ਜਾਗਰਣ ਬਿਊਰੋ, ਨਵੀਂ ਦਿੱਲੀ : ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੀ ਆਪਣੀ ਦੂਜੀ ਪਾਰੀ ਵਿਚ ਨਿਤਿਨ ਗਡਕਰੀ ਦਾ ਇਰਾਦਾ 15 ਲੱਖ ਕਰੋੜ ਦਾ ਨਿਵੇਸ਼ ਕਰਵਾਉਣ ਦਾ ਹੈ। ਜਦਕਿ ਅਗਲੇ ਸੌ ਦਿਨਾਂ ਵਿਚ ਉਨ੍ਹਾਂ ਦਾ ਟੀਚਾ ਲਟਕ ਰਹੀਆਂ ਯੋਜਨਾਵਾਂ ਨੂੰ ਪੂਰਾ ਕਰਵਾਉਣਾ ਹੋਵੇਗਾ। ਇਨ੍ਹਾਂ ਵਿਚ ਦਿੱਲੀ-ਮੇਰਠ ਐੱਕਸਪ੍ਰਰੈੱਸਵੇਅ ਸ਼ਾਮਿਲ ਹੈ। ਉਨ੍ਹਾਂ ਨੇ ਏਅਰਸਟਰਿੱਪ ਦੇ ਤੌਰ 'ਤੇ ਵਿਕਸਿਤ ਕੀਤੀਆਂ ਜਾ ਰਹੀਆਂ ਸਰਹੱਦੀ ਸੜਕਾਂ ਨੂੰ ਵੀ ਛੇਤੀ ਪੂਰਾ ਕਰਵਾਉਣ ਅਤੇ ਗ੍ਰੀਨ ਹਾਈਵੇ ਪ੍ਰਰੋਗਰਾਮ ਤਹਿਤ ਰਾਜਮਾਰਗਾਂ ਦੇ ਦੋਵੇਂ ਪਾਸੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕਰਨ ਦਾ ਵਾਅਦਾ ਕੀਤਾ ਹੈ। ਹਾਦਸਿਆਂ 'ਤੇ ਪਾਬੰਦੀ ਲਗਾਉਣ ਲਈ ਗਡਕਰੀ ਦਾ ਇਰਾਦਾ 'ਲੈਪਸ ਮੋਟਰ' ਬਿੱਲ ਨੂੰ ਛੇਤੀ ਹੀ ਸੰਸਦ ਵਿਚ ਪੇਸ਼ ਕਰ ਕੇ ਸੂਬਿਆਂ ਵਿਚ ਪਛਾਣੇ ਗਏ 8000 ਨਵੇਂ 'ਐਕਸੀਡੈਂਟ ਬਲੈਕ ਸਪਾਟ' ਨੂੰ ਦਰੁਸਤ ਕਰਵਾਉਣ ਦਾ ਹੈ। ਦੁਬਾਰਾ ਸੜਕ ਮੰਤਰਾਲੇ ਦਾ ਜਿੰਮਾ ਮਿਲਣ ਨਾਲ ਖੁਸ਼ ਹੋਏ ਗਡਕਰੀ ਨੇ ਇਸ ਵਾਰ ਅਧੂਰੇ ਕੰਮਾਂ ਨੂੰ ਪੂਰਾ ਕਰਵਾਉਣ ਦਾ ਟੀਚਾ ਵੀ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿਚ ਜਦ ਉਨ੍ਹਾਂ ਨੇ ਮੰਤਰਾਲੇ ਦਾ ਅਹੁਦਾ ਸੰਭਾਲਿਆ ਸੀ ਤਾਂ ਉਸ ਸਮੇਂ ਕੋਈ ਕੰਪਨੀ ਸੜਕ ਖੇਤਰ ਵਿਚ ਪੈਸਾ ਲਗਾਉਣ ਲਈ ਤਿਆਰ ਨਹੀਂ ਸੀ। ਬੈਂਕਾਂ ਵੱਲੋਂ ਹੱਥ ਖੜ੍ਹੇ ਕਰਨ ਦੇਣ ਕਾਰਨ ਲਗਭਗ ਚਾਰ ਸੌ ਤੋਂ ਜ਼ਿਆਦਾ ਰਾਸ਼ਟਰੀ ਮਾਰਗ ਯੋਜਨਾਵਾਂ ਲਟਕੀਆਂ ਹੋਈਆਂ ਸਨ ਪਰ ਉਨ੍ਹਾਂ ਦੀ ਕੋਸ਼ਿਸ਼ਾਂ ਦੇ ਨਤੀਤਿਆਂ ਨਾਲ ਇਨ੍ਹਾਂ ਯੋਜਨਾਵਾਂ ਦੀ ਗਿਣਤੀ ਘੱਟ ਕੇ 20-25 'ਤੇ ਆ ਗਈ ਹੈ। ਹੁਣ ਇਨ੍ਹਾਂ ਨੂੰ ਅਗਲੇ ਸੌ ਦਿਨਾਂ ਦੇ ਅੰਦਰ ਪੂਰਾ ਕਰਨ ਦਾ ਮੇਰਾ ਟੀਚਾ ਰਹੇਗਾ।

ਸੜਕ ਉਸਾਰੀ ਦੀ ਰਫ਼ਤਾਰ ਨੂੰ 40 ਕਿਲੋਮੀਟਰ ਪ੍ਰਤੀ ਦਿਨ ਕਰਨ ਦੇ ਆਪਣੇ ਪੁਰਾਣੇ ਵਾਅਦੇ ਨੂੰ ਦੁਹਰਾਉਂਦੇ ਹੋਏ ਗਡਕਰੀ ਨੇ ਕਿਹਾ ਕਿ 'ਇਹ ਸੰਭਵ ਹੈ ਕਿਉਂਕਿ ਸੜਕ ਉਸਾਰੀ ਦੀ ਰਫਤਾਰ ਲਗਭਗ 32 ਕਿਲੋਮੀਟਰ ਰੋਜ਼ਾਨਾ ਉੱਤੇ ਪੁੱਜਣ ਵਾਲੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪੰਜ ਸਾਲਾਂ ਵਿਚ ਸੜਕ ਉਸਾਰੀ ਦੀ ਰਫ਼ਤਾਰ ਪੁੱਜ ਗਣਾ ਵੱਧਣ ਅਤੇ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖ਼ਰਚ ਹੋਣ ਦੇ ਬਾਵਜੂਦ ਉਨ੍ਹਾਂ ਦੇ ਮੰਤਰਾਲੇ ਵਿਚ ਇਕ ਪੈਸੇ ਦਾ ਵੀ ਭਿ੍ਸ਼ਟਾਚਾਰ ਨਹੀਂ ਹੋਇਆ।'

ਸੜਕ ਉਸਾਰੀ ਦੀ ਨਵੀਂ ਮੁਹਿੰਮ ਤਹਿਤ ਗਡਕਰੀ ਦਾ ਇਰਾਦਾ ਅਗਲੇ ਪੰਜ ਸਾਲਾਂ ਵਿਚ ਸੜਕ ਉਸਾਰੀ 'ਤੇ 15 ਲੱਖ ਕਰੋੜ ਰੁਪਏ ਖ਼ਰਚ ਦਾ ਹੈ। ਇਸ ਲਈ ਚਾਲੂ ਸਾਲ ਵਿਚ 3000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦੇ ਠੇਕੇ ਦੇਣ ਅਤੇ ਧਾਰਮਿਕ ਸਥਾਨਾਂ ਨਾਲ ਸਬੰਧਤ ਪਰਬਤੀ ਸੜਕਾਂ ਨੂੰ ਪੂਰਾ ਕਰਵਾਉਣ ਦਾ ਉਨ੍ਹਾਂ ਦਾ ਇਰਾਦਾ ਹੈ।