ਨਵੀਂ ਦਿੱਲੀ, ਬਲੂਮਬਰਗ : ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਆਰਆਈਐੱਲ ਦੀ ਜੀਓ ਪਲੇਟਫਾਰਮਜ਼ ਤੇ ਫੇਸਬੁੱਕ ਦੇ ਵਿਚਕਾਰ ਡੀਲ ਪੱਕੀ ਹੋਣ ਤੋਂ ਬਾਅਦ ਮੁਕੇਸ਼ ਅੰਬਾਨੀ ਇਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਟੌਪ 'ਤੇ ਪਹੁੰਚ ਗਏ ਹਨ। ਇਸ ਸਮਝੌਤੇ ਤਹਿਤ ਫੇਸਬੁੱਕ ਜੀਓ ਪਲੇਟਫਾਰਮਜ਼ 'ਚ 9.9 ਫ਼ੀਸਦੀ ਹਿੱਸੇਦਾਰੀ ਖਰੀਦ ਰਹੀ ਹੈ। ਉਹ ਜੀਓ ਪਲੇਟਫਾਰਮਜ਼ 'ਚ 43,574 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਡੀਲ ਕਾਰਨ ਬੁੱਧਵਾਰ ਨੂੰ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਮਾਰਕੀਟ ਵੈਲਿਊਏਸ਼ਨ 45,527.62 ਕਰੋੜ ਰੁਪਏ ਦੇ ਉਛਾਲ ਦੇ ਨਾਲ 8,29,084.62 ਕਰੋੜ ਰੁਪਏ 'ਤੇ ਆ ਗਈ ਸੀ।

ਫੇਸਬੁੱਕ ਤੇ ਜੀਓ ਪਲੇਟਫਾਰਮਜ਼ ਦੀ ਇਸ ਡੀਲ ਦੀ ਖ਼ਬਰ ਨਾਲ ਬੁੱਧਵਾਰ ਨੂੰ ਆਰਆਈਐੱਲ ਦਾ ਸ਼ੇਅਰ 9.83 ਫ਼ੀਸਦੀ ਦੀ ਬੜਤ ਨਾਲ 359 ਰੁਪਏ 'ਤੇ ਬੰਦ ਹੋਇਆ ਸੀ। ਮੁਕੇਸ਼ ਅੰਬਾਨੀ ਨੇ ਚੀਨ ਦੇ ਜੈਕ ਮਾ ਨੂੰ ਪਛਾੜ ਕੇ ਆਪਣੀ ਇਹ ਜਗ੍ਹਾ ਵਾਪਸ ਹਾਸਿਲ ਕੀਤੀ ਹੈ। ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਬੀਤੇ ਦਿਨੀਂ ਮੁਕੇਸ਼ ਅੰਬਾਨੀ ਦਾ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖ਼ਿਤਾਬ ਖੋਹ ਲਿਆ ਸੀ, ਪਰ ਫੇਸਬੁੱਕ ਤੇ ਜੀਓ ਦੀ ਡੀਲ ਨਾਲ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 4 ਅਰਬ ਡਾਲਰ ਦਾ ਇਜ਼ਾਫਾ ਹੋਇਆ ਜਿਸ ਨਾਲ ਆਰਆਈਐੱਲ ਦੇ ਮੁਖੀ ਦੀ ਜਾਇਦਾਦ ਵਧ ਕੇ 49 ਅਰਬ ਡਾਲਰ ਹੋ ਗਈ।

ਜੀਓ-ਫੇਸਬੁੱਕ ਡੀਲ ਕਾਰਨ ਮੁਕੇਸ਼ ਅੰਬਾਨੀ ਦੀ ਜਾਇਦਾਦ ਜੈਕ ਮਾਂ ਤੋਂ ਕਰੀਬ 3 ਅਰਬ ਡਾਲਰ ਜ਼ਿਆਦਾ ਹੋ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਕੱਚੇ ਤਲ ਦੇ ਭਾਅ 'ਚ ਜ਼ਬਰਦਸਤ ਗਿਰਾਵਟ ਕਾਰਨ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 14 ਅਰਬ ਡਾਲਰ ਦੀ ਗਿਰਾਵਟ ਆ ਗਈ ਸੀ।

Posted By: Rajnish Kaur