ਮੁੰਬਈ (ਪੀਟੀਆਈ) : ਕੋਰੋਨਾ ਵਾਇਰਸ ਕਾਰਨ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਜ਼ਿਆਦਾ ਸਰਗਰਮੀ ਦੇਖਣ ਨੂੰ ਨਹੀਂ ਮਿਲ ਰਹੀ। ਇਸ ਦੌਰਾਨ ਦੇਸ਼ ਦੇ ਮੁੱਖ ਸ਼ੇਅਰ ਬਾਜ਼ਾਰ 'ਵੇਟ ਐਂਡ ਵਾਚ' ਦੀ ਰਣਨੀਤੀ ਅਪਣਾ ਰਹੇ ਹਨ। ਇਸ ਕ੍ਰਮ 'ਚ ਮੰਗਲਵਾਰ ਨੂੰ ਤੇਜ਼ੀ ਦਰਜ ਕਰਨ ਤੋਂ ਬਾਅਦ ਬੁੱਧਵਾਰ ਨੂੰ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਮੁੱਖ ਸੂਚਕਅੰਕ ਸੈਂਸੈਕਸ 214.22 ਅੰਕ ਟੁੱਟ ਕੇ 38,409.48 ਦੇ ਪੱਧਰ 'ਤੇ ਬੰਦ ਹੋਇਆ। ਉਧਰ ਐੱਨਐੱਸਈ ਦੇ 50 ਸ਼ੇਅਰਾਂ ਵਾਲੇ ਨਿਫਟੀ 'ਚ 52.30 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਦਿਨ ਦਾ ਕਾਰੋਬਾਰ ਖ਼ਤਮ ਹੋਣ ਦੇ ਸਮੇਂ ਇਹ 11,251 ਦੇ ਪੱਧਰ 'ਤੇ ਸੀ।

ਸੈਂਸੈਕਸ 'ਚ ਇੰਡਸਇੰਡ ਬੈਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਬਜਾਜ ਫਾਇਨਾਂਸ, ਆਈਟੀਸੀ, ਅਲਟ੍ਰਾਟੈੱਕ ਸੀਮੈਂਟ ਤੇ ਐੱਚਡੀਐੱਫਸੀ ਬੈਂਕ ਦੇ ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ। ਦੂਜੇ ਪਾਸੇ ਸਨ ਫਾਰਮਾ, ਟੈੱਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ ਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਤੇਜ਼ੀ ਦਰਜ ਕਰਵਾਉਣ 'ਚ ਸਫਲ ਰਹੇ।ਸ਼ ਬੀਐੱਸਈ ਦੇ ਸੈਕਟੋਰੀਅਲ ਇੰਡੈਕਸ 'ਚ ਬੈਂਕ, ਫਾਇਨਾਂਸ, ਬੇਸਿਕ ਮਟੀਰੀਅਲ, ਰਿਆਲਟੀ, ਐੱਫਐੱਮਸੀਜੀ, ਆਇਲ ਐਂਡ ਗੈਸ, ਆਟੋ ਤੇ ਮੈਟਲ ਸਕਾਟਸ 'ਚ ਗਿਰਾਵਟ ਦੇਖਣ ਨੂੰ ਮਿਲੀ। ਆਈਟੀ, ਹੈਲਥਕੇਅਰ ਤੇ ਟੈੱਕ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਰਹੀ।

ਜਾਣਕਾਰਾਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਕਾਰਨ ਨਿਵੇਸ਼ਕਾਂ ਦਾ ਮਨੋਬਲ ਕਮਜ਼ੋਰ ਹੋਇਆ ਹੈ। ਦੇਸ਼ 'ਚ ਕੋਰੋਨਾ ਦੇ 25 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਸਰਕਾਰ ਨੇ ਕੋਰੋਨਾ ਨੂੰ ਕੰਟਰੋਲ 'ਚ ਰੱਖਣ ਦਾ ਭਰੋਸਾ ਦਿੱਤਾ ਹੈ। ਅਮਰੀਕਾ ਦੇ ਅਰਥਚਾਰੇ 'ਤੇ ਕੋਰੋਨਾ ਦੇ ਅਸਰ ਨੂੰ ਘੱਟ ਕਰਨ ਲਈ ਮੰਗਲਵਾਰ ਨੂੰ ਯੂਐੱਸ ਫੈੱਡ ਰਿਜ਼ਰਵ ਬੈਂਚਮਾਰਕ ਵਿਆਜ ਦਰ 'ਚ 0.5 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਕਾਰਨ ਬੁੱਧਵਾਰ ਨੂੰ ਕੌਮਾਂਤਰੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਰਿਹਾ।

ਵਿਸ਼ਲੇਣਕਾਰਾਂ ਦਾ ਇਹ ਵੀ ਕਹਿਣਾ ਸੀ ਫੈੱਡ ਰਿਜ਼ਰਵ ਦੀ ਰੇਟ ਕਟ ਭਾਰਤੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ 'ਚ ਅਸਫਲ ਰਹੀ। ਅਰਥਚਾਰੇ 'ਤੇ ਕੋਰੋਨਾ ਦੇ ਅਸਰ ਬਾਰੇ ਹਾਲੇ ਵੀ ਬਹੁਤ ਸਾਰੀਆਂ ਚਿੰਤਾਵਾਂ ਬਰਕਰਾਰ ਹਨ। ਏਸ਼ੀਆ ਦੇ ਬਾਕੀ ਸ਼ੇਅਰ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਖ਼ ਰਿਹਾ। ਸ਼ੰਘਾਈ, ਸਿਓਲ ਤੇ ਟੋਕੀਓ ਦੇ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਰਹੇ, ਜਦੋਂਕਿ ਹਾਂਗਕਾਂਗ ਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ।

ਸੋਨਾ ਮੁੜ ਤੋਂ 44,000 ਦੇ ਪਾਰ

ਨਵੀਂ ਦਿੱਲੀ (ਪੀਟੀਆਈ) : ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਤੇਜ਼ੀ ਦਾ ਰੁਖ਼ ਰਿਹਾ। ਇਸ ਦੌਰਾਨ ਸੋਨਾ 1155 ਰੁਪਏ ਦੀ ਛਾਲ ਮਾਰ ਕੇ 44,383 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਵਿਕਿਆ। ਚਾਂਦੀ ਦੀ ਕੀਮਤ 'ਚ ਵੀ 1198 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ। ਇਹ 47,729 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ। ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਅਸਰ 'ਚ ਜਿੱਥੇ ਇਕ ਪਾਸੇ ਸ਼ੇਅਰ ਬਾਜ਼ਾਰਾਂ ਸੁਸਤੀ ਦੇਖਣ ਨੂੰ ਮਿਲੀ ਹੈ, ਉੱਥੇ ਸਰਾਫਾ ਬਾਜ਼ਾਰਾਂ 'ਚ ਰੌਣਕ ਦਾ ਮਾਹੌਲ ਹੈ। ਇਸ ਦੌਰਾਨ ਪੀਲੀ ਧਾਤੂ ਲਗਾਤਾਰ ਤੇਜ਼ੀ ਵਿਖਾ ਰਹੀ ਹੈ। ਜਾਣਕਾਰਾਂ ਮੁਤਾਬਕ ਸੋਨੇ 'ਚ ਸੁਰੱਖਿਅਤ ਨਿਵੇਸ਼ ਦੀ ਧਾਰਨਾ ਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਭਾਅ 'ਚ ਗਿਰਾਵਟ ਕਾਰਨ ਸੋਨੇ ਦੀ ਚਮਕ ਵਧੀ ਹੈ। ਹਾਲਾਂਕਿ ਕੌਮਾਂਤਰੀ ਬਾਜ਼ਾਰ 'ਚ ਸੋਨਾ-ਚਾਂਦੀ ਲਗਪਗ ਸਪਾਟ ਰਹੇ। ਇਸ ਦੌਰਾਨ ਕੌਮਾਂਤਰੀ ਬਾਜ਼ਾਰਾਂ 'ਚ ਸੋਨਾ 1638 ਡਾਲਰ ਤੇ ਚਾਂਦੀ 17.17 ਡਾਲਰ ਪ੍ਰਤੀ ਅੌਂਸ (28.35) ਗ੍ਰਾਮ ਦੇ ਭਾਅ 'ਤੇ ਵਿਕੇ।