ਨਵੀਂ ਦਿੱਲੀ : ਦੇਸ਼ ਭਰ ਦੇ ਜ਼ਿਆਦਾਤਰ ਬੈਂਕਾਂ ਵਿਚ ਗਾਹਕਾਂ ਲਈ ਆਪਣੇ ਨਿਯਮਤ ਬੱਚਤ ਖਾਤਿਆਂ ਵਿਚ ਮਾਸਿਕ ਔਸਤ ਬੈਲੇਂਸ (ਐੱਮਏਬੀ) ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਜਿਹੜੇ ਗਾਹਕ ਮਿਨੀਮਮ ਬੈਲੇਂਸ ਨਹੀਂ ਰੱਖਦੇ ਉਨ੍ਹਾਂ ਨੂੰ ਫੀਸ ਦੇ ਰੂਪ 'ਚ ਕੁਝ ਜੁਰਮਾਨਾ ਭਰਨਾ ਪੈਂਦਾ ਹੈ। ਅਸੀਂ ਇਸ ਖ਼ਬਰ ਵਿਚ ਸਟੇਟ ਬੈਂਕ ਆਫ ਇੰਡੀਆ ਅਤੇ ਐੱਚਡੀਐੱਫਸੀ ਬੈਂਕ ਵੱਲੋਂ ਮਿਨੀਮਮ ਬੈਲੇਂਸ ਰੱਖਣ ਦੇ ਨਿਯਮ, ਜੁਰਮਾਨਾ ਰਾਸ਼ੀ ਬਾਰੇ ਦੱਸ ਰਹੇ ਹਾਂ।

ਸਟੇਟ ਬੈਂਕ ਆਫ ਇੰਡੀਆ : ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਸਾਰੇ ਗਾਹਕਾਂ ਲਈ ਬੱਚਤ ਖਾਤੇ ਵਿਚ ਘੱਟੋ-ਘੱਟ ਰਕਮ ਰੱਖਣੀ ਲਾਜ਼ਮੀ ਹੈ। ਹਾਲਾਂਕਿ ਬੈਂਕ ਦੇ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਅਕਾਉਂਟ (ਬੀਐੱਸਬੀਡੀ) ਵਿਚ ਇਹ ਨਿਯਮ ਲਾਗੂ ਨਹੀਂ ਹੁੰਦਾ। ਐੱਸਬੀਆਈ ਵਿਚ ਮਿਨੀਮਮ ਬੈਲੇਂਸ ਦੀ ਲਾਜ਼ਮੀਅਤਾ ਸ਼ਾਖਵਾਂ ਦੇ ਆਧਾਰ 'ਤੇ ਵੱਖੋ-ਵੱਖਰੀ ਹੁੰਦੀ ਹੈ। ਐੱਸਬੀਆਈ ਦੀਆਂ ਸ਼ਾਖਾਵਾਂ ਨੂੰ ਮੈਟਰੋ, ਗ੍ਰਾਮੀਣ, ਸ਼ਹਿਰੀ ਅਤੇ ਅਰਧ ਸ਼ਹਿਰੀ ਵਿਚ ਵੰਡਿਆ ਗਿਆ ਹੈ।

ਮੈਟਰੋ ਅਤੇ ਅਰਧ ਸ਼ਹਿਰੀ ਐੱਸਬੀਆਈ ਸ਼ਾਖਾਵਾਂ ਵਿਚ ਗਾਹਕਾਂ ਲਈ ਖਾਤੇ ਵਿਚ 3,000 ਰੁਪਏ ਦਾ ਐਵਰੇਜ ਮੰਥਲੀ ਬੈਲੇਂਸ (ਏਐੱਮਬੀ) ਰੱਖਣਾ ਲਾਜ਼ਮੀ ਹੈ। ਅਰਧ ਸ਼ਹਿਰੀ ਇਲਾਕਿਆਂ ਲਈ ਇਹ 2000 ਰੁਪਏ, ਦਿਹਾਤੀ ਇਲਾਕਿਆਂ ਲਈ 1000 ਰੁਪਏ ਹੈ। ਮੈਟਰੋ ਅਤੇ ਸ਼ਹਿਰੀ ਖੇਤਰ ਦੀਆਂ ਬਾਕੀ ਸ਼ਾਖਾਵਾਂ ਵਿਚ ਜਿਹੜੇ ਗਾਹਕ ਖਾਤਿਆਂ ਵਿਚ 1500 ਰੁਪਏ ਜਾਂ ਇਸ ਤੋਂ ਘੱਟ ਦਾ ਬੈਲੇਂਸ ਰੱਖਦੇ ਹਨ ਉਨ੍ਹਾਂ 'ਤੇ 10 ਰੁਪਏ ਪ੍ਰਤੀ ਮਹੀਨਾ ਹੋਰ ਜੀਐੱਸਟੀ ਲੱਗਦਾ ਹੈ। ਜੇਕਰ ਉਨ੍ਹਾਂ ਦਾ ਬੈਲੇਂਸ ਨਿਰਧਾਰਤ ਹੱਦ ਤੋਂ 50-75 ਫ਼ੀਸਦੀ ਘੱਟ ਹੈ ਤਾਂ ਉਨ੍ਹਾਂ ਨੂੰ 12 ਰੁਪਏ ਹੋਰ ਜੀਐੱਸਟੀ ਪੈਨਲਟੀ ਸਰੂਪ ਦੇਣੇ ਪੈਣਗੇ। ਉੱਥੇ ਜੇਕਰ ਬੈਲੇਂਸ 3000 ਰੁਪਏ ਦੇ 75 ਫ਼ੀਸਦੀ ਤੋਂ ਘੱਟ ਹੈ ਤਾਂ ਪੈਨਲਟੀ ਰਕਮ 15 ਰੁਪਏ ਹੋਵੇਗੀ ਅਤੇ ਨਾਲ ਹੀ ਜੀਐੱਸਟੀ ਵੀ ਦੇਣਾ ਪਵੇਗਾ।

ਐੱਚਡੀਐੱਫਸੀ ਬੈਂਕ : ਮੈਟਰੋ ਅਤੇ ਸ਼ਹਿਰੀ ਖੇਤਰ ਵਿਚ ਸਥਿਤ ਐੱਚਡੀਐੱਫਸੀ ਬੈਂਕ ਦੀਆਂ ਸ਼ਾਖਾਵਾਂ ਵਿਚ ਨਿਯਮਤ ਬੱਚਤ ਖਾਤਾ ਰੱਖਣ ਵਾਲੇ ਗਾਹਕਾਂ ਲਈ ਔਸਤ ਮਾਸਿਕ 10,000 ਰੁਪਏ ਰੱਖਣੇ ਜ਼ਰੂਰੀ ਹੁੰਦੇ ਹਨ। ਐੱਚਡੀਐੱਫਸੀ ਬੈਂਕ ਦੀਆਂ ਅਰਧ ਸ਼ਹਿਰੀ ਸ਼ਾਖਾਵਾਂ ਵਿਚ ਨਿਯਮਤ ਬੱਚਤ ਖਾਤਾਧਾਰਕਾਂ ਲਈ ਹਰ ਮਹੀਨੇ 5,000 ਰੁਪਏ ਦਾ ਔਸਤ ਬੈਲੇਂਸ ਬਣਾਈ ਰੱਖਣਾ ਜ਼ਰੂਰੀ ਹੈ। ਦਿਹਾਤੀ ਸ਼ਾਖਾਵਾਂ ਵਿਚ ਖਾਤੇ ਰੱਖਣ ਵਾਲੇ ਗਾਹਕਾਂ ਲਈ ਲੜੀਵਾਰ 2500 ਅਤੇ 5000 ਰੁਪਏ ਦਾ ਮਿਨੀਮਮ ਬੈਲੇਂਸ ਰੱਖਣਾ ਜ਼ਰੂਰੀ ਹੈ।

ਮੈਟਰੋ ਅਤੇ ਅਰਬਨ ਸ਼ਹਿਰਾਂ ਵਿਚ 7500 ਤੋਂ 10,000 ਰੁਪਏ ਤੋਂ ਘੱਟ ਦੇ ਬੈਲੇਂਸ 'ਤੇ 150 ਰੁਪਏ (ਪ੍ਰਤੀ ਮਹੀਨਾ) ਦਾ ਜੁਰਨਾਮਾ ਅਤੇ 5,000 ਤੋਂ 7500 ਰੁਪਏ ਤਕ ਦੇ ਬੈਲੇਂਸ 'ਤੇ 300 ਰੁਪਏ ਦਾ ਜੁਰਮਾਨਾ, 2500 ਤੋਂ 5000 ਰੁਪਏ ਤਕ ਦੇ ਬੈਲੇਂਸ 'ਤੇ 450 ਰੁਪਏ ਦਾ ਜੁਰਮਾਨਾ ਅਤੇ 0 ਤੋਂ 2500 ਰੁਪਏ ਤਕ ਦੇ ਬੈਲੇਂਸ 'ਤੇ 600 ਰੁਪਏ ਦਾ ਜੁਰਮਾਨਾ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ। ਉੱਥੇ ਸੈਮੀ ਅਰਬਨ ਖੇਤਰ ਵਿਚ 2500 ਤੋਂ 5000 ਰੁਪਏ ਤਕ ਦੇ ਬੈਲੇਂਸ 'ਤੇ 150 ਰੁਪਏ ਅਤੇ 0 ਤੋਂ 2500 ਰੁਪਏ ਤਕ ਦੇ ਬੈਲੇਂਸ 'ਤੇ 300 ਰੁਪਏ ਦਾ ਜੁਰਮਾਨਾ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ।

Posted By: Seema Anand