ਨਵੀਂ ਦਿੱਲੀ, ਪੀਟੀਆਈ/ਏਐੱਨਆਈ: ਦੇਸ਼ ਦੀ ਮੋਹਰੀ ਦੁੱਧ ਉਤਪਾਦਕ ਕੰਪਨੀ ਡੇਅਰੀ ਅਤੇ ਅਮੂਲ ਨੇ ਸ਼ਨਿਚਵਾਰ ਨੂੰ ਕਰੋੜਾਂ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਮਾਚਾਰ ਏਜੰਸੀ ਅਨੁਸਾਰ, ਮਦਰ ਡੇਅਰੀ ਨੇ ਤਿੰਨ ਅਤੇ ਅਮੂਲ ਨੇ ਦੋ ਰੁਪਏ ਫ਼ੀ ਲੀਟਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਨਵੀਆਂ ਦਰਾਂ ਅੱਜ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਜਾਣਗੀਆਂ। ਭਾਵ ਐਤਵਾਰ ਸਵੇਰੇ ਦੁੱਧ ਖ਼ਰੀਦਣ ਲਈ ਵਾਧੂ ਪੈਸੇ ਦੇਣੇ ਪੈਣਗੇ।ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਧੀਆਂ ਹੋਈਆਂ ਕੀਮਤਾਂ ਗੁਜਰਾਤ, ਦਿੱਲੀ-ਐੱਨਸੀਆਰ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 15 ਦਸੰਬਰ ਤੋਂ ਲਾਗੂ ਹੋਣਗੀਆਂ। ਅਹਿਮਦਾਬਾਦ 'ਚ ਅਮੂਲ ਗੋਲਡ 500 ਮਿਲੀਲੀਟਰ 28 ਰੁਪਏ ਦਾ ਮਿਲੇਗਾ, ਜਦੋਂਕਿ 500 ਮਿਲੀਲੀਟਰ ਅਮੂਲ ਤਾਜ਼ਾ ਹੁਣ 22 ਰੁਪਏ ਦਾ ਮਿਲੇਗਾ। ਕੰਪਨੀ ਨੇ ਅਮੂਲ ਸ਼ਕਤੀ ਦੀਆਂ ਕੀਮਤਾਂ ਨਹੀਂ ਵਧਾਈਆਂ। ਅਮੂਲ ਸ਼ਕਤੀ 500 ਮਿਲੀਲੀਟਰ 25 ਰੁਪਏ 'ਚ ਹੀ ਮਿਲੇਗਾ।


ਮਦਰ ਡੇਅਰੀ ਨੇ ਵਧਾਈਆਂ ਹਰ ਤਰ੍ਹਾਂ ਦੇ ਦੁੱਧ ਦੀਆਂ ਕੀਮਤਾਂ

ਜਾਣਕਾਰੀ ਅਨੁਸਾਰ, ਮਦਰ ਡੇਅਰੀ ਦੇ ਟੋਕਨ ਅਤੇ ਪੈਕੇਟ ਮਿਲਕ ਦੀਆਂ ਕੀਮਤਾਂ 'ਚ ਦੋ ਤੋਂ ਤਿੰਨ ਰੁਪਏ ਦਾ ਵਾਧਾ ਹੋਇਆ ਹੈ। ਜਦੋਂਕਿ ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫ਼ੀ ਲੀਟਰ ਵਾਧਾ ਹੋਇਆ ਹੈ। ਹੁਣ ਇਹ 55 ਰੁਪਏ ਫ਼ੀ ਲੀਟਰ ਮਿਲੇਗਾ। ਉੱਥੇ ਅੱਧਾ ਲੀਟਰ ਦੁੱਧ ਹੁਣ 27 ਰੁਪਏ ਦੀ ਬਜਾਏ 28 ਰੁਪਏ 'ਚ ਮਿਲੇਗਾ।ਟੋਂਡ ਮਿਲਕ ਦੀਆਂ ਕੀਮਤਾਂ 'ਚ ਵੀ ਤਿੰਨ ਰੁਪਏ ਵਾਧਾ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਹੁਣ ਇਹ 45 ਰੁਪਏ ਫ਼ੀ ਲੀਟਰ ਮਿਲੇਗਾ, ਜਦੋਂਕਿ ਡਬਲ ਟੋਂਡ ਮਿਲਕ 36 ਰੁਪਏ ਦੀ ਬਜਾਏ ਹੁਣ 39 ਰੁਪਏ 'ਚ ਮਿਲੇਗਾ। ਗਾਂ ਦੇ ਦੁੱਧ ਦੀਆਂ ਕੀਮਤਾਂ ਵੀ ਤਿੰਨ ਰੁਪਏ ਫ਼ੀ ਲੀਟਰ ਵਧਾਈਆਂ ਗਈਆਂ ਹਨ। ਹੁਣ ਇਹ ਐਤਵਾਰ ਤੋਂ 47 ਰੁਪਏ ਫ਼ੀ ਲੀਟਰ ਦੀ ਦਰ ਨਾਲ ਮਿਲੇਗਾ।


ਮਈ ਅਤੇ ਸਤੰਬਰ 'ਚ ਵਧਾਈਆਂ ਸਨ ਦੁੱਧ ਦੀਆਂ ਕੀਮਤਾਂ

ਇਸ ਤੋਂ ਪਹਿਲਾਂ ਮਈ ਮਹੀਨੇ 'ਚ ਵੀ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫ਼ੀ ਲੀਟਰ ਦਾ ਵਾਧਾ ਕੀਤਾ ਸੀ, ਜਦੋਂਕਿ ਸਤੰਬਰ ਮਹੀਨੇ 'ਚ ਗਾਂ ਦੇ ਦੁੱਧ ਦੀਆਂ ਕੀਮਤਾਂ 'ਚ ਵੀ ਦੋ ਰੁਪਏ ਫ਼ੀ ਲੀਟਰ ਵਧਾਈਆਂ ਸਨ। ਦੱਸ ਦੇਈਏ ਕਿ ਦਿੱਲੀ-ਐੱਨਸੀਆਰ 'ਚ 30 ਲੱਖ ਫ਼ੀ ਲੀਟਰ ਮਦਰ ਡੇਅਰੀ ਦਾ ਦੁੱਧ ਖਪਤ ਹੁੰਦਾ ਹੈ।


ਹੋਰ ਦੁੱਧ ਉਤਪਾਦਕ ਕੰਪਨੀਆਂ ਵੀ ਵਧਾ ਸਕਦੀਆਂ ਹਨ ਕੀਮਤਾਂ

ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਹੋਰ ਦੁੱਧ ਉਤਪਾਦਕ ਕੰਪਨੀਆਂ ਵੀ ਕੀਮਤਾਂ ਵਧਾ ਸਕਦੀਆਂ ਹਨ। ਪਿਆਜ਼ ਸਮੇਤ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਦੌਰਾਨ ਦੁੱਧ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਨੂੰ ਆਪਣੀਆਂ ਜੇਬਾਂ ਹੋਰ ਢਿੱਲੀਆਂ ਕਰਨੀਆਂ ਪੈਣਗੀਆਂ। ਇਸ ਤਰ੍ਹਾਂ ਲੋਕਾਂ ਦੇ ਘਰ ਦਾ ਬਜਟ ਵੀ ਵਿਗੜ ਸਕਦਾ ਹੈ।

ਦੁੱਧ ਦੀਆਂ ਕੀਮਤਾਂ ਵਧਾਏ ਜਾਣ ਦਾ ਕਾਰਨ ਲਾਗਤ ਮੁੱਲ ਵਧਣਾ ਦੱਸਿਆ ਗਿਆ ਹੈ। ਮਦਰ ਡੇਅਰੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਚਾਰੇ ਦੀ ਕੀਮਤ ਵਧਣ ਕਾਰਨ ਦੁੱਧ ਦੀ ਖ਼ਰੀਦਦਾਰੀ ਲਈ ਉਸ ਨੂੰ ਕਿਸਾਨਾਂ ਨੂੰ ਜ਼ਿਆਦਾ ਭੁਗਤਾਣ ਕਰਨਾ ਪੈ ਰਿਹਾ ਹੈ। ਇਸ ਕਾਰਨ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਸਨ।

Posted By: Jagjit Singh