ਜੇਐੱਨਐੱਨ, ਨਵੀਂ ਦਿੱਲੀ : ਮੋਬਾਈਲ ਯੂਜ਼ਰਜ਼ ਨੂੰ ਪਹਿਲਾਂ ਮੁਫ਼ਤ ਕਾਲਿੰਗ ਤੇ ਇੰਟਰਨੈੱਟ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਮੋਬਾਈਲ ਸੇਵਾ ਪ੍ਰੋਵਾਈਡਰ ਕੰਪਨੀਆਂ ਨੇ ਘਾਟੇ ਦਾ ਹਵਾਲਾ ਦੇ ਕੇ ਨਵੀਆਂ ਟੈਰਿਫ ਦਰਾਂ ਲਾਗੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਯੂਜ਼ਰਜ਼ ਦਾ ਖ਼ਰਚ ਹੁਣ ਲਗਪਗ ਡੇਢ ਗੁਣ ਤਕ ਵਧ ਜਾਵੇਗਾ। ਯੂਜ਼ਰਜ਼ ਤੋਂ ਫੇਅਰ ਯੂਜ਼ਿਜ਼ ਪਾਲਿਸੀ (FUP) ਤਹਿਤ ਦੂਸਰੇ ਨੈੱਟਵਰਕ 'ਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਵਸੂਲੇ ਜਾਣਗੇ। ਟੈਲੀਕਾਮ ਕੰਪਨੀਆਂ ਵੱਲੋਂ ਦਿੱਤੇ ਗਏ ਇਸ ਝਟਕੇ ਤੋਂ ਯੂਜ਼ਰਜ਼ ਉੱਭਰੇ ਵੀ ਨਹੀਂ ਹਨ ਕਿ ਉਨ੍ਹਾਂ ਨੂੰ ਕੁਝ ਮਹੀਨਿਆਂ ਬਾਅਦ ਇਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਿਕ ਆਉਣ ਵਾਲੀਆਂ ਦੋ ਤੋਂ ਤਿੰਨ ਤਿਮਾਹੀਆਂ 'ਚ ਮੁਫ਼ਤ ਇਨਕਮਿੰਗ ਕਾਲ ਦਾ ਦੌਰ ਖ਼ਤਮ ਹੋ ਸਕਦਾ ਹੈ ਤੇ ਕਾਲਿੰਗ ਸੁਣਨ ਦੇ ਵੀ ਯੂਜ਼ਰਜ਼ ਨੂੰ ਪੈਸੇ ਚੁਕਾਉਣੇ ਪੈ ਸਕਦੇ ਹਨ।

ਜ਼ਿਕਰਯੋਗ ਹੈ ਕਿ ਜੀਓ ਨੇ ਹੋਰ ਨੈੱਟਵਰਕ 'ਤੇ ਕਾਲ ਕਰਨ 'ਤੇ ਫੇਅਰ ਯੂਜ਼ਰ ਪਾਲਿਸੀ (FUP) ਚਾਰਜ ਤਹਿਤ 6 ਪੈਸੇ ਪ੍ਰਤੀ ਮਿੰਟ ਵਸੂਲਣੇ ਸ਼ੁਰੂ ਕੀਤੇ ਹਨ। ਇਸ ਦੇ ਨਾਲ ਹੀ ਹੁਣ ਵੋਡਾਫੋਨ-ਆਇਡੀਆ ਤੇ ਏਅਰਟੈੱਲ ਨੇ ਵੀ FUP ਲਗਾ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਿਕ ਟੈਲੀਕਾਮ ਕੰਪਨੀਆਂ 6-9 ਮਹੀਨੇ 'ਚ ਆਪਣੇ ਨੈੱਟਵਰਕ 'ਤੇ ਵੀ ਕਾਲਿੰਗ ਫੀਸ ਵਸੂਲ ਸਕਦੀ ਹੈ ਤੇ ਇਸ ਨਾਲ ਮੁਫ਼ਤ ਇਨਕਮਿੰਗ ਕਾਲ ਦਾ ਦੌਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗਾ।

ਟੈਰਿਫ ਵਧਾਉਣ ਤੋਂ ਬਾਅਦ ਉਛਲਿਆ ਸ਼ੇਅਰ ਬਾਜ਼ਾਰ

ਟੈਲੀਕਾਮ ਕੰਪਨੀਆਂ ਵੱਲੋਂ ਸੋਮਵਾਰ ਨੂੰ ਟੈਰਿਫ ਵਧਾਉਣ ਦੇ ਐਲਾਨ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੇ ਸ਼ੇਅਰ ਇਕ ਸਾਲ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਏ ਹਨ। ਵੋਡਾ ਆਇਡੀਆ, ਜੀਓ ਤੇ ਏਅਰਟੈੱਲ ਨੇ ਸਾਂਝੇ ਤੌਰ 'ਤੇ 33 ਹਜ਼ਾਰ ਕਰੋੜ ਦੀ ਜਾਇਦਾਦ ਜੋੜੀ। ਬੀਐੱਸਈ 'ਚ ਵੋਡਾ ਆਇਡੀਆ ਦੇ ਸ਼ੇਅਰਾਂ 'ਚ 7.79 ਫ਼ੀਸਦੀ, ਏਅਰਟੈੱਲ ਦੇ 3.67 ਫ਼ੀਸਦੀ ਤੇ ਰਿਲਾਇੰਸ ਜੀਓ ਦੇ ਸ਼ੇਅਰਾਂ 'ਚ 2.28 ਫ਼ੀਸਦੀ ਉਛਾਲ ਆਇਆ ਸੀ।

Posted By: Seema Anand