ਮੁੰਬਈ (ਏਜੰਸੀ) : ਨਿਵੇਸ਼ਕਾਂ ਦਾ ਮਨੋਬਲ ਉੱਚਾ ਰੱਖਣ ਵਾਲੇ ਕਾਰਨਾਂ ਦੇ ਕਮੀ 'ਚ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਦੌਰਾਨ ਗਿਰਾਵਟ ਦੇਖੀ ਗਈ। ਅਰਥਵਿਵਸਥਾ ਦੀ ਵਿਕਾਸ ਰਫ਼ਤਾਰ ਸੁਸਤ ਹੋਣ ਦੇ ਕਈ ਪਾਸਿਆਂ ਤੋਂ ਆ ਰਹੇ ਸੰਕੇਤਾਂ ਦੇ ਕਾਰਨ ਬੁੱਧਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 267.64 ਅੰਕਾਂ ਮਤਲਬ 0.72 ਫ਼ੀਸਦੀ ਦੀ ਗਿਰਾਵਟ ਦੇ ਨਾਲ 37, 060.37 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ 50 ਸ਼ੇਅਰਾਂ ਵਾਲੇ ਨਿਫਟੀ ਵਿਚ ਵੀ ਬੁੱਧਵਾਰ ਨੂੰ 98.30 ਅੰਕਾਂ ਮਤਲਬ 0.89 ਫ਼ੀਸਦੀ ਗਿਰਾਵਟ ਆਈ। ਇਸ ਗਿਰਾਵਟ ਦੇ ਨਾਲ ਨਿਫਟੀ 10, 918.70 ਅੰਕ 'ਤੇ ਸਥਿਰ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਸੈਕਸ ਵਿਚ 74 ਅੰਕਾਂ ਤੋਂ ਜ਼ਿਆਦਾ ਅਤੇ ਨਿਫਟੀ ਵਿਚ ਕਰੀਬ 37 ਅੰਕਾਂ ਦੀ ਗਿਰਾਵਟ ਆਈ ਸੀ।

ਵਿਸ਼ਲੇਸ਼ਕਾਂ ਦਾ ਕਹਿਣਾ ਸੀ ਕਿ ਆਟੋ ਸੈਕਟਰ ਤੋਂ ਬਾਅਦ ਵਿਕਰੀ ਵਿਚ ਕਮੀ ਅਤੇ ਮੰਦੀ ਦੀ ਗੂੰਜ ਕਈ ਹੋਰ ਸੈਕਟਰਾਂ ਤੋਂ ਵੀ ਆਉਣ ਲੱਗੀ ਹੈ। ਅਜਿਹੇ ਵਿਚ ਹੁਣ ਨਿਵੇਸ਼ਕਾਂ ਦੀ ਪੂਰੀ ਉਮੀਦ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ 'ਤੇ ਟਿਕ ਗਈ ਹੈ।

ਸੈਂਸੈਕਸ ਪੈਕ ਵਿਚ ਬੁੱਧਵਾਰ ਨੂੰ ਸਭ ਤੋਂ ਬੁਰੀ ਰਫ਼ਤਾਰ ਟਾਟਾ ਮੋਟਰਸ ਦੇ ਸ਼ੇਅਰਾਂ ਦੀ ਹੋਈ, ਜੋ 9.29 ਫ਼ੀਸਦੀ ਡਿੱਗ ਗਏ। ਯੈੱਸ ਬੈਂਕ ਦੇ ਸ਼ੇਅਰਾਂ ਵਿਚ 8.21 ਫ਼ੀਸਦੀ ਗਿਰਾਵਟ ਦੇਖੀ ਗਈ। ਸੈਂਸੈਕਸ ਵਿਚ ਲਾਲ ਨਿਸ਼ਾਨ 'ਤੇ ਬੰਦ ਹੋਣ ਵਾਲੇ ਹੋਰ ਸ਼ੇਅਰਾਂ ਵਿਚ ਟਾਟਾ ਸਟੀਲ, ਓਐੱਨਜੀਸੀ, ਇੰਡਸਇੰਡ ਬੈਂਕ, ਐੱਸਬੀਆਈ, ਐੱਲ ਐਂਡ ਟੀ, ਵੇਦਾਂਤਾ, ਐੱਚਸੀਐੱਲ ਟੈੱਕ, ਆਈਸੀਆਈਸੀਆਈ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਸ਼ਾਮਲ ਸਨ। ਹੀਰੋ ਮੋਟੋਕਾਰਪ, ਇਨਫੋਸਿਸ, ਟੈੱਕ ਮਹਿੰਦਰਾ, ਐੱਚਯੂਐੱਲ, ਬਜਾਜ ਆਟੋ, ਐੱਨਟੀਪੀਸੀ ਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਵਿਚ ਨਿਵੇਸ਼ਕਾਂ ਦੀ ਦਿਲਚਸਪੀ ਦਿਖਾਈ ਦਿੱਤੀ, ਜਿਸ ਕਾਰਨ ਇਹ ਹਰੇ ਨਿਸ਼ਾਨ 'ਤੇ ਬੰਦ ਹੋਣ ਵਿਚ ਕਾਮਯਾਬ ਰਹੇ। ਸੈਕਟੋਰਲ ਇੰਡੈਕਸ ਦੇ ਮਾਮਲੇ ਵਿਚ ਬੀਐੱਸਈ ਮੈਟਲ, ਇੰਡਸਟ੍ਰੀਅਲ, ਕੈਪੀਟਲ ਗੁੱਡਸ, ਆਇਲ ਤੇ ਗੈਸ, ਰਿਆਲਿਟੀ ਤੇ ਕੰਜਿਊਮਰ ਡਯੂਰੇਬਲਸ 2.92 ਫ਼ੀਸਦੀ ਤਕ ਡਿੱਗ ਗਏ।

ਦਿਨ ਦੇ ਕਾਰੋਬਾਰ ਦੇ ਬਾਰੇ ਵਿਚ ਜਿਓਜਿਤ ਫਾਇਨਾਂਸ਼ੀਅਲ ਸਰਵਿਸੇਜ਼ ਦੇ ਰਿਸਰਚ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਘਰੇਲੂ ਅਰਥਵਿਵਸਥਾ 'ਤੇ ਛਾ ਰਹੀ ਮੰਦੀ ਨੇ ਉਦਯੋਗਿਕ, ਇਨਫਰਾਸਟੱਕਚਰ ਅਤੇ ਵਿੱਤੀ ਖੇਤਰਾਂ ਵਿਚ ਡੂੰਘਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ੀ ਬਾਜ਼ਾਰਾਂ ਵਿਚ ਮੈਟਲ, ਆਇਲ ਤੇ ਗੈਸ ਅਤੇ ਬਰਾਮਦ ਖੇਤਰ ਵਿਚ ਕੀਮਤਾਂ ਦੇ ਮੋਰਚੇ 'ਤੇ ਅਸਥਿਰਤਾ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਦਬਾਅ ਵਿਚ ਆ ਰਹੇ ਹਨ। ਜਿਥੇ ਤਕ ਕਾਰੋਬਾਰੀ ਪ੍ਰਦਰਸ਼ਨ ਦਾ ਸਵਾਲ ਹੈ, ਤਾਂ ਭਾਰਤ ਇਸ ਸਮੇਂ ਪਿਛੜਦਾ ਨਜ਼ਰ ਆ ਰਿਹਾ ਹੈ।