ਜੇਐੱਨਐੱਨ, ਨਵੀਂ ਦਿੱਲੀ : ਮੰਗ ਵਿਚ ਕਮੀ ਦੇ ਕਾਰਨ ਆਟੋ ਸੈਕਟਰ ਵਿਚ ਮੰਦੀ ਦੀ ਗਿ੍ਫਤ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਜੁਲਾਈ 2019 ਵਿਚ ਵਾਹਨਾਂ ਦੀ ਵਿਕਰੀ ਵਿਚ ਬੀਤੇ 19 ਸਾਲ ਵਿਚ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਆਟੋ ਨਿਰਮਾਤਾ ਕੰਪਨੀਆਂ ਦੇ ਸੰਗਠਨ ਸਿਆਮ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੁਲਾਈ ਵਿਚ ਦੇਸ਼ ਵਿਚ ਕੁਲ ਵਾਹਨਾਂ ਦੀ ਵਿਕਰੀ ਵਿਚ 18.71 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਆਟੋਮੋਬਾਈਲ ਸੈਕਟਰ ਵਿਚ ਫੈਲੀ ਮੰਦੀ ਕਾਰਨ ਪਿਛਲੇ ਤਿੰਨ ਮਹੀਨਿਆਂ ਵਿਚ 15,000 ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਆਟੋ ਸੈਕਟਰ ਵਿਚ ਵਾਹਨ ਦੀ ਵਿਕਰੀ ਵਿਚ ਗਿਰਾਵਟ ਦਾ ਸਿਲਸਿਲਾ ਬੀਤੇ 9 ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਵਿਚਕਾਰ ਆਟੋ ਉਦਯੋਗ ਦੇ ਪ੍ਰਤੀਨਿਧ ਸਰਕਾਰ ਤੋਂ ਲਗਾਤਾਰ ਰਾਹਤ ਪੈਕੇਜ ਦੀ ਮੰਗ ਕਰ ਰਹੇ ਹਨ। ਇਹ ਨਹੀਂ ਸਥਿਤੀ ਵਿਚ ਸੁਧਾਰ ਲਈ ਉਦਯੋਗ ਨੇ ਜੀਐੱਸਟੀ ਦਰ ਨੂੰ ਵੀ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ 'ਤੇ ਲਿਆਉਣ ਦੀ ਮੰਗ ਕੀਤੀ ਹੈ। ਸਿਆਮ ਨੇ ਮੰਗਲਵਾਰ ਨੂੰ ਜੁਲਾਈ 2019 ਦੇ ਵਿਕਰੀ ਅੰਕੜੇ ਜਾਰੀ ਕਰਦੇ ਹੋਏ ਵੀ ਇਨ੍ਹਾਂ ਮੰਗਾਂ ਨੂੰ ਦੁਹਰਾਇਆ। ਸਿਆਮ ਦੇ ਜਨਰਲ ਡਾਇਰੈਕਟਰ ਵਿਸ਼ਨੂੰ ਮਾਥੁਰ ਨੇ ਕਿਹਾ ਵਿਕਰੀ ਦੇ ਤਾਜ਼ਾ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਉਦਯੋਗ ਨੂੰ ਰਾਹਤ ਪੈਕੇਜ ਦੀ ਕਿੰਨੀ ਜ਼ਰੂਰਤ ਹੈ।

ਸਿਆਮ ਦੇ ਅੰਕੜਿਆਂ ਮੁਤਾਬਕ ਆਟੋ ਸੈਕਟਰ ਵਿਚ ਹਰੇਕ ਵਰਗ ਦੀ ਵਿਕਰੀ ਵਿਚ ਗਿਰਾਵਟ ਆਈ ਹੈ। ਪੈਸੰਜਰ ਵਾਹਨਾਂ ਅਤੇ ਦੁਪਹੀਆ ਵਾਹਨਾਂ ਦੀ ਕੁਲ ਵਿਕਰੀ 1825148 ਰਹੀ। ਜਦਕਿ ਜੁਲਾਈ 2018 ਵਿਚ ਇਸ ਵਰਗ ਵਿਚ 2245223 ਵਾਹਨਾਂ ਦੀ ਵਿਕਰੀ ਹੋਈ ਸੀ। ਇਸ ਤੋਂ ਪਹਿਲਾਂ ਦਸੰਬਰ 2000 ਵਿਚ ਆਟੋਮੋਬਾਈਲ ਉਦਯੋਗ ਵਿਚ 21.81 ਫ਼ੀਸਦੀ ਦੀ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਸੀ। ਵਿਕਰੀ ਵਿਚ ਗਿਰਾਵਟ ਇੰਨੀ ਤੇਜ਼ ਹੈ ਕਿ ਅਪ੍ਰਰੈਲ ਤੋਂ ਜੁਲਾਈ 2019 ਦੀ ਮਿਆਦ ਵਿਚ ਕੰਪਨੀਆਂ ਦੇ ਉਤਪਾਦਨ ਵਿਚ 11 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਹਾਲ ਹੀ ਵਿਚ ਟਾਟਾ ਮੋਟਰਸ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਕੁਝ ਦਿਨਾਂ ਲਈ ਉਤਪਾਦਨ ਰੋਕਣ ਦਾ ਫ਼ੈਸਲਾ ਕੀਤਾ ਹੈ।

ਸਿਰਫ਼ ਕਾਰਾਂ ਅਤੇ ਐੱਸਯੂਵੀ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ ਦੇ ਮਾਮਲੇ ਵਿਚ ਵੀ ਗਿਰਾਵਟ ਦਾ ਪੱਧਰ ਬੀਤੇ 19 ਸਾਲ ਵਿਚ ਸਭ ਤੋਂ ਤੇਜ਼ ਰਿਹਾ ਹੈ। ਜੁਲਾਈ 2019 ਵਿਚ ਇਸ ਸ਼੍ਰੇਣੀ ਵਿਚ 2000790 ਵਾਹਨਾਂ ਦੀ ਵਿਕਰੀ ਦਰਜ ਕੀਤੀ ਗਈ ਹੈ। ਇਹ ਜੁਲਾਈ 2018 ਵਿਚ ਵੇਚੇ ਗਏ 290931 ਵਾਹਨਾਂ ਤੋਂ ਕਰੀਬ 31 ਫ਼ੀਸਦੀ ਘੱਟ ਹੈ। ਪਿਛਲੀ ਵਾਰ ਇੰਨੀ ਤੇਜ਼ ਗਿਰਾਵਟ ਦਸੰਬਰ 2000 ਵਿਚ ਦੇਖੀ ਗਈ ਸੀ, ਜਦ ਇਸ ਸ਼੍ਰੇਣੀ ਵਿਚ ਵਾਹਨਾਂ ਦੀ ਵਿਕਰੀ 35.22 ਫ਼ੀਸਦੀ ਡਿੱਗੀ ਸੀ। ਜਿਥੇ ਤਕ ਦੁਪਹੀਆ ਵਾਹਨਾਂ ਦਾ ਪ੍ਰਸ਼ਨ ਹੈ, ਜੁਲਾਈ 2019 ਵਿਚ ਵਿਕਰੀ ਵਿਚ 16.82 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਮਹੀਨੇ ਦੁਪਹੀਆ ਕੰਪਨੀਆਂ ਨੇ 1511692 ਵਾਹਨ ਵੇਚੇ। ਇਸ ਦੇ ਮੁਕਾਬਲੇ ਜੁਲਾਈ 2018 ਵਿਚ 1817406 ਦੁਪਹੀਆ ਵਾਹਨ ਵਿਕੇ ਸਨ। ਵਿਕਰੀ ਵਿਚ ਗਿਰਾਵਟ ਦਾ ਸਿਲਸਿਲਾ ਵਪਾਰਕ ਵਾਹਨਾਂ ਵਿਚ ਵੀ ਬਣਿਆ ਹੋਇਆ ਹੈ। ਇਨ੍ਹਾਂ ਵਾਹਨਾਂ ਦੀ ਵਿਕਰੀ ਵਿਚ ਜੁਲਾਈ 2019 ਵਿਚ 25.71 ਫ਼ੀਸਦੀ ਦੀ ਕਮੀ ਆਈ ਹੈ।

ਮਾਥੁਰ ਦਾ ਕਹਿਣਾ ਹੈ ਕਿ ਉਦਯੋਗ ਵਿਕਰੀ ਨੂੰ ਪ੍ਰਰੋਤਸਾਹਨ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਸਮਾਂ ਆ ਗਿਆ ਹੈ, ਜਦ ਉਦਯੋਗ ਨੂੰ ਅਸਲੀਅਤ ਵਿਚ ਸਰਕਾਰ ਦੀ ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਅਤੇ ਵਿਕਰੀ ਵਿਚ ਗਿਰਾਵਟ ਨੂੰ ਰੋਕਣ ਲਈ ਰਾਹਤ ਪੈਕੇਜ ਦੇਣ ਦੀ ਲੋੜ ਹੈ।

ਮਥੁਰ ਨੇ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਆਟੋਮੋਬਾਈਲ ਮੈਨੂੰਫੈਕਚਰਿੰਗ ਕੰਪਨੀਆਂ ਵਿਚ ਕਰੀਬ 15000 ਨੌਕਰੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਨੌਕਰੀਆਂ ਅਸਥਾਈ ਅਤੇ ਕੈਜੂਅਲ ਪੱਧਰ ਦੀਆਂ ਹਨ। ਇਸ ਕਾਰਨ ਵਾਧੂ ਕੰਪੋਨੈਂਟ ਉਦਯੋਗ ਵਿਚ ਵੀ ਲੱਖਾਂ ਨੌਕਰੀਆਂ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇੰਨਾ ਹੀ ਨਹੀਂ ਮਥੁਰ ਦੇ ਮੁਤਾਬਕ ਵਿਕਰੀ ਵਿਚ ਗਿਰਾਵਟ ਕਾਰਨ ਕਰੀਬ 300 ਡੀਲਰਾਂ ਨੂੰ ਆਪਣਾ ਧੰਦਾ ਸਮੇਟਣ 'ਤੇ ਮਜਬੂਰ ਹੋਣਾ ਪਿਆ ਹੈ। ਇਸ ਨਾਲ ਵੀ ਦੋ ਲੱਖ ਲੋਕਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ।

ਮਥੁਰ ਨੇ ਕਿਹਾ ਕਿ ਇਸ ਵਾਰ ਦੀ ਮੰਦੀ ਪਿਛਲੀ ਮੰਦੀ ਨਾਲੋਂ ਕਾਫੀ ਅਲੱਗ ਹੈ। ਸਾਲ 2008-09 ਅਤੇ 2013-14 ਵਿਚ ਆਟੋਮੋਬਾਈਲ ਸੈਕਟਰ ਦਾ ਕੁਝ ਹਿੱਸਾ ਅਜਿਹਾ ਸੀ, ਜਿਸ ਦੀ ਵਿਕਰੀ ਵਿਚ ਵਾਧੇ ਦਾ ਸਿਲਸਿਲਾ ਬਣਿਆ ਰਿਹਾ ਸੀ। ਪਰ ਇਸ ਵਾਰ ਸਮੁੱਚਾ ਸੈਕਟਰ ਮੰਦੀ ਦੀ ਲਪੇਟ ਵਿਚ ਹੈ ਅਤੇ ਵਿਕਰੀ ਘੱਟ ਹੋ ਰਹੀ ਹੈ। ਸਿਆਮ ਦਾ ਕਹਿਣਾ ਹੈ ਕਿ ਜੇ ਉਦਯੋਗ ਵਿਚ ਗਿਰਾਵਟ ਦਾ ਸਿਲਸਿਲਾ ਬਣਿਆ ਰਿਹਾ ਤਾਂ ਇਸ ਦਾ ਅਸਰ ਦੇਸ਼ ਦੇ ਡੀਜੀਪੀ 'ਤੇ ਵੀ ਦਿਖੇਗਾ ਕਿਉਂਕਿ ਮੈਨੂੰਫੈਕਚਰਿੰਗ ਸੈਕਟਰ ਦੀ ਜੀਡੀਪੀ ਵਿਚ ਅੱਧੀ ਹਿੱਸੇਦਾਰੀ ਆਟੋਮੋਬਾਈਲ ਸੈਕਟਰ ਦੀ ਹੈ।