ਬੈਂਗਲੁਰੂ : ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਭਾਰਤ ਦੇ ਅਲੱਗ-ਅਲੱਗ ਹਿੱਸਿਆਂ 'ਚ ਫਿਰ ਤੋਂ ਲਾਕਡਾਊਨ ਹੋਣ ਕਾਰਨ ਜੁਲਾਈ 'ਚ ਦੇਸ਼ ਦੀਆਂ ਨਿਰਮਾਣ ਗਤੀਵਿਧੀਆਂ 'ਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ। ਇਹ ਇਕ ਨਿੱਜੀ ਸਰਵੇ 'ਚ ਕਿਹਾ ਗਿਆ ਹੈ। ਆਈਐੱਚਐੱਸ ਮਾਰਕੀਟ ਵੱਲੋਂ ਸੰਕਲਿਤ ਨਿੱਕੀ ਮੈਨੂਫੈਕਚਰਿੰਗ ਮੈਨੇਜਰਸ ਇਡੈਕਸ (Manufacturing PMI) ਜੁਲਾਈ 'ਚ 46 'ਤੇ ਰਿਹਾ, ਜੋ ਜੂਨ 'ਚ 47.2 'ਤੇ ਸੀ। ਪੀਐੱਮਆਈ 'ਤੇ 50 ਤੋਂ ਜ਼ਿਆਦਾ ਦਾ ਅੰਕੜਾ ਵਾਧਾ, ਜਦੋਂਕਿ ਉਸ ਤੋਂ ਹੇਠਲਾ ਅੰਕੜਾ ਘਟਿਆ ਦਰਸਾਉਂਦਾ ਹੈ। ਮੈਨੂਫੈਕਚਰਿੰਗ ਪੀਐੱਮਆਈ ਲਗਾਤਾਰ ਚੌਥੇ ਮਹੀਨੇ 50 ਤੋਂ ਹੇਠਾਂ ਰਿਹਾ ਹੈ। ਇਸ ਤਰ੍ਹਾਂ ਭਾਰਤ 'ਚ ਮਾਰਚ, 2009 ਤੋਂ ਬਾਅਦ ਨਿਰਮਾਣ ਗਤੀਵਿਧੀਆਂ 'ਚ ਗਿਰਾਵਟ ਦਾ ਇਹ ਸਭ ਤੋਂ ਲੰਬਾ ਦੌਰ ਹੈ।

IHS Markit ਦੇ ਇਕ ਅਰਥ ਸ਼ਾਸਤਰੀ ਇਲੀਅਟ ਕੇਰਰ ਨੇ ਕਿਹਾ ਕਿ ਸਰਵੇ ਦੇ ਨਤੀਜੇ ਉਤਪਾਦਨ ਤੇ ਨਵੇਂ ਆਰਡਰਜ਼ ਨਾਲ ਜੁੜੇ ਪ੍ਰਮੁੱਖ ਸੂਚਕ ਅੰਕਾਂ 'ਚ ਗਿਰਾਵਟ 'ਚ ਤੇਜ਼ੀ ਨੂੰ ਦਿਖਾਉਂਦੇ ਹਨ। ਇਸ ਨਾਲ ਪਿਛਲੇ ਦੋ ਮਹੀਨਿਆਂ 'ਚ ਪੈਦਾ ਹੋਈ ਸਥਿਰਤਾ ਦੇ ਟਰੈਂਡ ਨੂੰ ਝਟਕਾ ਲੱਗਿਆ ਹੈ।

ਉਨ੍ਹਾਂ ਕਿਹਾ ਕਿ ਕੁਝ ਸਬੂਤ ਇਸ ਪਾਸੇ ਇਸ਼ਾਰਾ ਕਰ ਰਹੇ ਹਨ ਕਿ ਕੰਪਨੀਆਂ ਨੂੰ ਕੰਮ ਪ੍ਰਾਪਤ ਕਰਨ 'ਚ ਮੁਸ਼ੱਕਤ ਕਰਨੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੇ ਗਾਹਕ ਅਜੇ ਵੀ ਲਾਕਡਾਊਨ 'ਚ ਹਨ। ਇਸ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਨਫੈਕਸ਼ਨ ਦੀ ਦਰ 'ਚ ਕਮੀ ਤੇ ਪਾਬੰਦੀਆਂ ਨੂੰ ਹਟਾਏ ਬਿਨਾਂ ਗਤੀਵਿਧੀਆਂ 'ਚ ਤੇਜ਼ੀ ਨਹੀਂ ਆਵੇਗੀ। ਕਾਰਖ਼ਾਨਿਆਂ ਵੱਲੋਂ ਇਕ ਵਾਰ ਕੀਮਤ ਘਟਾਏ ਜਾਣ ਦੇ ਬਾਵਜੂਦ ਨਵੇਂ ਆਰਡਰਜ਼ ਤੇ ਪ੍ਰੋਡਕਸ਼ਨ 'ਚ ਕਮੀ ਕੁੱਲ ਮੰਗ 'ਚ ਗਿਰਾਵਟ ਦਾ ਸੰਕੇਤ ਦੇ ਰਹੀ ਹੈ।

ਇਨਪੁੱਟ ਤੇ ਆਊਟਪੁੱਟ ਨਾਲ ਜੁੜੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਨਾਲ ਮੁਦਰਾ ਸਫੀਤੀ 'ਚ ਕਮੀ ਦੀ ਗੁੰਜਾਇਸ਼ ਵੱਧ ਗਈ ਹੈ। ਜੂਨ 'ਚ ਖੁਦਰਾ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ ਟੀਚੇ ਤੋਂ ਜ਼ਿਆਦਾ ਰਹੀ ਸੀ। ਕੇਂਦਰੀ ਬੈਂਕ ਨੇ ਦੇਸ਼ ਦੀ ਖੁਦਰਾ ਮਹਿੰਗਾਈ ਦਰ ਨੂੰ 2-6 ਫ਼ੀਸਦੀ ਦਰਮਿਆਨ ਰੱਖਣ ਦਾ ਮਾਧਿਅਮ ਮਿਆਦ ਦਾ ਟੀਚਾ ਤੈਅ ਕਰ ਲਿਆ ਹੈ।

Posted By: Harjinder Sodhi