ਮੁੰਬਈ (ਏਜੰਸੀ) : ਬੈਂਕਿੰਗ ਅਤੇ ਆਈਟੀ ਸ਼ੇਅਰਾਂ ਵਿਚ ਖ਼ਰੀਦਦਾਰੀ ਵਧਣ ਨਾਲ ਸ਼ੇਅਰ ਬਾਜ਼ਾਰਾਂ ਵਿਚ ਲਗਾਤਾਰ ਤੀਜੇ ਦਿਨ ਤੇਜ਼ੀ ਦਰਜ ਕੀਤੀ ਗਈ। ਬੀਐੱਸਈ ਦਾ ਸੈਂਸੈਸਕ 84.60 ਅੰਕਾਂ ਦੀ ਤੇਜ਼ੀ ਨਾਲ 39,215.64 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 24.90 ਅੰਕਾਂ ਦੀ ਤੇਜ਼ੀ ਨਾਲ 11,687.50 'ਤੇ ਬੰਦ ਹੋਇਆ। ਸੈਂਸੈਕਸ ਵਿਚ ਟੈੱਕ ਮਹਿੰਦਰਾ ਵਿਚ ਸਭ ਤੋਂ ਜ਼ਿਆਦਾ 2.31 ਫ਼ੀਸਦੀ ਤੇਜ਼ੀ ਰਹੀ। ਭਾਰਤੀ ਸਟੇਟ ਬੈਂਕ, ਕੋਟਕ ਮਹਿੰਦਰਾ ਅਤੇ ਐੱਚਸੀਐੱਲ ਟੈੱਕ ਵਿਚ ਦੋ ਫ਼ੀਸਦੀ ਜ਼ਿਆਦਾ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਇਨਫੋਸਿਸ, ਹਿੰਦੁਸਤਾਨ ਯੂਨੀਲਿਵਰ ਅਤੇ ਵੇਦਾਂਤਾ ਵਿਚ ਇਕ ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ਰਹੀ। ਦੂਜੇ ਪਾਸੇ ਯੈੱਸ ਬੈਂਕ ਵਿਚ ਸਭ ਤੋਂ ਜ਼ਿਆਦਾ 5.25 ਫ਼ੀਸਦੀ ਗਿਰਾਵਟ ਰਹੀ। ਓਐੱਨਜੀਸੀ, ਭਾਰਤੀ ਏਅਰਟੈੱਲ, ਮਾਰੂਤੀ ਸੁਜ਼ੂਕੀ, ਬਜਾਜ ਆਟੋ, ਐੱਨਟੀਪੀਸੀ, ਐਕਸਿਸ ਬੈਂਕ ਅਤੇ ਟਾਟਾ ਮੋਟਰਸ ਇਕ ਫ਼ੀਸਦੀ ਤੋਂ ਜ਼ਿਆਦਾ ਡਿੱਗੇ।

ਸੈਕਟਰਾਂ ਦੇ ਲਿਹਾਜ ਨਾਲ ਆਈਟੀ ਵਿਚ ਸਭ ਤੋਂ ਜ਼ਿਆਦਾ 0.86 ਫ਼ੀਸਦੀ ਤੇਜ਼ੀ ਰਹੀ। ਦੂਜੇ ਪਾਸੇ ਆਟੋ ਸੈਕਟਰ ਵਿਚ ਸਭ ਤੋਂ ਜ਼ਿਆਦਾ 1.01 ਫ਼ੀਸਦੀ ਗਿਰਾਵਟ ਰਹੀ। ਬੀਐੱਸਈ ਦੇ ਮਿਡਕੈਪ ਇੰਡੈਕਸ ਵਿਚ 0.15 ਫ਼ੀਸਦੀ ਅਤੇ ਸਮਾਲਕੈਪ ਵਿਚ 0.07 ਫ਼ੀਸਦੀ ਗਿਰਾਵਟ ਰਹੀ।

ਸੈਂਕਟਮ ਵੈਲਥ ਮੈਨੇਜਮੈਂਟ ਦੇ ਮੁੱਖ ਨਿਵੇਸ਼ ਅਧਿਕਾਰੀ ਸੁਨੀਲ ਸ਼ਰਮਾ ਨੇ ਕਿਹਾ ਕਿ ਕਮਜ਼ੋਰ ਤਿਮਾਹੀ ਨਤੀਜੇ ਦਾ ਜੋ ਅਸਰ ਬਾਜ਼ਾਰ 'ਤੇ ਹੋਣਾ ਸੀ, ਉਹ ਹੋ ਚੁੱਕਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਮੁੱਖ ਨੀਤੀਗਤ ਵਿਆਜ ਦਰ ਵਿਚ ਕਟੌਤੀ ਦੀ ਉਮੀਦ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲ ਰਹੀ ਹੈ।

ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ ਵਿਚ ਸ਼ੰਘਾਈ ਕੰਪੋਜ਼ਿਟ ਇੰਡੈਕਸ, ਹੈਂਗਸੈਂਗ, ਕੋਸਪੀ ਅਤੇ ਨਿਕਕੇਈ ਵਿਚ ਗਿਰਾਵਟ ਰਹੀ। ਯੂਰਪੀ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਮਿਲਿਆ ਜੁਲਿਆ ਰੁਝਾਨ ਦੇਖਿਆ ਗਿਆ।

ਡੀਸੀਬੀ ਬੈਂਕ ਦੇ ਸ਼ੇਅਰ 16 ਫ਼ੀਸਦੀ ਡਿੱਗੇ

ਨਵੀਂ ਦਿੱਲੀ : ਡੀਸੀਬੀ ਬੈਂਕ ਦੇ ਸ਼ੇਅਰ ਬੀਐੱਸਈ 'ਤੇ 16.39 ਫ਼ੀਸਦੀ ਡਿੱਗ ਕੇ 199.65 ਰੁਪਏ 'ਤੇ ਬੰਦ ਹੋਏ। ਬੈਂਕ ਨੇ ਮੰਗਲਵਾਰ ਨੂੰ ਜੂਨ ਤਿਮਾਹੀ ਲਈ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ। ਬੈਂਕ ਦਾ ਸ਼ੁੱਧ ਲਾਭ 17 ਫ਼ੀਸਦੀ ਵਧ ਕੇ 81 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਬੈਂਕ ਦਾ ਗ੍ਰਾਸ ਐੱਨਪੀਏ ਹਾਲਾਂਕਿ 1.86 ਫ਼ੀਸਦੀ ਤੋਂ ਵਧ ਕੇ 1.96 ਫ਼ੀਸਦੀ ਹੋ ਗਿਆ। ਸ਼ੁੱਧ ਐੱਨਪੀਏ ਵੀ 0.72 ਫ਼ੀਸਦੀ ਵਧ ਕੇ 0.81 ਫ਼ੀਸਦੀ ਹੋ ਗਿਆ।

ਡੀਐੱਚਐੱਫਐੱਲ ਦੇ ਸ਼ੇਅਰ 11 ਫ਼ੀਸਦੀ ਉਛਲੇ

ਨਵੀਂ ਦਿੱਲੀ : ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ (ਡੀਐੱਚਐੱਫਐੱਲ) ਵਿਚ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਕੰਪਨੀ ਦੇ ਸ਼ੇਅਰ ਬੀਐੱਸਈ 'ਤੇ 11.07 ਫ਼ੀਸਦੀ ਉਛਲ ਕੇ 56.20 ਰੁਪਏ 'ਤੇ ਬੰਦ ਹੋਏ। ਮੰਗਲਵਾਰ ਨੂੰ ਵੀ ਇਸ ਸ਼ੇਅਰ ਵਿਚ ਚਾਰ ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ਰਹੀ ਸੀ। ਸੋਮਵਾਰ ਨੂੰ ਕੰਪਨੀ ਦੇ ਸ਼ੇਅਰ ਕਰੀਬ 30 ਫੀਸਦੀ ਟੁੱਟੇ ਸਨ। ਕੰਪਨੀ ਨੇ ਸੋਮਵਾਰ ਨੂੰ ਹੀ ਕਿਹਾ ਸੀ ਕਿ ਉਹ ਕਰਜ਼ਦਤਾਵਾਂ ਨੂੰ ਕਿਸੇ ਵੀ ਪ੍ਰਕਾਰ ਦਾ ਘਾਟਾ ਪਹੁੰਚਾਏ ਬਿਨਾਂ ਉਨ੍ਹਾਂ ਦੇ ਨਾਲ ਨਕਦੀ ਸਮੱਸਿਆ ਦਾ ਹੱਲ ਕਰਨ ਲਈ ਗੱਲ ਕਰ ਰਹੀ ਹੈ।

ਕਾਕਸ ਐਂਡ ਕਿੰਗਜ਼ ਪੰਜ ਫ਼ੀਸਦੀ ਡਿੱਗਿਆ

ਨਵੀਂ ਦਿੱਲੀ : ਕਾਕਸ ਐਂਡ ਕਿੰਗਜ਼ਾ ਬੀਐੱਸਈ 'ਤੇ 4.76 ਫ਼ੀਸਦੀ ਡਿੱਗ ਕੇ 19 ਰੁਪਏ 'ਤੇ ਬੰਦ ਹੋਇਆ। ਟੂਰ ਐਂਡ ਟਰੈਵਲ ਕੰਪਨੀ ਕਾਕਸ ਐਂਡ ਕਿੰਗਜ਼ਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ 45 ਕਰੋੜ ਰੁਪਏ ਮੁੱਲ ਦੇ ਕਮਰਸ਼ੀਅਲ ਪੇਪਰ 'ਤੇ ਆਪਣੀਆਂ ਦੇਣਦਾਰੀਆਂ ਵਿਚ ਡਿਫਾਲਟ ਕੀਤਾ ਹੈ। ਕੰਪਨੀ ਨੇ ਤਿੰਨ ਮਹੀਨੇ ਵਿਚ ਚੌਥੀ ਵਾਰ ਡਿਫਾਲਟ ਕੀਤਾ ਹੈ।