ਮੁੰਬਈ (ਏਜੰਸੀ) : ਗਲੋਬਲ ਪੱਧਰ 'ਤੇ ਕੱਚੇ ਤੇਲ ਦੀ ਸਪਲਾਈ 'ਚ ਕਟੌਤੀ ਜਾਰੀ ਰਹਿਣ ਦਾ ਖ਼ਦਸ਼ੇ 'ਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਸੋਮਵਾਰ ਨੂੰ ਆਇਲ ਸੈਕਟਰ ਦੇ ਸ਼ੇਅਰ ਡਾਵਾਂਡੋਲ ਹੋ ਰਹੇ ਹਨ। ਇਸ ਦੇ ਨਾਲ-ਨਾਲ ਕਈ ਹੋਰ ਖੇਤਰਾਂ ਦੇ ਪ੍ਰਮੁੱਖ ਸਟਾਕਸ 'ਚ ਗਿਰਾਵਟ ਕਾਰਨ ਦਿਨ ਦੇ ਕਾਰੋਬਾਰ ਵਿਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 261.68 ਅੰਕ ਮਤਲਬ 0.70 ਫ਼ੀਸਦੀ ਡਿੱਗ ਕੇ 37, 123.31 'ਤੇ ਬੰਦ ਹੋਇਆ। ਉਥੇ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਨਿਫਟੀ ਵੀ 79.80 ਅੰਕ ਮਤਲਬ 0.72 ਫ਼ੀਸਦੀ ਡਿੱਗ ਕੇ 11,000 ਅੰਕਾਂ ਦੇ ਮਨੋਵਿਗਿਆਨਕ ਪੱਧਰ ਦੇ ਥੱਲੇ 10, 996.10 ਦੇ ਪੱਧਰ 'ਤੇ ਬੰਦ ਹੋਇਆ। ਇੰਟਰਾ-ਡੇ ਵਿਚ ਸੈਂਸੈਕਸ ਅੰਕ ਥੱਲੇ ਆ ਗਿਆ ਸੀ ਪਰ ਬਾਅਦ ਵਿਚ ਇਸ ਵਿਚ ਸੁਧਾਰ ਹੋਇਆ।

ਸੈਂਸੈਕਸ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਮਹਿੰਦਰਾ ਐਂਡ ਮਹਿੰਦਰਾ, ਐੱਸਬੀਆਈ, ਯੈੱਸ ਬੈਂਕ, ਏਸ਼ੀਅਨ ਪੇਂਟਸ, ਐੱਚਡੀਐੱਫਸੀ, ਟਾਟਾ ਸਟੀਲ ਅਤੇ ਐੱਲਐਂਡਟੀ ਨੂੰ ਹੋਇਆ। ਇਸ ਦੌਰਾਨ ਇਨ੍ਹਾਂ ਕੰਪਨੀਆਂ ਦੇ ਸ਼ੇਅਰ 2.55 ਫ਼ੀਸਦੀ ਤਕ ਡਿੱਗ ਗਏ। ਦੂਜੇ ਟੈੱਕ ਮਹਿੰਦਰਾ, ਓਐੱਨਜੀਸੀ, ਸਨ ਫਾਰਮਾ, ਐੱਚਯੂਐੱਲ, ਟੀਸੀਐੱਸ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿਚ 1.44 ਫ਼ੀਸਦੀ ਤਕ ਦੀ ਬੜ੍ਹਤ ਦਰਜ ਕੀਤੀ ਗਈ। ਜਾਣਕਾਰਾਂ ਮੁਤਾਬਕ ਗਲੋਬਲ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਵਿਚ ਤੇਲ ਉਛਾਲ ਦਾ ਸਿੱਧਾ ਅਸਰ ਇਕਵਿਟੀ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕੱਚੇ ਤੇਲ ਦੀ ਕੀਮਤ 19.5 ਫ਼ੀਸਦੀ ਦੀ ਬੜ੍ਹਤ ਨਾਲ 71.95 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈ। ਦਿਨ ਦੇ ਕਾਰੋਬਾਰ ਵਿਚ ਆਇਲ ਅਤੇ ਗੈਸ ਸੈਕਟਰ ਦੇ ਸ਼ੇਅਰਾਂ ਵਿਚ ਗਿਰਾਵਟ ਦੇਖੀ ਗਈ।

ਸ਼ੇਅਰਖ਼ਾਨ ਦੇ ਵੀਪੀ ਅਤੇ ਕੈਪੀਟਲ ਮਾਰਕੀਟ ਸਟ੍ਰੈਟੇਜ਼ੀ ਤੇ ਇਨਵੈਸਟਮੈਂਟ ਸੈਗਮੈਂਟ ਦੇ ਹੈੱਡ ਗੌਰਵ ਦੁਆ ਦੇ ਮੁਤਾਬਕ ਭਾਰਤੀ ਇਕੋਨਾਮੀ ਤੇਲ ਦੀ ਕੀਮਤ 'ਚ ਵੱਡੇ ਵਾਧੇ ਨਾਲ ਪ੍ਰਭਾਵਿਤ ਹੋਵੇਗੀ। ਕੱਚੇ ਤੇਲ ਦੀ ਕੀਮਤ 'ਚ ਇਸ ਉਛਾਲ ਨਾਲ ਪਿਛਲੇ ਹਫ਼ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੀਤੇ ਗਏ ਸੁਧਾਰ ਦੇ ਐਲਾਨਾਂ ਦਾ ਅਸਰ ਵੀ ਖ਼ਤਮ ਹੋਣ ਜਾਣ ਦਾ ਖ਼ਦਸ਼ਾ ਹੈ। ਪ੍ਰਮੁੱਖ ਤੇਲ ਉਤਪਾਦਕ ਸਾਊਦੀ ਅਰਬ ਦੀ ਆਇਲ ਰਿਫਾਇਨਰੀ 'ਤੇ ਡ੍ਰੋਨ ਹਮਲੇ ਤੋਂ ਬਾਅਦ ਇਸ ਦੇ ਤੇਲ ਉਤਪਾਦਨ ਵਿਚ ਪੰਜ ਫ਼ੀਸਦੀ ਦੀ ਗਿਰਾਵਟ ਆਈ ਹੈ।

ਸੋਮਵਾਰ ਨੂੰ ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ 'ਤੇ ਵੀ ਤੇਲ ਦੀ ਵਧੀ ਕੀਮਤ ਦਾ ਅਸਰ ਦੇਖਿਆ ਗਿਆ। ਇਸ ਦੌਰਾਨ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹੈਂਗਸੇਂਗ ਗਿਰਾਵਟ ਦੇ ਨਾਲ ਬੰਦ ਹੋਏ, ਹਾਲਾਂਕਿ ਕੋਸਪੀ 'ਚ ਬੜ੍ਹਤ ਦਰਜ ਕੀਤੀ ਗਈ।

ਪੀ-ਨੋਟਸ ਨਿਵੇਸ਼ 'ਚ ਲਗਾਤਾਰ ਤੀਜੇ ਮਹੀਨੇ ਗਿਰਾਵਟ

ਭਾਰਤੀ ਪੂੰਜੀ ਬਾਜ਼ਾਰ 'ਚ ਪਾਰਟੀਸਿਪੇਟਰੀ ਨੋਟ (ਪੀ-ਨੋਟ) ਰਾਹੀਂ ਨਿਵੇਸ਼ ਵਿਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ। ਅਗਸਤ ਦੇ ਅੰਤ ਵਿਚ ਪੀ-ਨੋਟ ਰਾਹੀਂ ਭਾਰਤੀ ਪੂੰਜੀ ਬਾਜ਼ਾਰ ਵਿਚ ਕੁਲ 79,088 ਕਰੋੜ ਰੁਪਏ ਆਏ। ਇਸ ਸਾਲ ਜੂਨ ਤੋਂ ਇਸ ਨਿਵੇਸ਼ ਵਿਚ ਲਗਾਤਾਰ ਗਿਰਾਵਟ ਦੇਖੀ ਗਈ।

ਰਜਿਸਟਰਡ ਐੱਫਪੀਆਈ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਪੀ-ਨੋਟ ਜਾਰੀ ਕਰਦੇ ਹਨ, ਜੋ ਬਿਨਾਂ ਰਜਿਸਟਰ ਹੋਏ ਭਾਰਤੀ ਬਾਜ਼ਾਰਾਂ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ। ਸੇਬੀ ਵੱਲੋਂ ਮੁਹੱਈਆ ਕਰਵਾਏ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਗਸਤ ਦੇ ਅੰਤ ਵਿਚ ਇਸ ਤਰ੍ਹਾਂ ਨਾਲ ਹੋਣ ਵਾਲਾ ਨਿਵੇਸ਼ 81, 081 ਕਰੋੜ ਤੋਂ ਡਿੱਗ ਕੇ 79, 088 ਕਰੋੜ ਰੁਪਏ ਦੇ ਪੱਧਰ 'ਤੇ ਆ ਗਿਆ।

ਭਾਰਤੀ ਆਇਲ ਕੰਪਨੀਆਂ ਦੇ ਸ਼ੇਅਰ ਡਿੱਗੇ

ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ ਵਿਚ ਵਾਧੇ ਦਾ ਅਸਰ ਭਾਰਤੀ ਊਰਜਾ ਸੈਕਟਰ 'ਤੇ ਵੀ ਦਿਖਾਈ ਦਿੱਤਾ। ਇਸ ਦੌਰਾਨ ਆਇਲ ਮਾਰਕੀਟ ਦੇ ਸ਼ੇਅਰ ਵਿਚ ਸੱਤ ਫ਼ੀਸਦੀ ਤਕ ਗਿਰਾਵਟ ਦਰਜ ਕੀਤੀ ਗਈ। ਬੀਪੀਸੀਐੱਲ ਦੇ ਸ਼ੇਅਰ 7.04 ਫ਼ੀਸਦੀ ਡਿੱਗ ਗਏ ਹਨ। ਉਥੇ ਹਿੰਦੁਸਤਾਨ ਪੈਟਰੋਲੀਅਮ ਦੇ ਸ਼ੇਅਰਾਂ ਵਿਚ ਵੀ 5.70 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਆਈਓਸੀ ਦੇ ਸ਼ੇਅਰਾਂ ਵਿਚ 1.15 ਫ਼ੀਸਦੀ ਦੀ ਗਿਰਾਵਟ ਆਈ। ਸਾਊਦੀ ਅਰਬ ਦੇ ਆਇਲ ਪਲਾਂਟ 'ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਵਿਚ 19.5 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਗਈ ਹੈ। ਇਸ ਦੌਰਾਨ ਇਹ 71.95 ਡਾਲਰ ਪ੍ਰਤੀ ਬੈਰਲ ਜਾ ਪੁੱਜਿਆ। ਸਾਲ 1988 ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਹ ਸਭ ਤੋਂ ਤੇਜ਼ ਵਾਧਾ ਹੈ।