ਮੁੰਬਈ (ਏਜੰਸੀ) : ਪਿਛਲੇ ਸੈਸ਼ਨ ਵਿਚ ਲਗਪਗ ਸਪਾਟ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਪ੍ਰੋਫਿਟ ਬੁਕਿੰਗ, ਗਲੋਬਲ ਸਲੋਡਾਊਨ ਅਤੇ ਭੂਗੋਲਿਕ-ਰਾਜਨੀਤਿਕ ਚਿੰਤਾਵਾਂ ਕਾਰਨ ਪ੍ਰਮੁੱਖ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦੇਖੀ ਗਈ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 503.62 ਅੰਕ ਮਤਲਬ 1.29 ਫ਼ੀਸਦੀ ਡਿੱਗ ਕੇ 38,593.52 ਦੇ ਪੱਧਰ 'ਤੇ ਬੰਦ ਹੋਇਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਮਤਲਬ ਐੱਨਐੱਸਈ ਦੇ ਨਿਫਟੀ ਵਿਚ 148 ਅੰਕਾਂ ਮਤਲਬ 1.28 ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਦਿਨ ਦੇ ਕਾਰੋਬਾਰ ਵਿਚ ਨਿਫਟੀ 11,440.20 ਦੇ ਪੱਧਰ 'ਤੇ ਬੰਦ ਹੋਇਆ।

ਬੁੱਧਵਾਰ ਨੂੰ ਸੈਂਸੈਕਸ ਵਿਚ ਐੱਸਬੀਆਈ, ਟਾਟਾ ਮੋਟਰਸ, ਮਾਰੂਤੀ ਸੁਜ਼ੂਕੀ, ਯੈੱਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਆਈਟੀਸੀ ਵੇਦਾਂਤਾ, ਹੀਰੋ ਮੋਟਰਕਾਰਪ, ਟਾਟਾ ਸਟੀਲ ਤੇ ਐੱਲਐਂਡਟੀ ਦੇ ਸ਼ੇਅਰ ਦਬਾਅ ਵਿਚ ਦਿਸੇ। ਇਨ੍ਹਾਂ ਕੰਪਨੀਆਂ ਦੇ ਸ਼ੇਅਰ 7.37 ਫ਼ੀਸਦੀ ਤਕ ਡਿੱਗ ਗਏ। ਦੂਜੇ ਪਾਸੇ ਪਾਵਰ ਗਰਿੱਡ, ਟੀਸੀਐੱਸ, ਐੱਨਟੀਪੀਸੀ, ਐੱਚਸੀਐੱਲ ਟੈੱਕ, ਆਰਆਈਐੱਲ, ਟੈੱਕ ਮਹਿੰਦਰਾ ਦੇ ਸ਼ੇਅਰਾਂ ਵਿਚ ਤੇਜ਼ੀ ਦਰਜ ਕੀਤੀ ਗਈ। ਦਿਨ ਦੇ ਕਾਰੋਬਾਰ ਵਿਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿਚ 4.39 ਫ਼ੀਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ।

ਜਾਣਕਾਰੀ ਮੁਤਾਬਕ ਅਮਰੀਕਾ ਵਿਚ ਜਾਰੀ ਸਿਆਸੀ ਉੱਥਲ-ਪੁੱਥਲ ਵਿਚਕਾਰ ਗਲੋਬਲ ਪੱਧਰ 'ਤੇ ਨਿਵੇਸ਼ਕਾਂ ਵਿਚ ਨਕਾਰਾਤਮਕ ਧਾਰਨਾ ਦੇਖੀ ਗਈ। ਇਸ ਤੋਂ ਇਲਾਵਾ ਚੀਨ ਨੂੰ ਲੈ ਕੇ ਯੂਐੱਨ ਵਿਚ ਟਰੰਪ ਵੱਲੋਂ ਕੀਤੀ ਗਈ ਟਿੱਪਣੀ ਦਾ ਸੰਦੇਸ਼ ਵੀ ਨਿਵੇਸ਼ਕਾਂ ਲਈ ਉਤਸ਼ਾਹਤ ਕਰਨੇ ਵਾਲਾ ਰਿਹਾ। ਇਸ ਕਾਰਨ ਭਾਰਤ ਸਣੇ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦੇਖੀ ਗਈ। ਬੁੱਧਵਾਰ ਨੂੰ ਡੈਮੋਕ੍ਰੇਟ ਨੇਤਾ ਨੈਂਸੀ ਪੇਲੋਸੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਅਧਿਕਾਰਕ ਮਹਾਦੋਸ਼ ਲਿਆਉਣ ਦਾ ਐਲਾਨ ਕਰ ਦਿੱਤਾ। ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਹੈਂਗਸੇਂਗ, ਸ਼ੰਘਾਈ ਕੰਪੋਜ਼ਿਟ ਇੰਡੈਕਸ, ਨਿਕਈ ਅਤੇ ਕੋਸਪੀ ਗਿਰਾਵਟ ਦੇ ਨਾਲ ਬੰਦ ਹੋਏ। ਯੂਰਪ ਦੇ ਬਾਜ਼ਾਰਾਂ ਵਿਚ ਵੀ ਸ਼ੁਰੂਆਤੀ ਕਾਰੋਬਾਰ ਵਿਚ ਇਕ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਗਿਰਾਵਟ ਦੇ ਚਾਰ ਕਾਰਨ

ਅਮਰੀਕਾ ਸਿਆਸਤ 'ਚ ਉਤਰਾਅ-ਚੜ੍ਹਾਅ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਮਹਾਦੋਸ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਅਸਰ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ 'ਤੇ ਦੇਖਿਆ ਗਿਆ। ਭਾਰਤ ਵੀ ਇਸ ਤੋਂ ਬਚ ਨਹੀਂ ਸਕਿਆ।

ਪ੍ਰੋਫਿਟ ਬੁਕਿੰਗ-ਟੈਕਸ ਸੁਧਾਰਾਂ ਦੇ ਐਲਾਨਾਂ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਆਈ ਤੇਜ਼ੀ ਨਾਲ ਨਿਵੇਸ਼ਕਾਂ ਦੀ ਜਾਇਦਾਦ ਵਿਚ ਵੱਡਾ ਉਛਾਲ ਆਇਆ ਸੀ, ਇਸ ਕਾਰਨ ਬੁੱਧਵਾਰ ਨੂੰ ਪ੍ਰਰੋਫਿਟ ਬੁਕਿੰਗ ਵੀ ਜਮ ਕੇ ਹੋਈ।

ਟ੍ਰੇਡ ਵਾਰ-ਟਰੰਪ ਨੇ ਇਕ ਵਾਰ ਫਿਰ ਚੀਨ 'ਤੇ ਵਾਪਰ ਨੂੰ ਲੈ ਕੇ ਗਲਤ ਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ ਹੈ। ਇਸ ਨਾਲ ਟ੍ਰੇਡ ਵਾਰ ਦੇ ਖ਼ਾਤਮੇ ਦੀਆਂ ਉਮੀਦਾਂ ਨੂੰ ਧੱਕਾ ਲੱਗਾ ਹੈ।

ਏਡੀਬੀ ਦਾ ਅਨੁਮਾਨ-ਏਸ਼ੀਅਨ ਡਿਵਲਪਮੈਂਟ ਬੈਂਕ ਮਤਲਬ ਏਡੀਬੀ ਨੇ 2019-20 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸੱਤ ਫ਼ੀਸਦੀ ਤੋਂ ਘੱਟ ਕੇ 6.5 ਫ਼ੀਸਦੀ ਕਰ ਦਿੱਤੀ ਹੈ। ਇਸ ਨਾਲ ਨਿਵੇਸ਼ਕਾਂ ਨੂੰ ਨਿਰਾਸ਼ਾ ਦੇਖੀ ਗਈ।

ਨਿਵੇਸ਼ਕਾਂ ਦੀ ਜਾਇਦਾਦ ਕਰੀਬ ਦੋ ਲੱਖ ਕਰੋੜ ਰੁਪਏ ਘਟੀ

ਨਵੀਂ ਦਿੱਲੀ (ਏਜੰਸੀ) : ਬੁੱਧਵਾਰ ਨੂੰ ਮੁੱਖ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਵੱਡੀ ਗਿਰਾਵਟ ਕਾਰਨ ਨਿਵੇਸ਼ਕਾਂ ਦੀ ਜਾਇਦਾਦ ਵਿਚ 1.84 ਲੱਖ ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ। ਦਿਨ ਦੇ ਕਾਰੋਬਾਰ ਵਿਚ ਬੀਐੱਸਈ ਦਾ ਸੈਂਸੈਕਸ ਲਗਪਗ 504 ਅੰਕ ਡਿੱਗ ਕੇ 38,593.52 'ਤੇ ਬੰਦ ਹੋਇਆ। ਇੰਟਰਾ-ਡੇ ਵਿਚ ਇਹ 586 ਅੰਕ ਤਕ ਡਿੱਗ ਗਿਆ ਸੀ। ਸ਼ੇਅਰਾਂ ਵਿਚ ਤੇਜ਼ੀ ਵਿਕਰੀ ਕਾਰਨ ਬੀਐੱਸਈ ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1,84,483.79 ਕਰੋੜ ਰੁਪਏ ਘੱਟ ਕੇ 1,46,88,763.39 ਕਰੋੜ ਰੁਪਏ ਰਹਿ ਗਿਆ। ਐਲਕੇਪੀ ਸਕਿਊਰਿਟੀਜ਼ ਦੇ ਰਿਸਰਚ ਹੈੱਡ ਐੱਸ ਰੰਗਨਾਥਨ ਮੁਤਾਬਕ ਅਮਰੀਕਾ ਵਿਚ ਸਿਆਸੀ ਉੱਥਲ-ਪੁੱਥਲ ਦਾ ਮਾਰਕੀਟ 'ਤੇ ਸਿੱਧਾ ਅਸਰ ਦਿਖਾਈ ਦਿੱਤਾ। ਦਿਨ ਦੇ ਕਾਰੋਬਾਰ ਵਿਚ ਸੈਂਸੈਕਸ ਵਿਚ ਬੈਂਕ ਅਤੇ ਆਟੋ ਸਮੇਤ 24 ਕੰਪਨੀਆਂ ਦੇ ਸ਼ੇਅਰ 7.37 ਫ਼ੀਸਦੀ ਡਿੱਗ ਗਏ।