਨਵੀਂ ਦਿੱਲੀ : ਸ਼ੇਅਰ ਬਾਜ਼ਾਰ ਵਿਚ ਬੀਤੇ ਇਕ ਮਹੀਨੇ ਦੌਰਾਨ ਦੀ ਗਿਰਾਵਟ ਦੇ ਬਾਵਜੂਦ ਨਿਵੇਸ਼ਕਾਂ ਨੇ ਮਿਊਚੁਅਲ ਫੰਡਾਂ ਜ਼ਰੀਏ ਇਕਵਿਟੀ ਨਿਵੇਸ਼ ਵਿਚ ਆਪਣਾ ਭਰੋਸਾ ਬਣਾਏ ਰੱਖਿਆ ਹੈ। ਪਿਛਲੇ ਮਹੀਨੇ ਸ਼ੇਅਰ ਬਾਜ਼ਾਰਾਂ ਵਿਚ ਤੇਜ਼ ਉਤਾਰ-ਚੜ੍ਹਾਅ ਵਿਚਾਲੇ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2000 ਅੰਕ ਤੋਂ ਜ਼ਿਆਦਾ ਹੇਠਾਂ ਆ ਗਿਆ। ਇਸ ਦੇ ਬਾਵਜੂਦ ਮਿਊਚੁਅਲ ਫੰਡਾਂ ਦੇ ਔਸਤ ਅਸੈੱਟ ਅੰਡਰ ਮੈਨੇਜਮੈਂਟ (ਏਯੂਐੱਮ) ਵਿਚ ਵਾਧੇ ਦਾ ਸਿਲਸਿਲਾ ਬਣਿਆ ਰਿਹਾ। ਇਸ ਦੌਰਾਨ ਨਿਵੇਸ਼ਕਾਂ ਨੇ ਨਾ ਸਿਰਫ਼ ਡੇਟ ਅਤੇ ਹਾਈਬਿ੍ਡ ਫੰਡ ਵਰਗੇ ਜ਼ਿਆਦਾ ਸੁਰੱਖਿਅਤ ਬਦਲਾਂ ਵਿਚ ਨਿਵੇਸ਼ ਕੀਤਾ, ਬਲਕਿ ਜੋਖਮ ਵਾਲੇ ਇਕਵਿਟੀ ਫੰਡਾਂ ਵਿਚ ਵੀ ਨਿਵੇਸ਼ ਕਰਨ ਤੋਂ ਪਿੱਛੇ ਨਹੀਂ ਰਹੇ।

ਇਸ ਸਾਲ ਪਹਿਲੀ ਜੁਲਾਈ ਦੇ ਮੁਕਾਬਲੇ 9 ਅਗਸਤ ਦੇ ਸੈਂਸੈਕਸ ਦੇ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿਚ 2104 ਅੰਕਾਂ ਦੀ ਗਿਰਾਵਟ ਆਈ ਹੈ। ਹਾਲਾਂਕਿ, ਇਸ ਦੌਰਾਨ ਸ਼ੇਅਰ ਬਾਜ਼ਾਰ ਵਿਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਅਤੇ ਕਈ ਵਾਰ ਸੈਂਸੈਕਸ ਪਹਿਲੀ ਜੁਲਾਈ ਦੇ ਪੱਧਰ ਤਕ ਪਹੁੰਚਿਆ ਵੀ, ਪਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਦੀ ਟੈਕਸ ਸਬੰਧੀ ਚਿੰਤਾ ਦੇ ਚੱਲਦੇ ਬਾਜ਼ਾਰ ਵਿਚ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਤੇਜ਼ ਗਿਰਾਵਟ ਹੋਈ। ਲਿਹਾਜ਼ਾ ਨਿਵੇਸ਼ਕ ਸਿੱਧੇ ਬਾਜ਼ਾਰ ਵਿਚ ਨਿਵੇਸ਼ ਕਰਨ ਤੋਂ ਤਾਂ ਦੂਰ ਰਹੇ, ਪਰ ਮਿਊਚੁਅਲ ਫੰਡਾਂ ਵਿਚ ਉਨ੍ਹਾਂ ਦਾ ਵਿਸ਼ਵਾਸ ਬਣਿਆ ਰਿਹਾ।

ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਅੰਕੜੇ ਦੱਸਦੇ ਹਨ ਕਿ ਇਸ ਉਤਾਰ-ਚੜ੍ਹਾਅ ਦੇ ਬਾਵਜੂਦ ਜੂਨ ਦੇ ਮੁਕਾਬਲੇ ਜੁਲਾਈ ਵਿਚ ਮਿਊਚੁਅਲ ਫੰਡ ਕੰਪਨੀਆਂ ਦੇ ਏਯੂਐੱਮ ਵਿਚ ਵਾਧਾ ਹੋਇਆ ਹੈ। ਜੂਨ ਵਿਚ ਮਿਊਚੁਅਲ ਫੰਡਾਂ ਦਾ ਏਏਯੂਐੱਮ 25.51 ਲੱਖ ਕਰੋੜ ਰੁਪਏ ਸੀ। ਜੁਲਾਈ ਵਿਚ ਇਹ ਇਕ ਫ਼ੀਸਦੀ ਤੋਂ ਕੁਝ ਵਧ ਕੇ 25.81 ਲੱਖ ਕਰੋੜ ਰੁਪਏ ਹੋ ਗਿਆ। ਜੇਕਰ ਪਿਛਲੇ ਸਾਲ ਜੁਲਾਈ ਦੇ 23.96 ਲੱਖ ਕਰੋੜ ਰੁਪਏ ਏਯੂਐੱਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ ਇਸ ਵਿਚ 7.7 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਬੀਤੇ ਇਕ ਮਹੀਨੇ ਵਿਚ ਬਾਜ਼ਾਰ ਵਿਚ ਤੇਜ਼ ਉਤਾਰ-ਚੜ੍ਹਾਅ ਦੇ ਚੱਲਦੇ ਨਿਵੇਸ਼ਕਾਂ ਦਾ ਰੁਖ਼ ਸਰਾਫ਼ਾ ਅਤੇ ਮੁਦਰਾ ਬਾਜ਼ਾਰ ਵਰਗੇ ਹੋਰਨਾਂ ਨਿਵੇਸ਼ ਬਦਲਾਂ ਵੱਲ ਹੋਇਆ। ਪਰ ਜਾਣਕਾਰ ਦੱਸਦੇ ਹਨ ਕਿ ਇਸ ਦੇ ਬਾਵਜੂਦ ਇਕਵਿਟੀ ਵਰਗ ਵਿਚ ਵੀ ਮਿਊਚੁਅਲ ਫੰਡਾਂ ਨੇ ਆਪਣਾ ਆਕਰਸ਼ਣ ਬਣਾਏ ਰੱਖਿਆ। ਐੱਮਫੀ ਦੇ ਸੀਈਓ ਐੱਨਐੱਸ ਵੈਂਕਟੇਸ਼ ਕਹਿੰਦੇ ਹਨ, 'ਤੇਜ਼ ਉਤਾਰ-ਚੜ੍ਹਾਅ ਵਾਲੇ ਇਸ ਮੁਸ਼ਕਲ ਮਹੀਨੇ ਵਿਚ ਵੀ ਡੇਟ, ਇਕਵਿਟੀ ਅਤੇ ਹਾਈਬਿ੍ਡ ਮਿਊਚੁਅਲ ਫੰਡ ਯੋਜਨਾਵਾਂ ਵੱਲ ਨਿਵੇਸ਼ਕਾਂ ਦਾ ਰੁਖ਼ ਸਕਾਰਾਤਮਕ ਰਿਹਾ। ਇਕਵਿਟੀ ਐੱਸਆਈਪੀ ਦਾ ਯੋਗਦਾਨ ਤਾਂ ਤਿੰਨ ਸਾਲ ਦੇ ਉੱਚ ਪੱਧਰ ਤਕ ਚਲਾ ਗਿਆ ਹੈ।' ਇਸ ਸਾਲ ਜੁਲਾਈ ਵਿਚ ਇਕਵਿਟੀ ਯੋਜਨਾਵਾਂ ਵਿਚ ਮਿਊਚੁਅਲ ਫੰਡਾਂ ਦਾ ਏਏਯੂਐੱਮ 7.06 ਲੱਖ ਕਰੋੜ ਰੁਪਏ ਰਿਹਾ।

ਮਿਊਚੁਅਲ ਫੰਡ ਪ੍ਰਤੀ ਜਾਗਰੂਕਤਾ

ਜਾਣਕਾਰ ਮੰਨਦੇ ਹਨ ਕਿ ਨਿਵੇਸ਼ਕਾਂ ਵਿਚ ਮਿਊਚੁਅਲ ਫੰਡਾਂ ਪ੍ਰਤੀ ਜਾਗਰੂਕਤਾ ਵਧਣ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਰਿਟਰਨ ਨੂੰ ਦੇਖਦੇ ਹੋਏ ਖ਼ਾਸ ਤੌਰ 'ਤੇ ਪਰਚੂਨ ਨਿਵੇਸ਼ਕਾਂ ਦਾ ਰੁਝਾਨ ਮਿਊਚੁਅਲ ਫੰਡਾਂ ਵੱਲ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਧ ਰਿਹਾ ਹੈ। ਇਸ ਤੋਂ ਇਲਾਵਾ ਸੰਸਥਾਗਤ ਨਿਵੇਸ਼ਕਾਂ ਦੀ ਰੁਚੀ ਵੀ ਇਨ੍ਹਾਂ ਫੰਡਾਂ ਵਿਚ ਵਧੀ ਹੈ। ਵੈਂਕਟੇਸ਼ ਕਹਿੰਦੇ ਹਨ ਕਿ ਮਿਊਚੁਅਲ ਫੰਡ ਉਦਯੋਗ ਦਾ ਜੁਲਾਈ ਦਾ ਪ੍ਰਦਰਸ਼ਨ ਇਹ ਸਾਬਤ ਕਰਦਾ ਹੈ ਕਿ ਪਰਚੂਨ ਨਿਵੇਸ਼ਕਾਂ ਵਿਚ ਹੁਣ ਪਰਿਪੱਕਵਤਾ ਆ ਰਹੀ ਹੈ। ਨਾਲ ਹੀ ਇਹ ਘਰੇਲੂ ਮਿਊਚੁਅਲ ਫੰਡ ਉਦਯੋਗ 'ਤੇ ਵਧਦੇ ਵਿਸ਼ਵਾਸ ਦਾ ਵੀ ਸੂਚਕ ਹੈ। ਸਨਅਤ ਜਗਤ ਇਸ ਨੂੰ ਭਵਿੱਖ ਲਈ ਚੰਗੇ ਸੰਕੇਤ ਦੇ ਤੌਰ 'ਤੇ ਦੇਖ ਰਿਹਾ ਹੈ।