ਜੇਐੱਨੈਐੱਨ, ਨਵੀਂ ਦਿੱਲੀ : ਜਲਦ ਹੀ ਮਾਈਕ੍ਰੋ, ਸਮਾਲ ਤੇ ਮੀਡੀਅਮ ਇੰਟਰਪ੍ਰਾਈਜਜ਼ (ਐੱਮਐੱਸਐੱਮਈ) ਖੇਤਰ ਦੀਆਂ ਕੰਪਨੀਆਂ ਆਪਣੇ ਕਰਜ਼ੇ ਦਾ ਬੀਮਾ ਕਰਵਾ ਸਕਣਗੀਆਂ। ਬੀਮਾ ਖੇਤਰ ਦੀ ਭਾਰਤੀ ਬੀਮਾ ਵਿਕਾਸ ਰੈਗੂਲੇਟਰੀ (ਇਰਡਾ) ਨੇ ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਅਜਿਹਾ ਉਤਪਾਦ ਲਿਆਉਣ ਲਈ ਕਿਹਾ ਹੈ। ਇਸ ਸਬੰਧ ’ਚ ਇਰਡਾ ਵੱਲੋਂ ਮਸੌਦਾ ਜਾਰੀ ਕੀਤਾ ਗਿਆ ਹੈ। ਐੱਮਐੱਸਐੱਮਈ ਦੇ ਕਰਜ਼ੇ ਦਾ ਬੀਮਾ ਹੋਣ ਨਾਲ ਬੈਂਕ ਤੇ ਹੋਰ ਵਿੱਤੀ ਸੰਸਥਾਵਾਂ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਦੇਣਗੀਆਂ ਤੇ ਉਨ੍ਹਾਂ ਦੇ ਕਾਰੋਬਾਰ ਦਾ ਜੋਖ਼ਮ ਵੀ ਘੱਟ ਹੋਵੇਗਾ। ਫਿਲਹਾਲ ਸਿਰਫ ਵੱਡੀਆਂ ਕੰਪਨੀਆਂ ਦੇ ਕਰਜ਼ੇ ਦਾ ਬੀਮਾ ਹੁੰਦਾ ਹੈ।

ਹਾਲਾਂਕਿ ਇੰਸ਼ੋਰੈਂਸ ਸੈਕਟਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਰਡਾ ਦਾ ਤਜਵੀਜ਼ਸ਼ੁਦਾ ਇੰਸ਼ੋਰੈਂਸ ਉਤਪਾਦ ਮੁੱਖ ਤੌਰ ’ਤੇ ਐੱਮਐੱਸਐੱਮਈ ਬਰਾਮਦਕਾਰਾਂ ਲਈ ਹੋਵੇਗਾ। ਇਰਡਾ ਦੇ ਮਸੌਦੇ ’ਚ ਦੋ ਦੇਸ਼ਾਂ ਵਿਚਾਲੇ ਰਾਜਨੀਤਿਕ ਲੜਾਈ ਦੀ ਸਥਿਤੀ ’ਚ ਵੀ ਕਰਜ਼ੇ ਦੇ ਬੀਮਾ ਕਵਰ ਦੀ ਤਜਵੀਜ਼ ਰੱਖੀ ਗਈ ਹੈ।

ਮਾਹਿਰਾਂ ਮੁਤਾਬਕ ਇਰਡਾ ਦੇ ਮਸੌਦੇ ’ਚ ਸਿਰਫ ਐੱਮਐੱਸਐੱਮਈ ਦਾ ਜ਼ਿਕਰ ਕੀਤਾ ਗਿਆ ਹੈ ਪਰ ਕਰਜ਼ੇ ਦੇ ਬੀਮਾ ਕਵਰ ਲਈ ਟਰਨਓਵਰ ਦੀ ਕੋਈ ਸਮਾਂ ਹੱਦ ਤੈਅ ਨਹੀੰ ਕੀਤੀ ਗਈ ਹੈ। ਇਰਡਾ ਨੇ ਆਪਣੇ ਮਸੌਦੇ ’ਚ 60 ਫ਼ੀਸਦੀ ਕਵਰ ਦਾ ਪ੍ਰਸਤਾਵ ਰੱਖਿਆ ਹੈ। ਇੰਸ਼ੋਰੈਂਸ ਦੇ ਪ੍ਰੀਮੀਅਮ ਬਾਰੇ ਵੀ ਕੋਈ ਸਪੱਸ਼ਟਤਾ ਨਹੀਂ ਹੈ।

Posted By: Seema Anand