ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਪਹਿਲੇ ਹੀ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਡੀਜ਼ਲ ਕਾਰਾਂ 'ਚ ਉਸ ਦੀ ਰੁਚੀ ਖ਼ਤਮ ਹੋ ਰਹੀ ਹੈ। ਵੀਰਵਾਰ ਨੂੰ ਕੰਪਨੀ ਨੇ ਇਕ ਅਹਿਮ ਐਲਾਨ ਕੀਤਾ ਹੈ ਕਿ ਉਹ ਹੁਣ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਦਾ ਨਿਰਮਾਣ ਹੀ ਬੰਦ ਕਰਨ ਜਾ ਰਹੀ ਹੈ।

ਅਪ੍ਰੈਲ, 2020 ਤੋਂ ਦੇਸ਼ ਵਿਚ ਸਿਰਫ਼ ਬੀਐੱਸ-6 ਮਾਨਕਾਂ ਦੇ ਵਾਹਨਾਂ ਦੀ ਵਿਕਰੀ ਦਾ ਨਿਯਮ ਲਾਗੂ ਹੋਣਾ ਵੀ ਇਸ ਫ਼ੈਸਲੇ ਦੇ ਪਿੱਛੇ ਇਕ ਕਾਰਨ ਹੈ। ਕੰਪਨੀ ਦਾ ਕਹਿਣਾ ਹੈ ਕਿ ਬੀਐੱਸ-6 'ਚ ਡੀਜ਼ਲ ਗੱਡੀਆਂ ਦੀ ਮੰਗ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ ਨੂੰ ਵੇਖਦੇ ਹੋਏ ਅੱਗੇ ਫ਼ੈਸਲਾ ਕੀਤਾ ਜਾਵੇਗਾ ਕਿ ਫਿਰ ਤੋਂ ਡੀਜ਼ਲ ਵਾਹਨਾਂ ਦਾ ਨਿਰਮਾਣ ਕਰਨਾ ਹੈ ਜਾਂ ਨਹੀਂ।

ਸਾਲਾਨਾ ਵਿੱਤੀ ਨਤੀਜਿਆਂ ਨੂੰ ਦੱਸਣ ਲਈ ਕੀਤੀ ਪ੍ਰੈੱਸ ਕਾਨਫਰੰਸ 'ਚ ਮਾਰੂੁਤੀ ਸੁਜ਼ੂਕੀ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਐਲਾਨ ਕੀਤਾ ਕਿ ਕੰਪਨੀ ਅਪ੍ਰਰੈਲ-2020 ਤੋਂ ਡੀਜ਼ਲ ਕਾਰਾਂ ਦਾ ਨਿਰਮਾਣ ਨਹੀਂ ਕਰੇਗੀ। ਜੇਕਰ ਬੀਐੱਸ-6 ਮਾਨਕ ਲਾਗੂ ਹੋਣ ਪਿੱਛੋਂ ਸਾਨੂੰ ਲੱਗਿਆ ਕਿ ਡੀਜ਼ਲ ਕਾਰਾਂ ਦੀ ਮੰਗ ਹੈ ਤਾਂ ਅਸੀਂ ਬਹੁਤ ਹੀ ਘੱਟ ਸਮੇਂ 'ਚ ਡੀਜ਼ਲ ਕਾਰਾਂ ਨੂੰ ਦੁਬਾਰਾ ਲਾਂਚ ਕਰ ਸਕਦੇ ਹਾਂ।

ਮਾਰੂਤੀ ਦੀਆਂ ਬਰੇਜਾ, ਐੱਸ-ਕ੍ਰਾਸ, ਸਵਿਫਟ, ਬਾਲੇਨੋ, ਡਿਜ਼ਾਇਰ, ਸਿਆਜ਼, ਆਰਟਿਗੋ ਵਰਗੀਆਂ ਡੀਜ਼ਲ ਕਾਰਾਂ ਅਗਲੇ ਸਾਲ ਤੋਂ ਬੰਦ ਹੋ ਜਾਣਗੀਆਂ।